ਜਗਰਾਓ ਦੇ ਰਾਏਕੋਟ ਦਾ ਮਾੜਚੂ ਜਿਹਾ ਮੁੰਡਾ ਹੈਪੀ ਵਧੀਆ ਗੀਤ ਲਿਖਦਾ ਸੀ,ਪਰ ਬਣਨਾ ਗਾਇਕ ਚਾਹੁੰਦਾ ਸੀ। ਗਾਇਕ ਬਣਨ ਲਈ ਪੈਸਿਆਂ ਦੀ ਲੋੜ ਸੀ, ਜੋ ਨਹੀਂ ਸਨ। ਸੋ ਗੀਤਕਾਰ ਬਣਨ ਦਾ ਫ਼ੈਸਲਾ ਲਿਆ। ਦਰਜਨਾਂ ਗੀਤ ਲਿਖੇ, ਪਰ ਗਾਉਣ ਵਾਲਾ ਕੋਈ ਨਹੀਂ ਸੀ। ਗੀਤ ਚੁੱਕੇ ਗਾਇਕਾਂ ਦੇ ਦਫ਼ਤਰਾਂ ਵੱਲ ਨੂੰ ਹੋ ਤੁਰਿਆ। ਕਿਸੇ ਨੇ ਥੜੇ ਨਾ ਚੜ•ਨ ਦਿੱਤਾ ਤੇ ਕਿਸੇ ਤੇ ਗੋਲੀ ਦੇ ਕੇ ਤੋਰ ਦਿੱਤਾ। ਕਿਸੇ ਨੇ ਛੇਤੀ ਗੀਤ ਰਿਕਾਰਡ ਕਰਵਾਉਣ ਦਾ ਭਰੋਸਾ ਦੇ ਕੇ ਗੀਤ ਫੜ• ਕੇ ਰੱਖ ਲਏ, ਪਰ ਰਿਕਾਰਡ ਕਦੇ ਨਹੀਂ ਕਰਵਾਏ। ਮੁਕਦੀ ਗੱਲ ਨਵਾਂ ਹੋਣ ਕਾਰਨ ਕਿਸੇ ਨੇ ਬਾਂਹ ਨਹੀਂ ਫੜੀ। ਹੈਪੀ ਨੇ ਹੌਂਸਲਾ ਨਹੀਂ ਹਾਰਿਆ, ਡਿੱਗਦੇ ਢਹਿੰਦੇ ਨੇ ਆਖਰ ਰੌਸ਼ਨ ਪ੍ਰਿੰਸ ਤੇ ਦਿਲਜੀਤ ਦੁਸਾਂਝ ਤੱਕ ਪਹੁੰਚ ਬਣਾ ਲਈ। ਰੌਸ਼ਨ ਨੇ ਹੈਪੀ ਦਾ ਗੀਤ ਗਾਇਆ ‘ਤੇਰਾ ਠੁਮਕੇ’ ਪਰ ਚੱਲਿਆ ਨਹੀਂ। ਦਿਲਜੀਤ ਨੇ ਵੀ ਹੈਪੀ ਦਾ ਗੀਤ ‘ਗੁਰੂ ਗੋਬਿੰਦ ਜੀ ਪਿਆਰੇ’ ਗਾਇਆ, ਪਰ ਗੱਲ ਨਹੀਂ ਬਣੀ। ਪਰ ਉਸ ਮੁੰਡੇ ਨੇ ਹੌਂਸਲਾ ਨਹੀਂ ਹਾਰਿਆ। ਸਿਮਰਜੀਤ ਹੁੰਦਲ ਦੀ ਫ਼ਿਲਮ ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’ ਵਿੱਚ ਹੈਪੀ ਦੇ ਗੀਤ ਰਿਕਾਰਡ ਹੋਏ। ਬੜਾ ਚਾਅ ਸੀ ਹੈਪੀ ਨੂੰ ਕੀ ਹੁਣ ਵੱਡੀ ਸਕਰੀਨ ‘ਤੇ ਗੀਤਕਾਰ ਵਜੋਂ ਨਾਂ ਆਏਗਾ, ਗੱਲ ਬਣਜੇਗੀ। ਪਰ ਫ਼ਿਲਮ ਦੇ ਪੋਸਟਰ ‘ਤੇ ਤਾਂ ਛੱਡੋਂ ਫ਼ਿਲਮ ਦੀ ਨਬਰਿੰਗ ‘ਚ ਵੀ ਹੈਪੀ ਦਾ ਕੋਈ ਨਾਂ ਨਿਸ਼ਾਨ ਨਹੀਂ ਲੱਭਿਆ। ਭਾਵੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਫ਼ਿਲਮ ਦੇ ਖੂਬਸੂਰਤ ਗੀਤਾਂ ਦਾ ਰਚੇਤਾ ਕੋਈ ਹੈਪੀ ਨਾਂ ਦਾ ਮੁੰਡਾ ਹੈ, ਪਰ ਇੰਡਸਟਰੀ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਨਵਾਂ ਮੁੰਡਾ ਗੀਤਾਂ ਦੀ ਖਾਨ ਚੁੱਕੀ ਮਾਰਕੀਟ ‘ਚ ਆਇਆ ਹੈ। ਫ਼ਿਲਮ ਦੇ ਗੀਤ ਹਿੱਟ ਹੋਏ, ਹੈਪੀ ਦਾ ਟਾਵਾਂ ਟਾਵਾਂ ਜ਼ਿਕਰ ਹੋਣ ਲੱਗਾ। ਕੁਝ ਗਾਇਕਾਂ ਨੇ ਹੈਪੀ ਤੋਂ ਗੀਤ ਮੰਗਵਾਉਣੇ ਸ਼ੁਰੂ ਕਰ ਦਿੱਤੇ। ਰੌਸ਼ਨ ਪ੍ਰਿੰਸ ਨੇ ਮੁੜ ਹੈਪੀ ਦਾ ਇਕ ਗੀਤ ‘ਵਹਿਮ’ ਰਿਕਾਰਡ ਕਰਵਾਇਆ। ਇਹ ਗੀਤ ਬੇਹੱਦ ਹਿੱਟ ਹੋਇਆ। ”ਮੁਖੜਾ ਘੁਮਾ ਕੇ ਵਹਿਮ ਦੂਰ ਕਰ ਗਈ ਕਿ ਘੱਟੋ ਘੱਟ ਦਿਲਾ ਤੈਨੂੰ ਜਾਣਦੀ ਤਾਂ ਹੈ” ਗੀਤ ਦੀ ਇਹ ਲਾਈਨ ਫ਼ੇਸਬੁੱਕ ਤੇ ਵਟਸਐਪ ਸਟੇਟਸ ਬਣ ਗਈ। ਗੀਤ ਹਿੱਟ ਹੋਇਆ ਤਾਂ ਹੈਪੀ, ਹੈਪੀ ਰਾਏਕੋਟੀ ਬਣ ਗਿਆ। ਫਿਰ ਚੱਲ ਸੋ ਚੱਲ, ਇਕ ਗੀਤ ਹਿੱਟ, ਦੋ ਹਿੱਟ, ਤਿੰਨ ਹਿੱਟ, ਲਾਈਨ ਲਾ ਦਿੱਤੀ ਹਿੱਟ ਗੀਤਾਂ ਦੀ। ਜਿਹੜੇ ਗਾਇਕਾਂ ਨੇ ਉਸ ਨੂੰ ਪਹਿਲਾਂ ਥੜੇ ਨਹੀਂ ਚੜ•ਨ ਨਹੀਂ ਦਿੱਤਾ ਸੀ, ਉਹ ਹੈਪੀ ਤੋਂ ਗੀਤ ਲੈਣ ਲਈ ਸਿਫਾਰਸ਼ਾਂ ਪਵਾਉਣ ਲੱਗੇ। ਪਰ ਹੈਪੀ ਨੂੰ ਆਪਣੇ ਸੰਘਰਸ਼ੀ ਦਿਨ ਯਾਦ ਸਨ, ਅੱਜ ਵੀ ਹੈਪੀ ਉਹਨਾਂ ਗਾਇਕਾਂ ਨੂੰ ਗੀਤ ਨਹੀਂ ਦਿੰਦਾ, ਜਿਨ•ਾਂ ਨੇ ਉਸ ਨੂੰ ਸਿੱਧਾ ਜਵਾਬ ਦੇਣ ਦੀ ਥਾਂ, ਉਸ ਨੂੰ ਗਧੀ ਗੇੜ ਪਾਈ ਰੱਖਿਆ। ਹੁਣ ਵਾਰੀ ਸੀ ਸਾਲਾਂ ਪੁਰਾਣੇ ਅਸਲ ਸੁਪਨੇ ਨੂੰ ਪੂਰਾ ਕਰਨ ਦੀ। ਹੈਪੀ ਨੇ ਪਹਿਲਾਂ ਸਿੰਗਲ ਟਰੈਕ ਕੱਢਿਆ ‘ਜਾਨ’। ਇਹ ਗੀਤ ਖਾਸ ਕਰਕੇ ਕੁੜੀਆਂ ‘ਚ ਏਨਾ ਮਕਬੂਲ ਹੋਇਆ ਕਿ ਸੋਸ਼ਲ ਮੀਡੀਆ ‘ਤੇ ਹੈਪੀ ਦੇ ਨਾਂ ਦੀ ਹਨੇ•ਰੀ ਝੁੱਲ ਗਈ। ਫਿਰ ਹੈਪੀ ਦੀ ਐਲਬਮ ਆਈ ‘7ਕਨਾਲਾਂ’ । ਇਸ ਐਲਬਮ ਨੇ ਹੈਪੀ ਦੀ ਤਪੱਸਿਆ ਦਾ ਮੁੱਲ ਪਾਇਆ। ਉਹ ਚਰਚਿਤ ਗੀਤਕਾਰ ਦੇ ਨਾਲ ਨਾਲ ਮਸ਼ਹੂਰ ਗਾਇਕ ਵੀ ਬਣ ਗਿਆ। ਹੁਣ ਉਹ ਅਦਾਕਾਰੀ ਵੱਲ ਬਹੁੜਿਆ ਹੈ। ‘ਦਾਰਾ ‘ ਵਿੱਚ ਲਿਹਾਜ ਨਿਭਾਈ। ਇਕ ਛੋਟਾ ਜਿਹਾ ਕਿਰਦਾਰ ਅਦਾ ਕੀਤਾ। ਹੈਪੀ ਫ਼ਿਲਮਾਂ ਵੀ ਕਰਨ ਲੱਗ ਪਿਆ??? ਇਹ ਗੱਲ ਮਾਰਕੀਟ ‘ਚ ਆਈ ਤਾਂ ‘ਟੇਸ਼ਨ’ ਫ਼ਿਲਮ ਲਈ ਉਸ ਨੂੰ ਬਤੌਰ ਹੀਰੋ ਸਾਈਨ ਕਰ ਲਿਆ ਗਿਆ। ਇਸ ਫ਼ਿਲਮ ਹੈਪੀ ਪੰਜਾਬ ਦੇ ਇਕ ਸਰਹੱਦੀ ਪਿੰਡ ਦੇ ਸਿੱਧੇ ਸਾਦੇ ਨੌਜਵਾਨ ਟੇਸ਼ਨ ਦੀ ਭੂਮਿਕਾ ਅਦਾ ਕਰ ਰਿਹਾ ਹੈ। ਹੈਪੀ ਦੱਸਦਾ ਹੈ ਕਿ ਉਸ ਨੂੰ ਅਦਾਕਾਰੀ ਨਹੀਂ ਆਉਂਦੀ, ਉਹ ਜਿਸ ਤਰ•ਾ ਦਾ ਸਧਾਰਨ ਜ਼ਿੰਦਗੀ ‘ਚ ਹੈ, ਉਸੇ ਤਰ•ਾਂ ਦਾ ਹੀ ਉਹ ਫ਼ਿਲਮ ‘ਚ ਕਿਰਦਾਰ ਅਦਾ ਕਰ ਰਿਹਾ ਹੈ। ਪ੍ਰਿੰਸ ਕੰਵਲਜੀਤ ਸਿੰਘ ਦੀ ਲਿਖੀ ਅਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਤ ਕੀਤੀ ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਉਸ ਨੇ ਇਕ ਹੋਰ ਫ਼ਿਲਮ ‘ਮੋਟਰ ਮਿੱਤਰਾਂ ਦੀ’ ਸਾਈਨ ਕੀਤੀ। ਨਿਰਦੇਸ਼ਕ ਅਮਿਤੋਜ ਮਾਨ ਦੀ ਇਸ ਫ਼ਿਲਮ ‘ਚ ਹੈਪੀ ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨਾਲ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਸ ਨੂੰ ਫ਼ਿਲਮਾਂ ਦੀ ਲਗਾਤਾਰ ਪੇਸ਼ਕਸ਼ ਆ ਰਹੀ ਹੈ। ਅੱਜ ਕੱਲ• ਉਸ ਦਾ ਨਵਾਂ ਗੀਤ ‘ਮੈਂ ਤਾਂ ਵੀ ਪਿਆਰ ਕਰਦਾ’ ਚੁਫੇਰੇ ਪਸੰਦ ਕੀਤਾ ਜਾ ਰਿਹਾ ਹੈ। ਹੈਪੀ ਨੇ ਆਪਣੇ ਇਸ ਗੀਤ ‘ਚ ਵੀ ਆਪਣੇ ਪਹਿਲੇ ਗੀਤਾਂ ਵਰਗੀ ਮਿਠਾਸ ਕਾਇਮ ਰੱਖੀ ਹੈ। ਮਿੱਠ ਬੋਲੜੇ ਸੁਭਾਅ ਦਾ ਮਾਲਕ ਹੈਪੀ ਬੇਸ਼ੱਕ ਅੱਜ ਮਕਬੂਲ ਗਾਇਕ ਬਣ ਗਿਆ ਹੈ, ਪਰ ਉਸ ਦੇ ਸੁਭਾਅ ‘ਚ ਹੋਈ ਨਰਮੀ ਅਤੇ ਹਲੀਮੀ ਹੈ, ਜੋ ਉਸ ਦੇ ਸੰਘਰਸ਼ ਦੇ ਦਿਨਾਂ ‘ਚ ਸੀ। ਜਿਹੜੇ ਦੋਸਤ ਸੋਚਦੇ ਹਨ ਕਿ ਸਫ਼ਲਤਾ ਬੈਠਿਆਂ ਬਿਠਾਇਆ ਮਿਲ ਜਾਂਦੀ ਹੈ ਜਾਂ ਜਿਹੜੇ ਛੇਤੀ ਹਿੰਮਤ ਹਾਰ ਜਾਂਦੇ ਹਨ, ਉਨ•ਾਂ ਨੂੰ ਹੈਪੀ ਰਾਏਕੋਟੀ ਦੇ ਸੰਘਰਸ਼ ਤੋਂ ਸਬਕ ਲੈਣਾ ਚਾਹੀਦਾ ਹੈ। ਦੇਬੀ ਦੇ ਕਹਿਣ ਵਾਂਗ ‘ਸ਼ੌਹਰਤ ਦੇ ਦੀਵੇ ‘ਚ ਖੂਨ ਜਿਗਰ ਦਾ ਪੈਂਦਾ ਹੈ, ਦੁਨੀਆਂ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ. ਜ਼ਿੰਦਗੀ ਜ਼ਿੰਦਾਬਾਦ. ਸਪਨ ਮਨਚੰਦਾ


