ਗਿੱਪੀ ਗਰੇਵਾਲ ਸੰਗੀਤਕ ਸੂਝ-ਬੂਝ ਰੱਖਣ ਵਾਲਾ ਅਜਿਹਾ ਗਾਇਕ ਹੈ ਜਿਸ ‘ਤੇ ਕਿਸਮਤ ਪੂਰੀ ਤਰ•ਾਂ ਮਿਹਰਬਾਨ ਹੈ। ਅੱਜ ਤੋਂ ਕਰੀਬ ਇਕ ਦਹਾਕਾ ਪਹਿਲਾਂ ਸਭ ਹੱਟੀਆਂ-ਭੱਠੀਆਂ ‘ਤੇ ਵੱਜਿਆ ਉਸਦਾ ਗੀਤ ‘ਪਾਵੇਂ ਫ਼ੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ‘ਤੇ ਪਾ ਦੇ ਮੋਰਨੀ’ ਲਗਭਗ ਹਰ ਪੰਜਾਬੀ ਦੇ ਕੰਨਾਂ ਲਈ ਨਾ ਸਿਰਫ਼ ਜਾਣਿਆਂ ਪਹਿਚਾਣਿਆਂ ਗੀਤ ਹੈ ਬਲਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਵਾਰ ਸੁਣਿਆ/ਮਾਣਿਆ ਜਾਣ ਵਾਲਾ ਗੀਤ ਹੈ। ਇਹ ਉਹ ਗੀਤ ਸੀ ਜਿਸਨੇ ਲੁਧਿਆਣੇ ਜ਼ਿਲ•ੇ ਦੇ ਪਿੰਡ ਕੂੰਮ ਕਲਾਂ ਦੇ ਇਸ ਸੋਹਣੇ ਸਨੁੱਖੇ ਮੁੰਡੇ ਨੂੰ ਰਾਤੋ-ਰਾਤ ਪੂਰੀ ਦੁਨੀਆ ਵਿੱਚ ਇਕ ਗਾਇਕ ਵਜੋਂ ਮਕਬੂਲ ਕਰ ਦਿੱਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗਿੱਪੀ ਗਰੇਵਾਲ ਦੀ ਗਾਇਕ ਵਜੋਂ ਪਹਿਲੀ ਨਹੀਂ ਬਲਕਿ ਤੀਜੀ ਟੇਪ ਸੀ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤਾਂ ਉਸਨੇ ਸੰਨ 2000 ਵਿੱਚ ਆਨੰਦ ਸੰਗੀਤ ਕੰਪਨੀ ਵਿੱਚ ਆਈ ਟੇਪ ‘ਚੱਕ ਲੈ’ ਰਾਹੀਂ ਪੈਰ ਧਰਿਆ ਸੀ ਪਰ ਉਸਦੀ ਅਸਲ ਗੱਲ ਫ਼ਾਈਨਟੋਨ ਸੰਗੀਤ ਕੰਪਨੀ ਦੁਆਰਾ ਰਿਲੀਜ਼ ਕੀਤੀ ਗਈ ਇਸ ਤੀਜੀ ਟੇਪ ‘ਮੇਲੇ ਮਿੱਤਰਾਂ ਦੇ’ ਰਾਹੀਂ ਹੀ ਬਣੀ ਸੀ। ਇਸ ਟੇਪ ਦੀ ਸਫ਼ਲਤਾ ਤੋਂ ਬਾਅਦ ਫਿਰ ਉਸਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਟੇਪ ਦਰ ਟੇਪ ਉਸਦੀ ਲੋਕਪ੍ਰਿਯਤਾ ਦਾ ਗ੍ਰਾਫ਼ ਵਧਦਾ ਹੀ ਗਿਆ ।

ਪਹਿਲਾਂ ‘ਫ਼ੁਲਕਾਰੀ-2’ ਅਤੇ ਫਿਰ ‘ਅੱਖ ਲੜ ਗਈ’ ਰਾਹੀਂ ਉਹ ਪਹਿਲੀ ਕਤਾਰ ਦੇ ਗਾਇਕਾਂ ਵਿੱਚ ਗਿਣਿਆਂ ਜਾਣ ਲੱਗਾ। ਇਸ ਉਪਰੰਤ ਉਸ ਦੀਆਂ ਆਈਆਂ ਟੇਪਾਂ ‘ਚਾਂਦੀ ਦੇ ਛੱਲੇ’ ਵਿਚਲੇ ਗੀਤ ‘ਅਧੀਏ ਦਾ ਨਸ਼ਾ ਚੜ• ਗਿਆ’ ਅਤੇ ਯੁੱਧਵੀਰ ਮਾਣਕ ਨਾਲ ‘ਯੰਗਸਟਰ’ ਵਿਚਲੇ ਗੀਤ ‘ਜਦੋਂ ਕਿਸੇ ਗੱਭਰੂ ‘ਤੇ ਦਿਲ ਆ ਗਿਆ, ਆਪੇ ਪਤਾ ਲੱਗਜੂ ਕੀ ਹੁੰਦਾ ਪਿਆਰ ਨੀਂ’ ਨੇ ਕੁੱਲ ਦੁਨੀਆਂ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਪਿੱਛੇ ਜਿਹੇ ਰਿਲੀਜ਼ ਹੋਈ ਉਸਦੀ ਟੇਪ ‘ਮਾਈ ਟਾਈਮ ਟੂ ਸ਼ਾਈਨ’ ਵਿਚਲੇ ਗੀਤਾਂ ‘ਰੱਖ ਹੌਂਸਲਾ ਨੀਂ ਬਿੱਲੋ ਰੱਖ ਹੌਂਸਲਾ ਦੇਖ ਲਊਗਾ ਯਾਰ ਤੇਰਾ ਕੱਲੇ-ਕੱਲੇ ਨੂੰ’ ਅਤੇ ‘ਹਾਲਾਤ’ ਨੇ ਉਸਦੀ ਇੱਕ ਗਾਇਕ ਵਜੋਂ ਦਿੱਖ ਨੂੰ ਹੋਰ ਵੀ ਸੰਵਾਰਿਆ ਹੈ। ਇਸ ਪਿੱਛੋਂ ਉਸਦੀ ਐਲਬਮ ‘ਦੇਸੀ ਰੌਕਸਟਾਰ’ ਨੇ ਉਸ ਨੂੰ ਪੱਕੇ ਤੌਰ ‘ਤੇ ਦੇਸੀ ਰੌਕਸਟਾਰ ਬਣਾ ਦਿੱਤਾ। ਇਸ ਵੇਲੇ ਉਹ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦਾ ਦੇਸੀ ਰੌਕਸਟਾਰ ਹੈ।
ਨਿਰਦੇਸ਼ਕ ਨਵਨੀਅਤ ਸਿੰਘ ਦੀ ‘ਮੇਲ ਕਰਾ ਦੇ ਰੱਬਾ’ ਜ਼ਰੀਏ ਸਹਿ ਹੀਰੋ ਆਪਣੀ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਗਿੱਪੀ ਹੁਣ ਤੱਕ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ। ਸੂਬੇਦਾਰ ਜੋਗਿੰਦਰ ਸਿੰਘ ਵਰਗੀ ਫ਼ਿਲਮ ‘ਚ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਨਿਭਾਉਣਾ ਸਿਰਫ਼ ਉਸ ਹਿੱਸੇ ਹੀ ਆਇਆ ਹੈ।

ਬਤੌਰ ਨਿਰਦੇਸ਼ਕ ਅਰਦਾਸ ਅਤੇ ਨਿਰਮਾਤਾ ਵਜੋਂ ਮੰਜੇ ਬਿਸਤਰੇ ਵਰਗੀਆਂ ਫ਼ਿਲਮਾਂ ਬਣਾ ਚੁੱਕਿਆ ਗਿੱਪੀ ਹੁਣ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਫ਼ਿਲਮ ‘ਕੈਰੀ ਆਨ ਜੱਟਾ 2’ ਵਿੱਚ ਨਜ਼ਰ ਆਵੇਗਾ।
‘ਵਾਈਟ ਹਿੱਲ ਸਟੂਡੀਓ’ ਅਤੇ ‘ਏ ਐਂਡ ਏ ਅਡਵਾਈਜਰ’ ਦੇ ਬੈਨਰ ਥੱਲੇ 1 ਜੂਨ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਡ ਸਿੰਘ ਸਿੱਧੂ, ਅਤੁਲ ਭੱਲਾ ਅਤੇ ਅੰਮਿਤ ਭੱਲਾ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ। ਇਸ ਫ਼ਿਲਮ ‘ਚ ਗਿੱਪੀ ਦੀ ਹੀਰੋਇਨ ਸੋਨਮ ਬਾਜਵਾ ਹੈ।

ਫ਼ਿਲਮ ‘ਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਉਪਾਸਨਾ ਸਿੰਘ, ਸੁਰਭੀ ਸੇਠੀ ਅਤੇ ਹੌਬੀ ਧਾਲੀਵਾਲ ਨੇ ਪ੍ਰਮੁੱਖ ਕਿਰਦਾਰ ਨਿਭਾਏ ਹਨ। ਪੰਜਾਬੀ ਸਿਨੇਮੇ ਦੇ ਸੁਨਹਿਰੀ ਅਧਿਆਏ ਨੁੰ ਪਰਦੇ ‘ਤੇ ਲਿਆਉਣ ਜਾ ਰਹੀ ਇਸ ਫ਼ਿਲਮ ਸਬੰਧੀ ਗਿੱਪੀ ਗਰੇਵਾਲ ਦੱਸਦਾ ਹੈ ਕਿ ਇਹ ਫ਼ਿਲਮ ਕੈਰੀ ਆਨ ਜੱਟਾ ਤੋਂ ਵੱਡੀ ਧਮਾਲ ਕਰੇਗੀ। ਕੈਰੀ ਆਨ ਜੱਟਾ ਦੀ ਸਫਲ਼ਤਾ ਤੋਂ ਕਰੀਬ 6 ਸਾਲਾਂ ਬਾਅਦ ਆ ਰਹੀ ਇਸ ਫ਼ਿਲਮ ਬਾਰੇ ਗਿੱਪੀ ੇ ਦੱਸਿਆ ਕਿ ਜਿਸ ਵੇਲੇ ਕੈਰੀ ਆਨ ਜੱਟਾ ਆਈ ਸੀ, ਉਸ ਵੇਲੇ ਲਗਭਗ ਸਾਰੇ ਕਲਾਕਾਰਾਂ ਦੀ ਸ਼ੁਰੂਆਤ ਹੀ ਸੀ। ਉਸ ਵੇਲੇ ਕਲਾਕਾਰਾਂ ਦੀ ਫ਼ੀਸ ਵੀ ਬਜ਼ਟ ਵਿੱਚ ਸੀ, ਪਰ ਹੁਣ ਸਾਰੇ ਕਲਾਕਾਰ ਵੱਡੇ ਸਟਾਰ ਬਣ ਚੁੱਕੇ ਹਨ। 6 ਸਾਲ ਪਹਿਲਾਂ ਜਿੰਨੀ ਫ਼ੀਸ ਸਾਰੇ ਕਲਾਕਾਰਾਂ ਦੀ ਸੀ, ਉਨੀ ਫ਼ੀਸ ਇਸ ਵੇਲੇ ਕੈਰੀ ਆਨ ਜੱਟਾ ਦੇ ਇਕ ਕਲਾਕਾਰ ਦੀ ਹੈ। ਇਸ ਦੇ ਨਾਲ ਸਾਰੇ ਕਲਾਕਾਰਾਂ ਨੂੰ ਮੁੜ ਤੋਂ ਇੱਕਠੇ ਕਰਨਾ ਬਹੁਤ ਔਖਾ ਕੰਮ ਸੀ, ਪਰ ਵਾਈਟ ਹਿੱਲ ਨੇ ਆਖਰ ਇਹ ਕਰ ਦਿਖਾਇਆ ਹੈ। ਗਿੱਪੀ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗੀ।
ਆਸ਼ਿਮਾ ਸੱਚਦੇਵਾ
73072 66783


