in

ਸੌਖਾ ਕੰਮ ਨਹੀਂ ਸੀ ‘ਚੰਨਾ ਮੇਰਿਆ’ ਬਣਾਉਣਾ : ਪੰਕਜ ਬਤਰਾ

ਨਿਰਦੇਸ਼ਕ ਪੰਕਜ ਬਤਰਾ ਅੱਜ ਦੀ ਤਾਰੀਖ ‘ਚ ਪੰਜਾਬੀ ਦਾ ਸਭ ਤੋਂ ਸਫ਼ਲ ਨਿਰਦੇਸ਼ਕ ਹੈ। ਇਹ ਪੰਕਜ ਬਤਰੇ ਦੇ ਹਿੱਸੇ ਹੀ ਆਇਆ ਹੈ ਕਿ ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਹੈ। ਅੱਜ ਕੱਲ• ਉਹ ਆਪਣੀ ਨਵੀਂ ਫ਼ਿਲਮ ‘ਚੰਨਾ ਮੇਰਿਆ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਨਿੰਜਾ, ਅੰਮ੍ਰਿਤ ਮਾਨ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਟੈਲੀਵਿਜ਼ਨ ਦਾ ਚਰਚਿਤ ਚਿਹਰਾ ਪਾਇਲ ਰਾਜਪੂਤ ਵੀ ਇਸੇ ਫ਼ਿਲਮ ਜ਼ਰੀਏ ਹੀਰੋਇਨ ਵਜੋਂ ਪੰਜਾਬੀ ਸਿਨੇਮੇ ਨਾਲ ਜੁੜ ਰਹੀ ਹੈ। ਪੰਕਜ ਦੀ ਇਹ ਫ਼ਿਲਮ ਮਰਾਠੀ ਫ਼ਿਲਮ ਸੈਰਾਟ ਦਾ ਅਧਿਕਾਰਤ ਰੀਮੇਕ ਹੈ। ਫ਼ਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਮਿਲ ਰਹੇ ਹੰਗਾਰੇ ਤੋਂ ਪੰਕਜ ਬਾਗੋਬਾਗ ਹੈ। ਇਸੇ ਮਹੀਨੇ 14 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਸਬੰਧੀ ਪੰਕਜ ਦੱਸਦਾ ਹੈ ਕਿ ਕਿਸੇ ਫ਼ਿਲਮ ਦਾ ਹੋਰ ਭਾਸ਼ਾ ‘ਚ ਰੀਮੇਕ ਬਣਾਉਣ ਸਭ ਤੋਂ ਔਖਾ ਕੰਮ ਹੁੰਦਾ ਹੈ। ਮਰਾਠੀ ਭਾਸ਼ਾ ਦੀ ਇਸ ਫ਼ਿਲਮ ਨੂੰ  ਪੰਜਾਬੀ ‘ਚ ਪੰਜਾਬ ਦੇ  ਸੱਭਿਆਚਾਰ ਮੁਤਾਬਕ ਢਾਲਣਾ ਉਸ ਲਈ ਚੁਣੌਤੀ ਭਰਪੂਰ ਕੰਮ ਰਿਹਾ ਹੈ। ਉਸ ਨੂੰ ਯਕੀਨ ਹੈ ਕਿ ਉਸ ਦੀ ਮਿਹਨਤ ਰਾਸ ਆਵੇਗੀ। ਪੰਕਜ ਦੱਸਦਾ ਹੈ ਕਿ ਨਿਰਮਾਤਾ ਗੁਣਬੀਰ ਸਿੱਧੂ ਤੇ ਮਨਮੋੜ ਸਿੱਧੂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਰਗਰਮ ਪ੍ਰੋਡਿਊਸਰ ਹਨ। ਉਹਨਾਂ ਨੇ ਹੀ ਉਸਨੂੰ ਇਸ ਫ਼ਿਲਮ ਦਾ ਰੀਮੇਕ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਉਹ ਵੀ ਕੁਝ ਸਮੇਂ ਤੋਂ ਕਿਸੇ ਵਧੀਆ ਲਵ ਸਟੋਰੀ ਦੀ ਭਾਲ ‘ਚ ਸੀ। ਸੈਰਾਟ ‘ਚ ਜਾਤੀਵਾਦ ਨੂੰ ਉਭਾਰਿਆ ਗਿਆ ਸੀ, ਪਰ ਚੰਨਾ ਮੇਰਿਆ ‘ਚ ਆਰਥਿਕ ਵਿਖਰੇਵੇਂ ਨੂੰ ਉਭਾਰਿਆ ਗਿਆ ਹੈ। ਪੰਕਜ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਲਵ ਸਟੋਰੀ ਪੰਜਾਬੀ ‘ਚ ਪਹਿਲਾਂ ਨਹੀਂ ਆਈ। ਪੰਜਾਬੀ ਦਰਸ਼ਕ ਵੀ ਲੰਮੇ ਸਮੇਂ ਤੋਂ ਕਿਸੇ ਲਵ ਸਟੋਰੀ ਦਾ ਇਤਜ਼ਾਰ ਕਰ ਰਹੇ ਸੀ। ਪੰਕਜ ਮੁਤਾਬਕ ਇਸ ਫ਼ਿਲਮ ਲਈ ਕਲਾਕਾਰਾਂ ਦੀ ਚੋਣ ਲਈ ਵੀ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਪੰਕਜ ਮੁਤਾਬਕ ਉਹ ਲੀਕ ਤੋਂ ਹਟਵਾਂ ਕੰਮ ਹੀ ਕਰਨਾ ਚਾਹੁੰਦਾ ਹੈ। ਇਸ ਫ਼ਿਲਮ ਤੋਂ ਬਾਅਦ ਉਹ ਦਿਲਜੀਤ ਨੂੰ ਲੈ ਕੇ ਇਕ ਇਤਿਹਾਸਕ ਵਿਸ਼ੇ ‘ਤੇ ਫ਼ਿਲਮ ਬਣਾ ਰਿਹਾ ਹੈ। ਪੰਜਾਬੀ ਫ਼ਿਲਮ ‘ਵਿਰਸਾ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੇ ਪੰਕਜ ਨੂੰ ‘ਨੌਟੀ ਜੱਟਸ’ ਨਾਲ ਪਹਿਚਾਣ ਮਿਲੀ ਸੀ। ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਸਫ਼ਲ ਫ਼ਿਲਮਾਂ ਬਣਾਈਆਂ। ‘ਗੋਰਿਆਂ ਨੂੰ ਦਫ਼ਾ ਕਰੋ’ ਅਤੇ ‘ਬੰਬੂਕਾਟ’ ਨੇ ਉਸ ਨੂੰ ਪੰਜਾਬੀ ਦੇ ਸਫ਼ਲ ਨਿਰਦੇਸ਼ਕ ਵਜੋਂ ਸਥਾਪਤ ਕੀਤਾ।


ਚੰਡੀਗੜ• ਦੇ ਜੰਮਪਲ ਅਤੇ ਇਥੋਂ ਹੀ ਪੜ•ਾਈ ਕਰਨ ਵਾਲੇ ਪੰਕਜ ਦੇ ਮਨ ‘ਚ ਫ਼ਿਲਮਾਂ ਪ੍ਰਤੀ ਬਚਪਨ ਤੋਂ ਹੀ ਤਾਂਘ ਸੀ। ਇਹ ਤਾਂਘ ਜਾਨੂੰਨ ‘ਚ ਕਦੋਂ ਬਦਲ ਗਈ। ਇਸ ਬਾਰੇ ਉਸਨੂੰ ਵੀ ਨਹੀਂ ਪਤਾ। ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਹ ਸਿੱਧਾ ਮੁੰਬਈ ਚਲਾ ਗਿਆ। ਜਿਥੇ ਉਸਨੇ ਕਈ ਨਿਰਦੇਸ਼ਕਾਂ ਦੇ ਸਹਾਇਕ ਵਜੋਂ ਕੰਮ ਕੀਤਾ। ਕਈ ਲਘੂ ਫ਼ਿਲਮਾਂ ਵੀ ਬਣਾਈਆਂ। ਉਘੇ ਫ਼ਿਲਮ ਨਿਰਦੇਸ਼ਕ ਵਿੰਦੂ ਵਿਨੋਦ ਚੋਪੜਾ ਤੋਂ ਸਿਨੇਮੇ ਦੀਆਂ ਬਰੀਕੀਆਂ ਸਿੱਖੀਆਂ। ‘ਮਿਸ਼ਨ ਕਸ਼ਮੀਰ’ ਵਰਗੀਆਂ ਚਰਚਿਤ ਫ਼ਿਲਮਾਂ ਦਾ ਸਹਾਇਕ ਨਿਰਦੇਸ਼ਕ ਵਜੋਂ ਨਿਰਮਾਣ ਕੀਤਾ।  ਨਿਰਦੇਸ਼ਕਾ ਕਲਪਨਾ ਲਾਜ਼ਮੀ ਦੀ ਕੌਮਾਂਤਰੀ ਮੇਲਿਆਂ ਦੀ ਸ਼ਾਨ ਬਣਨ ਵਾਲੀ ਫ਼ਿਲਮ ‘ਦਮਨ’ ਦੇ ਸਹਾਇਕ ਨਿਰਦੇਸ਼ਕ ਹੋਣ ਦਾ ਵੀ ਉਸਨੂੰ ਮਾਣ ਹਾਸਲ ਹੈ।  ਬਾਲੀਵੁੱਡ ‘ਚ ਰਹਿੰਦਿਆਂ ਪੰਕਜ ਦਾ ਧਿਆਨ  ਹਮੇਸ਼ਾ ਪੰਜਾਬ ਵੱਲ ਰਿਹਾ।  ਪਤਨ ਵੱਧ ਵੱਧਦੇ ਪੰਜਾਬੀ ਸਿਨੇਮੇ ਨੇ ਜਦੋਂ ਮੁੜ ਅੰਗੜਾਈ ਲਈ ਤਾਂ ਉਸਨੇ ਵੀ ਪੰਜਾਬ ਵੱਲ ਰੁਖ਼ ਕੀਤਾ। ਨਿਰਦੇਸ਼ਕ ਚਿਤਾਰਥ ਸਿੰਘ ਨਾਲ ਐਸੋਸੀਏਟ ਨਿਰਦੇਸ਼ਕ ਵਜੋਂ ਫ਼ਿਲਮ ‘ਇਕ ਜ਼ਿੰਦ ਇਕ ਜ਼ਾਨ’ ਦਾ ਨਿਰਮਾਣ ਕੀਤਾ। ਰਵਾਇਤੀ ਵਿਸ਼ਿਆਂ ਤੋਂ ਹਟ ਕੇ ਬਤੌਰ ਨਿਰਦੇਸ਼ਕ ਪਲੇਠੀ ਫ਼ਿਲਮ ‘ਵਿਰਸਾ’ ਬਣਾਈ। ਇਸ ਫ਼ਿਲਮ ਨੂੰ ਭਾਵੇ ਆਮ ਲੋਕਾਂ ਵਲੋਂ ਬਹੁਤਾ ਹੰਗਾਰਾ ਨਹੀਂ ਮਿਲਿਆ। ਪਰ ਅਦਬੀ ਖੇਤਰਾਂ ਅਤੇ ਸਿਨੇਮੇ ਦੇ ਹਲਕਿਆਂ ‘ਚ ਉਸਦੀ ਚੰਗੀ ਚਰਚਾ ਹੋਈ। ਇਸ ਮਗਰੋਂ ਉਹ ਲਘੂ ਫ਼ਿਲਮਾਂ ‘ਚ ਰੁੱਝਿਆ ਰਿਹਾ। ‘ਨੌਟੀ ਜੱਟਸ’ ਨਾਲ ਮੁੜ ਪੰਜਾਬੀ ਸਿਨੇਮੇ ਨਾਲ ਜੁੜੇ ਪੰਕਜ ਦਾ ਫ਼ਿਲਮੀ ਸਫ਼ਰ ਬਾਦਸਤੂਰ ਜਾਰੀ ਹੈ। ਪੰਕਜ ਮੁਤਾਬਕ ਉਹ ਰੁਝਾਨ ਮੁਤਾਬਕ ਫ਼ਿਲਮ ਬਣਾਉਣ ਵਾਲਿਆਂ ‘ਚ ਸ਼ਾਮਲ ਨਹੀਂ, ਬਲਕਿ ਉਹ ਰੁਝਾਨ ਪੈਦਾ ਕਰਨ ਵਾਲੀਆਂ ਫ਼ਿਲਮਾਂ ਬਣਾਉਣ ਦਾ ਇੱਛਕ ਹੈ। ਪੰਕਜ ਮੁਤਾਬਕ ‘ਚੰਨਾ ਮੇਰਿਆ’ ਤੋਂ ਬਾਅਦ ਪੰਜਾਬੀ ‘ਚ ਹੋਰ ਵੀ ਇਸ ਕਿਸਮ ਦੀਆਂ ਲਵ ਸਟੋਰੀਆਂ ‘ਤੇ ਫ਼ਿਲਮਾਂ ਬਣਨਾ ਤੈਅ ਹੈ। #ਸਪਨ ਮਨਚੰਦਾ  #Sapan Manchanda, 9501633900

Leave a Reply

Your email address will not be published. Required fields are marked *

ਆਵਾਜ਼ ਤੇ ਅੰਦਾਜ਼ ਦੀ ਮਲਿਕਾ ਨਿਮਰਤ ਖਹਿਰਾ

Ranjit Bawa ਦੀ ਫ਼ਿਲਮ ‘ਖਿੱਦੋ ਖੂੰਡੀ’ ਸ਼ੁਰੂ, ਰੋਹਿਤ ਜੁਗਰਾਜ ਨਿਰਦੇਸ਼ਕ ਤੇ Naaz Norouzi ਹੈ ਹੀਰੋਇਨ