in

ਅਸਲੀ ਔਰਤ ਦੀ ਕਹਾਣੀ ਹੈ ‘ਗੇਲੋ’

ਮਰਹੂਮ ਲੇਖਕ ਰਾਮ ਸਰੂਪ ਅਣਖੀ ਦਾ ਨਾਵਲ ‘ਗੇਲੋ’ ਕਈ ਸਾਲ ਪਹਿਲਾਂ ਪੜਿਆ ਸੀ। ਇਸ ਨਾਵਲ ਨੇ ਮੈਨੂੰ ਕਈ ਦਿਨ ਬੇਚੈਨ ਕਰੀ ਰੱਖਿਆ ਸੀ। ਨਾਵਲ ਦੀ ਮੁੱਖ ਪਾਤਰ ‘ਗੇਲੋ’ ਬਾਰੇ ਕਈ ਖਿਆਲ ਆਉਂਦੇ ਸਨ ਕਿ  ਜ਼ਿੰਦਗੀ, ਸਮਾਜ ਅਤੇ ਆਪਣੇ ਆਪ ਨਾਲ ਲੜਾਈ ਲੜਨ ਵਾਲੀ ਇਹ ਗੇਲੋ ਕਿਹੋ ਜਿਹੀ ਹੋਵੇਗੀ? ਲੰਘੇ ਸ਼ੁੱਕਰਵਾਰ ਇਸੇ ਨਾਵਲ ‘ਤੇ ਅਸਲ ਨਾਂ ਹੇਠ ਬਣੀ ‘ਗੇਲੋ’ ਫ਼ਿਲਮ ਪਰਦਾਪੇਸ਼ ਹੋਈ। ਫਿਲਮ ਦੇਖ ਕੇ ਪਤਾ ਲੱਗੈ ਕਿ ਕਿਹੋ ਜਿਹੀ ਸੀ ਜਾਂ ਹੈ ਉਹ ਗੇਲੋ’।  ਬੇਸ਼ੱਕ ਹੁਣ ਹਲਾਤ ਹੋਰ ਹਨ, ਪਰ ਅੱਜ ਵੀ ਬਹੁਤ ਸਾਰੀਆਂ ਕੁੜੀਆਂ ‘ਗੇਲੋ’ ਦੀ ਜ਼ਿੰਦਗੀ ਹੰਢਾ ਰਹੀਆਂ ਹਨ। ਨਿਰਦੇਸ਼ਕ ਮਨਭਾਵਨ ਸਿੰਘ ਨੇ ਇਸ ਫ਼ਿਲਮ ਜ਼ਰੀਏ ਪੰਜਾਬੀ ਸਿਨਮਾ ‘ਚ ਆਪਣੀ ਨਿੱਗਰ ਹਾਜ਼ਰੀ ਲਗਵਾਈ ਹੈ। ਪੰਜਾਬੀ ਸਿਨਮੇ ‘ਚ ਸਾਹਿਤਕ ਕਲਾਵਾਂ ‘ਤੇ ਬਣਨ ਵਾਲੀਆਂ ਫ਼ਿਲਮਾਂ ਲਈ ਤਿਆਰ ਹੋ ਰਹੀ ਜ਼ਮੀਨ ‘ਚ ਇਸ ਫ਼ਿਲਮ ਨੇ ਆਪਣਾ ਬਣਦਾ ਯੋਗਦਾਨ ਪਾ ਦਿੱਤਾ ਹੈ। ਅਫ਼ਸੋਸ ਇਸ ਗੱਲ ਦਾ ਇਹ ਹੈ ਕਿ ਇਹ ਫ਼ਿਲਮ ਆਮ ਦਰਸ਼ਕਾਂ ਤੱਕ ਪਹੁੰਚ ਨਹੀਂ ਸਕੀ, ਪਰ ਬੌਧਿਕ ਹਲਕਿਆਂ ‘ਚ ਇਸ ਦੀ ਖੂਬ ਚਰਚਾ ਹੈ। ਕਿਸੇ ਸਾਹਿਤਕ ਕਿਰਤ ‘ਤੇ ਫ਼ਿਲਮ ਬਣਾਉਣਾ ਕੋਈ ਸੌਖਾ ਕੰਮ ਨਹੀਂ, ਪਰ ਨਿਰਦੇਸ਼ਕ ਨੇ ‘ਗੇਲੋ’ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਸ ਦੀ ਇਸ ਫ਼ਿਲਮ ਦੀ ਸਿਨਮਈ ਵਿਆਕਰਣ ਕਮਾਲ ਦੀ ਹੈ। ਨਿਰਦੇਸ਼ਕ ਨੇ ਗੇਲੋ ਦੇ ਕਿਰਦਾਰ ਨੂੰ ਬਜ਼ਾਰੀਕਰਨ ਦੀ ਪੁੱਠ ਚੜਾਉਣ ਦੀ ਥਾਂ ਫ਼ਿਲਮ ਦੀ ਸ਼ੈਲੀ ਨੂੰ ਨਾਵਲ ਮੁਤਾਬਕ ਹੀ ਰੱਖਿਆ ਹੈ।  ਜਿਨ•ਾਂ ਦਰਸ਼ਕਾਂ ਨੂੰ ਇਸ ਨਾਵਲ ਦਾ ਗਿਆਨ ਨਹੀਂ, ਉਹਨਾਂ ਲਈ ਵੀ ਇਹ ਇਕ ਖੂਬਸੂਰਤ ਫ਼ਿਲਮ ਹੈ, ਜੋ ਪਰਦੇ ‘ਤੇ ਆਪਣੇ ਮੁਤਾਬਕ ਜ਼ਿੰਦਗੀ ਜਿਉਣ ਦੀ ਇੱਛਾ ਰੱਖਣ ਵਾਲੀ ਔਰਤ ਦੀ ਵਿੱਥਿਆ ਬਿਆਨ ਕਰਦੀ ਹੈ। ਫ਼ਿਲਮ ਦੀ ਸ਼ੁਰੂਆਤ ‘ਚ ਲੱਗਦੈ ਕਿ ਨਿਰਦੇਸ਼ਕ ਨੇ ਗੇਲੋ ਨਾਲ ਵਿੱਤੀ ਮਜਬੂਰੀਆਂ ਕਾਰਨ ਸਮਝੌਤੇ ਕਰ ਲਏ ਹਨ। ਪਰ ਥੋੜੀ ਦੇਰ ਬਾਅਦ ਮਹਿਸੂਸ ਹੁੰਦੈ ਕਿ ਨਿਰਦੇਸ਼ਕ ਨੇ ਸਿਆਣਪ ਵਰਤਦਿਆਂ  ਦੋ ਗੀਤਾਂ ਜ਼ਰੀਏ  ਦਰਸ਼ਕਾਂ ‘ਚ ਇਕ ਮਾਹੌਲ ਸਿਰਜਿਆ ਹੈ। ਉਸ ਨੇ ਕਿਸੇ ਵੀ ਪਾਤਰ ਨੂੰ ਬੰਨਿਆ ਨਹੀਂ,  ਹਰ ਪਾਤਰ ਸੁੰਤਤਰ ਹੈ, ਜੋ ਆਪਣੇ ਵਾਜੂਦ ਦਾ ਅਹਿਸਾਸ ਕਰਵਾਉਦਾ ਹੋਇਆ, ਗੋਲੋ ਦੀ ਗਾਥਾ ਨੂੰ ਅੱਗੇ ਤੋਰਦਾ ਹੈ। ਫ਼ਿਲਮ ‘ਚ ਪਿੰਡਾਂ ਦਾ ਸੱਭਿਆਚਾਰ ਅਤੇ ਇਸ ‘ਚ ਪੈਦਾ ਹੋਏ ਜਾਤੀਵਾਦ ਦੇ ਵਿਤਕਰੇ ਦੀਆਂ ਕਈ ਗੰਢਾਂ ਖੁੱਲਦੀਆਂ ਹਨ। ਗੇਲੋ ਇਸੇ ਜਾਤੀਵਾਦ ਅਤੇ ਅਣਖ ਦੀ ਭੇਂਟ ਚੜ•ਦੀ ਹੈ। ਇਹ ਫ਼ਿਲਮ ਉਸ ਹਰ ਸਧਾਰਨ ਔਰਤ ਦੇ ਹੱਕ ‘ਚ ਭੁਗਤਦੀ ਹੈ, ਜਿਹੜੀ ਜ਼ਿੰਦਗੀ ਆਪਣੇ ਢੰਗ ਨਾਲ ਜਿਓਣਾ ਚਾਹੁੰਦੀ ਹੈ। ਗੇਲੋ ਜ਼ਿੰਦਗੀ ਨਾਲ ਸਮਝੌਤੇ ਤਾਂ ਕਰਦੀ ਹੈ, ਪਰ ਕਿਸੇ ਦੀ ਅਧੀਨਗੀ ਹੇਠ ਨਹੀਂ ਹੈ। ਉਹ ਆਪਣਾ ਸਰੀਰ ਤਾਂ ਵੇਚਦੀ ਹੈ, ਪਰ ਪਿੰਡਾਂ ਦੇ ਸ਼ਾਹੂਕਾਰਾਂ ਦੀ ‘ਹਵਸ’ ਦੀ ਭੇਟ ਨਹੀਂ ਚੜ•ਦੀ।

13708161_1767014016891640_8396258297952740602_o
ਫ਼ਿਲਮ ਦੀ ਕਹਾਣੀ ਜਿੰਨੀ ਕਮਾਲ ਦੀ ਹੈ, ਸੰਗੀਤ ਉਸ ਪੱਧਰ ਦਾ ਨਹੀਂ ਹੈ। ਕਲਾ ਅਤੇ ਨਿਰਦੇਸ਼ਕ ਪੱਖ ਤੋਂ ਇਹ ਇਕ ਕਮਾਲ ਦੀ ਫ਼ਿਲਮ ਕਹੀ ਜਾ ਸਕਦੀ ਹੈ। ਅਦਾਕਾਰੀ ਪੱਖੋਂ ਜਸਪਿੰਦਰ ਚੀਮਾ ਨੇ ਦਿਲ ਜਿੱਤਿਆ ਹੈ। ਸ਼ਾਇਦ ਗੇਲੋ ਦਾ ਇਹ ਕਿਰਦਾਰ ਜਸਪਿੰਦਰ ਚੀਮਾ ਹੀ ਕਰ ਸਕਦੀ ਸੀ। ਉਸ ਨੇ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਬੇਸ਼ੱਕ ਗਲੈਮਰ ਦਾ ਹਿੱਸਾ ਹੈ, ਪਰ ਉਸ ਅੰਦਰ ਅਜੇ ਵੀ ਥੀਏਟਰ ਜਿਓਂਦਾ ਹੈ। ਪਵਨ ਰਾਜ ਮਲਹੋਤਰਾ ਦੇ ਨਾਲ ਨਾਲ ਗੁਰਜੀਤ ਦੇ ਕੰਮ ਦੀ ਵੀ ਸ਼ਲਾਘਾ ਬਣਦੀ ਹੈ। ਗੁਰਜੀਤ ਸਿੰਘ ਨੇ ਰਾਮੇ ਦਾ ਕਿਰਦਾਰ ਪਰਦੇ ‘ਤੇ ਖੂਬ ਪੇਸ਼ ਕੀਤਾ। ਭਾਵੇਂ ਇਹ ਉਸ ਦੀ ਦੂਜੀ ਫ਼ਿਲਮ ਹੈ, ਪਰ ਉਹ ‘ਨਵਾ’ ਹੋਣ ਵਾਲਾ ਅਹਿਸਾਸ ਨਹੀਂ ਕਰਵਾਉਂਦਾ। ਦਿਲਵਾਰ ਸਿੱਧੂ ਤੇ ਰਾਜ ਧਾਲੀਵਾਲ ਸਮੇਤ ਹਰ ਪਾਤਰ ਦਾ ਕੰਮ ਤਸੱਲੀ ਵਾਲਾ ਹੈ। ਸ਼ਾਇਦ ਅਜਿਹੀਆਂ ਫ਼ਿਲਮਾਂ ਨੂੰ ਜਨ ਸਮੂਹ ਦੀ ਪਸੰਦ ਬਣਦਿਆਂ ਅਜੇ ਵਕਤ ਲੱਗੇਗਾ, ਪਰ ਇਸ ਦੀ ਸ਼ੁਰੂਆਤ ਚੰਗੀ ਹੈ। ਫ਼ਿਲਮ ਦਾ ਅੰਤ ਵੀ ਇਹੋ ਇਸ਼ਾਰਾ ਕਰਦੈ ਕਿ ਹਲਾਤ ਕਿਹੋ ਜਿਹੇ ਵੀ ਹੋਣ ਪਰ ਕਲਾ ਨੂੰ ਹਮੇਸ਼ਾ ਇਨਸਾਨ ਦੇ ਹੱਕ ‘ਚ ਹੀ ਭੁਗਤਣਾ ਪੈਂਣਾ ਹੈ

Leave a Reply

Your email address will not be published. Required fields are marked *

Chauthi Koot review: A well-crafted film with lasting impression

ਇਹ ਹੈ ਹੈਪੀ ਰਾਏਕੋਟੀ ਦੀ ਕਰਮ ਕਹਾਣੀ