ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਪੰਜਾਬੀ ਫਿਲਮ ‘ਮੁਕਲਾਵਾ’ ਦਾ ਇਕ ਹੋਰ ਨਵਾਂ ਗੀਤ ‘ਰੱਬ ਜਾਣੇ’ ਰਿਲੀਜ਼ ਹੋ ਗਿਆ ਹੈ। ਕਮਲ ਖਾਨ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਵਿੰਦਰ ਨੱਥੂਮਾਜਰਾ ਨੇ ਲਿਖਿਆ ਹੈ। ਸੰਗੀਤਕਾਰ ਚਿਤਹਾ ਦੇ ਸੰਗੀਤ ਵਿੱਚ ਆਇਆ ਇਹ ਗੀਤ ਖੂਬਸੂਰਤ ਗੀਤ ਹੈ ਜੋ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਦਾ ਹੈ। ਦੱਸ ਦਈਏ ਕਿ ‘ਵਾਈਟ ਹਿੱਲ ਸਟੂਡੀਓ’ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਟੁੰਭ ਰਿਹਾ ਹੈ। 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਦਰਸ਼ਕ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਖੂਬਸੂਰਤ ਜੋੜੀ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।
ਫ਼ਿਲਮ ਦੇ ਟ੍ਰੇਲਰ ਅਤੇ ਸੰਗੀਤ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦਾ ਹਰ ਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਹਰਮਨਜੀਤ ਸਿੰਘ, ਹੈਪੀ ਰਾਏਕੋਟੀ, ਵੀਤ ਬਲਜੀਤ ਅਤੇ ਵਿੰਦਰ ਨੱਥੂਮਾਜਰਾ ਵੱਲੋਂ ਲਿਖੇ ਫ਼ਿਲਮ ਦੇ ਗੀਤਾਂ ਨੂੰ ਐਮੀ ਵਿਰਕ, ਕਮਲ ਖਾਨ ਅਤੇ ਮੰਨਤ ਨੂਰ ਸਮੇਤ ਕਈ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਹ ਫਿਲਮ ਆਪਣੀ ਰਿਲੀਜ ਤੋਂ ਪਹਿਲਾਂ ਹੀ ਸੁਰਖੀਆ ਵਿੱਚ ਆਈ ਹੋਈ ਹੈ। ਇਸ ਫਿਲਮ ਜ਼ਰੀਏ ਦਰਜਨ ਦੇ ਨੇੜੇ ਨਵੇਂ ਕਲਾਕਾਰ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੇ ਹਨ।


