ਅਦਾਕਾਰ ਤੇ ਲੇਖਕ ਰਾਣਾ ਰਣਬੀਰ ਦੀ ਨਿਰਦੇਸ਼ਨਾ ਹੇਠ ਬਣੀ ਪਹਿਲੀ ਪੰਜਾਬੀ ਫ਼ਿਲਮ ‘ਅਸੀਸ’ ਵਿੱਚ ਇਹ ਖੂਬਸੂਰਤ ਮੁਟਿਆਰ ਨੇਹਾ ਪਵਾਰ ਮੁੱਖ ਭੂਮਿਕਾ ਨਿਭਾ ਰਹੀ ਹੈ। ਰਾਜਧਾਨੀ ਦਿੱਲੀ ਦੀ ਜੰਮਪਲ ਨੇਹਾ ਪਵਾਰ ਇਸ ਫ਼ਿਲਮ ‘ਚ ਪੰਜਾਬ ਦੇ ਠੇਠ ਪਿੰਡ ਦੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਉਸਦਾ ਇਹ ਕਿਰਦਾਰ ਅਤੇ ਕਿਰਦਾਰ ਦੀ ਸਾਦਗੀ ਪੇਂਡੂ ਪੰਜਾਬਣ ਮੁਟਿਆਰ ਦੀ ਰੂਪਕਾਰੀ ਕਰੇਗੀ।
ਵੱਖ ਵੱਖ ਭਾਸ਼ਵਾਂ ਦੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਨੇਹਾ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਕਿਰਦਾਰ ਏ ਸਰਦਾਰ’ ਵਿੱਚ ਨਜ਼ਰ ਆਈ ਸੀ। ਉਸਦੀ ਅਦਾਕਾਰੀ ਅਤੇ ਲਿਆਕਤ ਤੋਂ ਪ੍ਰਭਾਵਤ ਹੋ ਕੇ ਹੀ ਇਸ ਫ਼ਿਲਮ ਦੇ ਨਿਰਮਾਤਾ ਲਵਪ੍ਰੀਤ ਉਰਫ ਲੱਕੀ ਸੰਧੂ ਅਤੇ ਰਾਣਾ ਰਣਬੀਰ ਨੇ ਉਸ ਨੂੰ ਇਸ ਫ਼ਿਲਮ ਲਈ ਚੁਣਿਆ ਸੀ।

ਨੇਹਾ ਮੁਤਾਬਕ ਇਹ ਫ਼ਿਲਮ ਉਸ ਲਈ ਕਈ ਪੱਖਾਂ ਤੋਂ ਖਾਸ ਹੈ। ਉਸਨੇ ਇਸ ਫ਼ਿਲਮ ‘ਚ ਨਾ ਸਿਰਫ਼ ਅਦਾਕਾਰੀ ਕੀਤੀ ਬਲਕਿ ਇਕ ਨਵੀਂ ਜ਼ਿੰਦਗੀ ਜਿਉਂਈ ਹੈ। ਫਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਅਥਾਹ ਪਿਆਰ ਨੇ Àਸਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। 22 ਜੂਨ ਨੂੰ ਰਿਲੀਜ਼ ਹੋ ਇਹ ਫ਼ਿਲਮ ਉਸ ਨੂੰ ਅਦਾਕਾਰਾ ਵਜੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੱਖਰੀ ਪਹਿਚਾਣ ਦਿਵਾਏਗੀ। ਇਸ ਫ਼ਿਲਮ ਸਬੰਧੀ ਉਹ ਦੱਸਦੀ ਹੈ ਕਿ ਇਹ ਫ਼ਿਲਮ ਰਿਸ਼ਤਿਆਂ ਦੀ ਕਹਾਣੀ ਹੈ, ਫ਼ਿਲਮ ‘ਚ ਮਾਂ ਅਤੇ ਪੁੱਤ ਦਾ ਖੂਬਸੂਰਤ ਰਿਸ਼ਤਾ ਵੀ ਹੈ ਅਤੇ ਪਿਆਰ ਮੁਹੱਬਤ ਦੇ ਆਪਸੀ ਰਿਸ਼ਤੇ ਵੀ ਹਨ। ਰਿਸ਼ਤਿਆਂ ‘ਚ ਪੈਂਦੀਆਂ ਦਰਾਰਾਂ ਦੇ ਕਾਰਨ ਵੀ ਹਨ ਅਤੇ ਉਹਨਾਂ ਦੇ ਹੱਲ ਵੀ।

‘ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ ਲਿਮਟਿਡ, ‘ਬਸੰਤ ਇੰਟਰਟੇਨਮੈਂਟ’ ਅਤੇ ‘ਜ਼ਿੰਦਗੀ ਜ਼ਿੰਦਾਬਾਦ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਨੇਹਾ ਸਮੇਤ ਰਾਣਾ ਰਣਬੀਰ, ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਮਲਕੀਤ ਰੌਣੀ, ਰੁਪਿੰਦਰ ਰੂਪੀ, ਪਰਦੀਪ ਸਰਾਂ, ਗੁਰਪ੍ਰੀਤ ਕੌਰ ਭੰਗੂ, ਸ਼ੇਵਿਨ ਰੇਖੀ, ਅਵਰਿੰਦਰ ਕੌਰ, ਰਘਬੀਰ ਬੋਲੀ, ਦਿਲਰਾਜ ਉਦੈ ਸਮੇਤ ਕਈ ਤਜਰਬੇਕਾਰ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਨੇਹਾ ਮੁਤਾਬਕ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ, ਜਿਸ ਦੀ ਸੁਮੱਚੀ ਸ਼ੂਟਿੰਗ ਮਹਿਜ਼ 22 ਦਿਨਾਂ ‘ਚ ਮੁਕੰਮਲ ਕੀਤੀ ਗਈ। ਫ਼ਿਲਮ ਦੀ ਸ਼ੂਟਿੰਗ ਇਕ ਪਰਿਵਾਰ ਦੀ ਤਰ•ਾਂ ਹੋਈ ਹੈ। ਸ਼ੂਟਿੰਗ ਦੌਰਾਨ ਉਸ ਨੂੰ ਪਿੰਡਾਂ ਦੀ ਸਾਦਗੀ, ਰਹਿਣ ਸਹਿਣ ਤੇ ਪ੍ਰਹੁਣਚਾਰੀ ਦਾ ਲੁਤਫ਼ ਉਠਾਉਣ ਦਾ ਵੀ ਮੌਕਾ ਮਿਲਿਆ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਕਈ ਪੱਖਾਂ ਤੋਂ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰੇਗੀ। ਨਿਰੋਲਰੂਪ ‘ਚ ਇਹ ਪਰਿਵਾਰਕ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੇ ਮਨਾਂ ਨੂੰ ਟੁੰਬਣ ਦੀ ਕਾਬਲੀਅਤ ਰੱਖਦੀ ਹੈ।



