ਗਿੱਪੀ ਗਰੇਵਾਲ ਦੀ ਬਤੌਰ ਲੇਖਕ ਅਤੇ ਨਿਰਮਾਤਾ ਪਹਿਲੀ ਪੰਜਾਬੀ ਫਿਲਮ ‘ਮੰਜੇ ਬਿਸਤਰੇ’ ਦਾ ਸੀਕੁਅਲ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ ਅੱਜ ਕੱਲ• ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਹੈ। ਗਿੱਪੀ ਦੇ ਪ੍ਰਸ਼ਸੰਕਾਂ ਵੱਲੋਂ ਵੱਖ ਵੱਖ ਤਰ•ਾਂ ਦੀਆਂ ਵੀਡੀਓਜ਼ ਬਣਾ ਕੇ ਇਸ ਫ਼ਿਲਮ ਨੂੰ ਗਰਮ ਕੀਤਾ ਜਾ ਰਿਹਾ ਹੈ। ਹਾਲਹਿ ‘ਚ ਇਸ ਫ਼ਿਲਮ ਦਾ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।
ਵਿਸਾਖੀ ‘ਤੇ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਸਮੁੱਚੀ ਸ਼ੂਟਿੰਗ ਕੈਨੇਡਾ ‘ਚ ਹੋਈ ਹੈ। ਕਾਬਲੇਗੌਰ ਹੈ ਕਿ ਗਿੱਪੀ ਦੀ ਫ਼ਿਲਮ ‘ਮੰਜੇ ਬਿਸਤਰੇ’ ਸੁਪਰਹਿੱਟ ਫ਼ਿਲਮ ਰਹੀ ਸੀ। ਇਸ ਫ਼ਿਲਮ ਤੋਂ ਬਾਅਦ ਹੀ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਰੁਝਾਨ ਸਿਖਰ ‘ਤੇ ਪਹੁੰਚਿਆ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਗਿੱਪੀ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਸੀ, ਪਰ ਇਸ ਫ਼ਿਲਮ ਨੂੰ ਆਪਣੀ ਪਹਿਲੀ ਫ਼ਿਲਮ ਅਤੇ ਹੋਰ ਵਿਆਹਾਂ ਵਾਲੀਆਂ ਫ਼ਿਲਮਾਂ ਵੱਖਰਾ ਰੱਖਣ ਲਈ ਉਸ ਨੇ ਇਸ ਫ਼ਿਲਮ ਦੀ ਕਹਾਣੀ ਨੂੰ ਕੈਨੇਡਾ ‘ਚ ਦਿਖਾਇਆ ਹੈ। ਗਿੱਪੀ ਦੀ ਲਿਖੀ ਇਸ ਫ਼ਿਲਮ ਨੂੰ ਵੀ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ‘ਚ ਲਗਭਗ ਸਾਰੇ ਕਲਾਕਾਰ ਪਹਿਲੀ ਫ਼ਿਲਮ ਵਾਲੇ ਹੀ ਹਨ, ਪਰ ਇਸ ਵਾਰ ਸੋਨਮ ਬਾਜਵਾ ਦੀ ਥਾਂ ਸਿੰਮੀ ਚਾਹਲ ਨੇ ਲਈ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਅਤੇ ਆਫ਼ੀਸ਼ਲ ਪੋਸਟਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ‘ਚ ਗਿੱਪੀ ਨਾਲ ਸਿੰਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸਰਦਾਰ ਸੋਹੀ, ਰਘਬੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਨਜ਼ਰ ਆਉਂਣਗੇ।
ਫ਼ਿਲਮ ਦੇ ਟੀਜ਼ਰ ਅਤੇ ਪੋਸਟਰ ਮੁਤਾਬਕ ਇਹ ਫ਼ਿਲਮ ਵੀ ਪਹਿਲੀ ਫ਼ਿਲਮ ਵਾਂਗ ਇਕ ਵਿਆਹ ਦੀ ਹੀ ਕਹਾਣੀ ਹੈ। ਇਸ ਫ਼ਿਲਮ ਵਿੱਚ ਵੀ ਗਿੱਪੀ ਗਰੇਵਾਲ ਮੰਜੇ ਬਿਸਤਰੇ ਇੱਕਠੇ ਕਰਦਾ ਨਜ਼ਰ ਆਵੇਗਾ। ਪਰ ਕੈਨੇਡਾ ਵਿੱਚ ? ਇਹ ਸੁਆਲ ਹੀ ਫ਼ਿਲਮ ‘ਚ ਦਿਲਚਸਪੀ ਪੈਦਾ ਕਰਦਾ ਹੈ। ਗਿੱਪੀ ਮੁਤਾਬਕ ਉਸ ਦੀ ਸਾਰੀ ਟੀਮ ਨੇ ਇਸ ਫ਼ਿਲਮ ‘ਤੇ ਬੇਹੱਦ ਮਿਹਨਤ ਕੀਤੀ ਹੈ। ਇਸ ਫ਼ਿਲਮ ਨੂੰ ਪਹਿਲੀ ਫ਼ਿਲਮ ਨਾਲੋਂ ਹੋਰ ਬਿਹਤਰ ਤੇ ਮਨੋਰੰਜਕ ਬਣਾਉਣ ਲਈ ਇਸ ਦੀ ਕਹਾਣੀ ਨੂੰ ਕੈਨੇਡਾ ਬੇਸਡ ਰੱਖਿਆ ਗਿਆ ਹੈ। ਉਸ ਮੁਤਾਬਕ ਇਹ ਫ਼ਿਲਮ ਪਹਿਲੀ ਫ਼ਿਲਮ ਨਾਲੋਂ ਵੀ ਵੱਧ ਦਰਸ਼ਕਾਂ ਦਾ ਮਨੋਰੰਜਨ ਕਰੇਗੀ।


