ਬਾਲੀਵੁੱਡ ਦੇ ਉੱਘੇ ਫ਼ਿਲਮਸਾਜ਼ ਮਾਹੇਸ਼ ਭੱਟ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਸਹਾਇਕ ਰਾਈਟਰ ਸ਼ਗੁਫ਼ਤਾ ਰਾਫੀਕ ਵੱਲੋਂ ਨਿਰਦੇਸ਼ਤ ਪਹਿਲੀ ਪੰਜਾਬੀ ਫ਼ਿਲਮ ਕੱਲ• 3 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਇਸ ਫ਼ਿਲਮ ‘ਚ ਉੱਘੇ ਅਦਾਕਾਰ ਕਰਤਾਰ ਚੀਮਾ ਨੇ ਮੁੱਖ ਭੂਮਿਕਾ ਨਿਭਾਈ ਹੈ। ਕਰਤਾਰ ਦੇ ਨਾਲ ਪੰਜਾਬੀ ਗਾਇਕ ਜਸ਼ਨਦੀਪ ਮੁੱਖ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਤੋਂ ਇਲਾਵਾ ਗੁਲਸ਼ਨ ਗਰੋਵਰ ਅਤੇ ਸੁਖਵਿੰਦਰ ਸੋਹੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ਦੀ ਹੀਰੋਇਨ ਨਵੀਂ ਕੁੜੀ ਸਾਖ਼ਸ਼ੀ ਗੁਲਾਟੀ ਹੈ। ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ‘ਤੇ ਅਧਾਰਿਤ ਹੈ। ਫ਼ਿਲਮ ‘ਚ ਦੋਵਾਂ ਮੁਲਕਾਂ ਨਾਲ ਸਬੰਧਿਤ ਦੋ ਨੌਜਵਾਨਾਂ ਦੀ ਜ਼ਰਨੀ ਨੂੰ ਦਿਖਾਇਆ ਗਿਆ ਹੈ। ਕਰਤਾਰ ਚੀਮਾ ਇਸ ‘ਚ ਪਾਕਿਸਤਾਨੀ ਮੁੰਡੇ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਕਰਤਾਰ ਇਸ ਤੋਂ ਪਹਿਲਾਂ ਵੀ ਭਾਰਤ ਪਾਕਿਸਤਾਨ ਦੀ ਵੰਡ ‘ਤੇ ਅਧਾਰਿਤ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਵਿੱਚ ਵੀ ਬਤੌਰ ਹੀਰੋ ਕੰਮ ਕਰ ਚੁੱਕਿਆ ਹੈ। ਕਰਤਾਰ ਮੁਤਾਬਕ ਇਹ ਫ਼ਿਲਮ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਤੋਂ ਹਟਵੀਂ ਹੈ। ਇਹ ਫ਼ਿਲਮ ਸੰਜੀਦਾ ਸਿਨੇਮੇ ਨੂੰ ਪ੍ਰਮੋਟ ਕਰਦੀ ਹੈ।


