ਦੇਸ਼ ਦੁਨੀਆਂ ਦੇ ਵੱਖ ਵੱਖ ਹਿੱਸਿਆਂ ‘ਚ ਹਜ਼ਾਰਾਂ ਨੌਜਵਾਨ ਰੋਜ਼ਾਨਾ ਸੁਪਨਿਆਂ ਦੀ ਨਗਰੀ ਮੁੰਬਈ ‘ਚ ਆਪਣੇ ਸੁਪਨੇ ਪੂਰੇ ਕਰਨ ਆਉਂਦੇ ਹਨ। ਕਈ ਸਫ਼ਲ ਹੁੰਦੇ ਅਤੇ ਕਈ ਰੀਝਾਂ ਦਿਲ ‘ਚ ਹੀ ਲੈ ਕੇ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ। ਪੰਜਾਬ ਦੇ ਸ਼ਹਿਰ ਮੁਕਤਸਰ ਤੋਂ ਵੀ ਇਕ ਨੌਜਵਾਨ ਮੁੰਬਈ ਗਿਆ ਸੀ। ਇਸ ਨੌਜਵਾਨ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ‘ਚ ਕੋਈ ਕਾਹਲੀ ਨਹੀਂ ਦਿਖਾਈ। ਪਹਿਲਾਂ ਉਸ ਨੇ ਇਸ ਨਗਰੀ ਨੂੰ ਸਮਝਿਆ, ਪੈਰ ਜਮਾਏ ਤੇ ਜ਼ਿੰਦਗੀ ਨੂੰ ਲੀਹ ‘ਤੇ ਪਾਇਆ। ਇਸ ਨੌਜਵਾਨ ਦਾ ਨਾਂ ਹੈ ਦੀਪ ਸਿੱਧੂ। ਦੀਪ ਦੇਸ਼ ਦੇ ਕਈ ਵੱਡੇ ਫ਼ਿਲਮੀ ਘਰਾਣਿਆਂ ਦਾ ਬਿਜਨਸ ਵਕੀਲ ਹੈ। ਇਹਨਾਂ ‘ਚ ਦਿਓਲ ਪਰਿਵਾਰ ਸਮੇਤ ਸੰਜੇ ਲੀਲਾ ਬੰਸਾਲੀ ਵਰਗੇ ਕਈ ਫ਼ਿਲਮੀ ਦਿੱਗਜਾਂ ਦੇ ਨਾਂ ਸ਼ਾਮਲ ਹਨ। ਮੁੰਬਈ ‘ਚ ਆਪਣਾ ਕਸਬ ਸਥਾਪਤ ਕਰਨ ਤੋਂ ਬਾਅਦ ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਵੱਲ ਅਹੌਲਿਆ ਹੈ। ਬਾਲੀਵੁੱਡ ਫ਼ਿਲਮਸਾਜ਼ ਗੁੱਡੂ ਧਨੋਆ ਦੀ ਪੰਜਾਬੀ ਫ਼ਿਲਮ ‘ਰਮਤਾ ਜੋਗੀ’ ਜ਼ਰੀਏ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਉਹ ਛੇਤੀ ਹੀ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ 10 ਨੰਬਰੀਆ’ ਵਿੱਚ ਨਜ਼ਰ ਆਵੇਗਾ। ਉਹ ਇਸ ਫ਼ਿਲਮ ਦਾ ਨਾਇਕ ਹੈ। ਅਮਰਦੀਪ ਦੇ ਸੁਭਾਅ ਮੁਤਾਬਕ ਇਹ ਫ਼ਿਲਮ ਅਜੌਕੀਆਂ ਕੱਚ ਘਰੜ ਫ਼ਿਲਮ ਤੋਂ ਕੋਹਾਂ ਦੂਰ ਕਹੀ ਜਾ ਸਕਦੀ ਹੈ।
ਫ਼ਿਲਮ ਦੀ ਅਗੇਤੀ ਚਰਚਾ ਇਸ ਦਾ ਪ੍ਰਮਾਣ ਹੈ। ਇਸ ਫ਼ਿਲਮ ਵਿਚਲੀ ਦੀਪ ਦੀ ਦਿਖ, ਇਹ ਦਰਸਾਉਂਦੀ ਹੈ ਕਿ ਉਹ ਮੰਝਿਆ ਹੋਇਆ ਅਦਾਕਾਰ ਹੈ। ਫ਼ਿਲਮੀ ਹਸਤੀਆਂ ‘ਚ ਰਹਿੰਦਿਆਂ ਨਾ ਕੇਵਲ ਉਸ ਨੇ ਉਹਨਾਂ ਨਾਲ ਬਿਜਨਸ ਕੀਤਾ, ਬਲਕਿ ਉਹਨਾਂ ਤੋਂ ਪਰਦੇ ਲਈ ਬਹੁਤ ਕੁਝ ਸਬਕ ਵੀ ਲਿਆ ਹੈ। ਇਸ ਫ਼ਿਲਮ ਦੇ ਰਿਲੀਜ਼ ਮਗਰੋਂ ਹੀ ਉਸ ਦੀ ਇਕ ਹੋਰ ਫ਼ਿਲਮ ‘ਸਾਡੇ ਆਲੇ’ ਪਰਦਾਪੇਸ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਦਾ ਕੇਂਦਰ ਵੀ ਬਠਿੰਡਾ ਹੀ ਬਣੇਗਾ। ਜਤਿੰਦਰ ਮੌਹਰ ਦੀ ਨਿਰਦੇਸ਼ਨਾ ਵਾਲੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਮੌਹਰ ਨੇ ਦਿਲਜੀਤ ਅਮੀ ਨਾਲ ਮਿਲ ਕੇ ਲਿਖੇ ਹਨ। ਜਤਿੰਦਰ ਮੌਹਰ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਪੰਜਾਬ ਦੇ ਖ਼ਾਕੇ ਨੂੰ ਪਰਦਾਪੇਸ਼ ਕਰਦੀ ਹੈ। ਫ਼ਿਲਮ ਦੀ ਕਹਾਣੀ ਖ਼ਾਲਸ ਪੇਂਡੂ ਪਿਛੋਕੜ ਦੀ ਹੈ। ਫ਼ਿਲਮ ‘ਚ ਪਿੰਡਾਂ ਅਤੇ ਪੇਂਡੂਆਂ ਦੀ ਜ਼ਿੰਦਗੀ ਦੀ ਖੂਬਸੂਰਤੀ ਨੂੰ ਰੂਪਮਾਨ ਕੀਤਾ ਜਾਵੇਗਾ। ਦੀਪ ਮੁਤਾਬਕ ਉਹ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਇਸੇ ਲਈ ਉਹ ਹਰ ਕਦਮ ਸੋਚ ਸਮਝ ਕੇ ਅੱਗੇ ਰੱਖ ਰਿਹਾ ਹੈ। ਉਸ ਦੀਆਂ ਆਉਣ ਵਾਲੀਆਂ ਦੋਵੇਂ ਫ਼ਿਲਮਾਂ ਪੰਜਾਬੀ ਫ਼ਿਲਮਾਂ ਦੀ ਅਜੌਕੀ ਪਿਰਤ ਨੂੰ ਅੱਗੇ ਨਹੀਂ ਤੋਰਦੀਆਂ ਬਲਕਿ ਵੱਖਰੀ ਪਿਰਤ ਪਾਉਣ ਦਾ ਦਮ ਰੱਖਦੀਆਂ ਹਨ। ਉਸ ਨੂੰ ਖੁਸ਼ੀ ਹੈ ਕਿ ਉਸ ਨੇ ਜੋ ਮੰਜ਼ਿਲ ਚੁਣੀ ਹੈ, ਉਸ ਤੱਕ ਪਹੁੰਚਾਉਣ ਲਈ ਇਹਨਾਂ ਦੋਵਾਂ ਫ਼ਿਲਮਾਂ ਨੇ ਪਗਡੰਡੀ ਤਿਆਰ ਕਰ ਦਿੱਤੀ ਹੈ। ਹੁਣ ਮੰਜ਼ਿਲ ਬਹੁਤੀ ਦੂਰ ਨਹੀਂ। ਸਪਨ ਮਨਚੰਦਾ
in Article
ਮੰਜ਼ਿਲ ਬਹੁਤੀ ਦੂਰ ਨਹੀਂ !!!


