ਪੰਜਾਬੀ ਫ਼ਿਲਮ ਤੂਫ਼ਾਨ ਸਿੰਘ ਦੀ ਟੀਮ ਨੇ ਭਾਰਤੀ ਸੈਂਸਰ ਬੋਰਡ ਦੀ ਕਾਰਗੁਜ਼ਾਰੀ ‘ਤੇ ਸੁਆਲ ਖੜ•ੇ ਕਰਦਿਆਂ ਕਿਹਾ ਕਿ ਪੰਜਾਬੀ ਫ਼ਿਲਮਾਂ ਪ੍ਰਤੀ ਸੈਂਸਰ ਬੋਰਡ ਦਾ ਵਤੀਰਾ ਨਿੰਦਣਯੋਗ ਹੈ। ਫ਼ਿਲਮ ਦੇ ਸਹਿ ਨਿਰਮਾਤਾ ਜਰਨੈਲ ਸਿੰਘ, ਨਿਰਦੇਸ਼ਕ ਬਘੇਲ ਸਿੰਘ, ਫ਼ਿਲਮ ਦੇ ਹੀਰੋ ਰਣਜੀਤ ਬਾਵਾ ਅਤੇ ਅਦਾਕਾਰ ਯਸ਼ਪਾਲ ਸ਼ਰਮਾ ਨੇ ਇਕ ਪ੍ਰੈਸ ਕਾਨਫੰਰਸ ਕਰਕੇ ਦੋਸ਼ ਲਾਇਆ ਕਿ ਸੈਂਸਰ ਬੋਰਡ ਉਹਨਾਂ ਦੀ ਫ਼ਿਲਮ ਨੂੰ ਰਿਲੀਜ਼ ਨਹੀਂ ਕਰਨ ਦੇਣਾ ਚਾਹੁੰਦਾ। ਉਹਨਾਂ ਦੱਸਿਆ ਕਿ ‘ਤੂਫ਼ਾਨ ਸਿੰਘ’ ਫ਼ਿਲਮ ਭਾਈ ਜੁਗਰਾਜ ਸਿੰਘ ਉਰਫ ਤੂਫ਼ਾਨ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਉਹਨਾਂ ਮੁਤਾਬਕ ‘ਰੋਇਲ ਸਿਨੇ ਆਰਟਸ’ ਦੇ ਬੈਨਰ ਹੇਠ ਨਿਰਮਾਤਾ ਦਿਲਬਾਗ ਸਿੰਘ ਵੱਲੋਂ ਬਣਾਈ ਗਈ ਇਹ ਫ਼ਿਲਮ ਕਿਸੇ ਧਰਮ ਜਾਂ ਫਿਰਕੇ ਨਾਲ ਸਬੰਧਿਤ ਨਹੀਂ ਹੈ। ਭਾਈ ਜੁਗਰਾਜ ਸਿੰਘ ਉਹ ਸੂਰਬੀਰ ਸਨ, ਜਿਨ•ਾਂ ਸਮਾਜ ਦੇ ਵਿਰੋਧੀਆਂ ਖ਼ਿਲਾਫ਼ ਲੜਾਈ ਲੜੀ ਅਤੇ ਸਮਾਜ ਨੂੰ ਕਈ ਕੁਰੀਤੀਆਂ ਤੋਂ ਮੁਕਤ ਕਰਵਾਇਆ। ਇਹ ਫ਼ਿਲਮ ਕਿਸੇ ਵੀ ਧਰਮ ਜਾਂ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀ। ਇਸ ਦੇ ਬਾਵਜੂਦ ਸੈਂਸਰ ਬੋਰਡ ਇਸ ਨੂੰ ਰਿਲੀਜ਼ ਕਰਨ ਲਈ ਸਰਟੀਫਿਕੇਟ ਨਹੀਂ ਜਾਰੀ ਕਰ ਰਿਹਾ। ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਸੈਂਸਰ ਬੋਰਡ ਦੀ ਪੰਜ ਮੈਂਬਰੀ ਕਮੇਟੀ ਨੇ ਦੇਖੀ ਸੀ, ਜਿਨ•ਾਂ ‘ਚੋਂ ਤਿੰਨ ਮੈਂਬਰਾਂ ਨੇ ਫ਼ਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਇਸ ਨੂੰ ਉਚ ਮੈਬਰੀ ਕਮੇਟੀ ਅਤੇ ਚੇਅਰਮੈਨ ਨੂੰ ਦਿਖਾਉਣ ਲਈ ਕਿਹਾ। ਸੈਂਸਰ ਬੋਰਡ ਦੇ ਚੇਅਰਮੈਨ ਅਤੇ ਉੱਚ ਅਧਿਕਾਰੀਆਂ ਨੇ ਵੀ ਫ਼ਿਲਮ ਦੇਖਣ ਤੋਂ ਬਾਅਦ ਇਸ ਸਬੰਧੀ ਕੋਈ ਵੀ ਫ਼ੈਸਲਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਫ਼ਿਲਮ ਨੂੰ ਟ੍ਰਿਬਿਊਨਲ ਕਮੇਟੀ ਕੋਲ ਭੇਜਿਆ ਗਿਆ ਹੈ, ਜਿਸ ਸਬੰਧੀ ਅਜੇ ਫ਼ੈਸਲਾ ਆਉਣਾ ਬਾਕੀ ਹੈ। ਉਹਨਾਂ ਟ੍ਰਿਬਿਊਨਲ ਨੂੰ 852 ਪੰਨਿਆਂ ਦੀ ਇਕ ਫ਼ਾਈਲ ਸੌਂਪੀ ਹੈ, ਜਿਸ ‘ਚ ਉਹਨਾਂ ਫ਼ਿਲਮ ਦੇ ਹਰ ਸੀਨ• ਸਬੰਧੀ ਦਲੀਲ ਦਿੱਤੀ ਹੈ। ਉਹਨਾਂ ਮੁਤਾਬਕ ਫ਼ਿਲਮ ‘ਚ ਕੁਝ ਵੀ ਅਜਿਹਾ ਨਹੀਂ ਹੈ, ਜਿਸ ਨਾਲ ਕਿਸੇ ਦੇ ਮਨ ਨੂੰ ਕਿਸੇ ਕਿਸਮ ਦੀ ਠੇਸ ਪੁੱਜੇ। ਉਹਨਾਂ ਕਿਹਾ ਕਿ ਸੈਂਸਰ ਬੋਰਡ ਨੂੰ ਸਿਰਫ ਸਰਟੀਫਿਕੇਟ ਜਾਰੀ ਕਰਨਾ ਚਾਹੀਦਾ ਹੈ, ਬਾਕੀ ਫ਼ੈਸਲਾ ਦਰਸ਼ਕਾਂ ‘ਤੇ ਛੱਡਣਾ ਬਣਦਾ ਹੈ। ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨੇ ਵੀ ਸੈਂਸਰ ਬੋਰਡ ਦੀ ਕਾਰਗੁਜ਼ਾਰੀ ‘ਤੇ ਅਫ਼ਸੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਸੈਂਸਰ ਬੋਰਡ ਦੇ ਇਹਨਾਂ ਫ਼ੈਸਲਿਆਂ ਨਾਲ ਬਹੁਤ ਸਾਰੀਆਂ ਹਕੀਕਤਾਂ ਅਤੇ ਸਮਾਜ ਦੀ ਸੱਚਾਈ ਦਰਸ਼ਕਾਂ ਤੱਕ ਨਹੀਂ ਪਹੁੰਚ ਪਾਉਂਦੀ। ਦੱਸ ਦਈਏ ਕਿ ਇਹ ਫ਼ਿਲਮ 16 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ਦੀ ਸ਼ੂਟਿੰਗ ਉੱਚ ਪੱਧਰੀ ਤਕਨੀਕ ਨਾਲ ਕੀਤੀ ਗਈ ਹੈ ਅਤੇ ਫ਼ਿਲਮ ਲਈ ਉਚੇਚੇ ਤੌਰ ‘ਤੇ ਹੈਲੀਕਾਪਟਰ ਮੰਗਵਾਏ ਗਏ ਸਨ।


