ਨਿਮਰਤ ਖ਼ਹਿਰਾ ਗਾਇਕੀ ਦੇ ਖ਼ੇਤਰ ‘ਚ ਬੱਦਲੀ ਬਣ ਵਰਸ ਰਹੀ ਹੈ। ਉਸ ਦੀ ਗਾਇਕੀ ਤੇ ਅੰਦਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ• ਬੋਲ ਰਿਹਾ ਹੈ। ਆਪਣੇ ਹਰ ਗੀਤ ਨਾਲ ਸਫ਼ਲਤਾ ਦੀ ਨਵੀਂ ਬੁਲੰਦੀ ਛੂਹ ਰਹੀ ਨਿਮਰਤ ਦਾ ਖੂਬਸੂਰਤ ਅੰਦਾਜ਼ ਲੱਖਾਂ ਦਿਲਾਂ ਨੂੰ ਬੇਚੈਨ ਕਰ ਰਿਹਾ ਹੈ। ਮਾਝੇ ਦੀ ਇਸ ਜੱਟੀ ਦੀਆਂ ਰਗਾਂ ‘ਚ ਖੂਨ ਦੇ ਨਾਲ ਨਾਲ ਸੰਗੀਤ ਵੀ ਦੌੜਦਾ ਹੈ। ਨਿਮਰਤ ਅੱਜ ਜਿਸ ਮੁਕਾਮ ‘ਤੇ ਹੈ, ਇਹ ਉਸ ਨੇ ਸੌਖਿਆਂ ਹੀ ਨਹੀਂ ਹਾਸਲ ਕਰ ਲਿਆ। ਇਸ ਪਿੱਛੇ ਉਸ ਦੀ ਦਿਨ ਰਾਤ ਦੀ ਮਿਹਨਤ, ਸਬਰ ਤੇ ਮਾਂ ਬਾਪ ਦੀ ਮਿਹਨਤ ਦੇ ਨਾਲ ਨਾਲ ‘ਪੰਜ ਆਬ ਮਿਊਜ਼ਿਕ’ ਕੰਪਨੀ ਦਾ ਵੀ ਵੱਡਾ ਯੋਗਦਾਨ ਹੈ। ਪੰਜਾਬੀ ਫ਼ਿਲਮ ‘ਲਹੌਰੀਏ’ ਵਿੱਚ ਅਮਰਿੰਦਰ ਗਿੱਲ ਨਾਲ ਅਦਾਕਾਰ ਵਜੋਂ ਕੰਮ ਕਰ ਚੁੱਕੀ ਨਿਮਰਤ ਅੱਜ ਕੱਲ• ਆਪਣੇ ਨਵੇਂ ਗੀਤ ‘ਭੰਗੜਾ ਗਿੱਧਾ’ ਨਾਲ ਚਰਚਾ ‘ਚ ਹੈ। ਗੀਤਕਾਰ ਬੱਬੂ ਦਾ ਲਿਖਿਆ ਤੇ ਦੇਸੀ ਕਰਿਊ ਦੇ ਮਿਊਜ਼ਿਕ ‘ਚ ਆਏ ਇਸ ਗੀਤ ਨੂੰ ਚੁਫੇਰਿਓਂ ਭਰਵਾਂ ਹੰਗਾਰਾ ਮਿਲ ਰਿਹਾ ਹੈ। ਆਪਣੇ ਨਾਂ ਵਾਂਗ ਨਿਮਰ ਸੁਭਾਅ ਦੀ ਇਹ ਕੁੜੀ ਹਰ ਇਕ ਦਾ ਸਤਿਕਾਰ ਕਰਨਾ ਉਹ ਭੁੱਲਦੀ ਨਹੀਂ, ਉੱਚੀ ਆਵਾਜ਼ ‘ਚ ਉਸ ਨੇ ਕਦੇ ਕਿਸੇ ਨਾਲ ਗੱਲ ਕਰਕੇ ਦੇਖੀ ਨਹੀਂ। ਵਿਰੋਧ ਕਰਨ ਵਾਲਿਆਂ ‘ਤੇ ਕੁੜਨਾ ਉਹਨੂੰ ਆਉਂਦਾ ਨਹੀਂ। ਬੱਸ ਸ਼ਾਂਤ ਚਿੱਤ ਆਪਣੇ ਕੰਮ ਲੱਗੇ ਰਹਿਣਾ ਉਸਦੀ ਫ਼ਿਤਰਤ ਦਾ ਹਿੱਸਾ ਹੈ।
ਉਹ ਦੱਸਦੀ ਹੈ ਕਿ ਉਸਦੀ ਇਕੋ ਰੀਝ ਹੈ ਕਿ ਉਹ ਗਾਉਂਦੀ ਜਾਵੇ ਤੇ ਸਰੋਤੇ ਉਸ ਨੂੰ ਹਮੇਸ਼ਾ ਪਿਆਰ ਦਿੰਦੇ ਰਹਿਣ। ਉਹ ਉੱਚੇ ਸੁਪਨੇ ਤਾਂ ਦੇਖਦੀ ਹੈ, ਪਰ ਇਹ ਸੁਪਨੇ ਸਾਕਾਰ ਕਰਨ ਲਈ ਉਹ ਓਹੜ ਪੋਹੜ ਨਹੀਂ ਕਰਦੀ। ਬੱਸ, ਆਪਣਾ ਕਰਮ ਕਰ ਰਹੀ ਹੈ। ਇਹ ਉਸ ‘ਤੇ ਕੁਦਰਤ ਦੀ ਬਖਸ਼ਿਸ਼ ਹੀ ਹੈ ਕਿ ਜਿਸ ਉਮਰ ‘ਚ ਕੁੜੀਆਂ ਨੂੰ ਗੁੱਡੀਆਂ, ਪਟੋਲਿਆ ਨਾਲ ਮੋਹ ਹੁੰਦਾ ਹੈ, ਉਸ ਉਮਰ ‘ਚ ਉਹ ਸੰਗੀਤ ਦੇ ਲੇਖੇ ਲੱਗ ਗਈ ਸੀ। ਉਸ ਨੂੰ ਸਫ਼ਲ ਹੋਣ ਲਈ ਕਈ ਵਾਰ ਅਸਫ਼ਲ ਹੋਣਾ ਪਿਆ, ਪਰ ਉਸ ਨੇ ਹੌਂਸਲਾ ਨਹੀਂ ਹਾਰਿਆ, ਮਿਹਨਤ ਕਰਦੀ ਗਈ। ਨਿਮਰਤ ਦੱਸਦੀ ਹੈ ਕਿ ਉਹ 12ਵੀਂ ਵਿੱਚ ਪੜ•ਦੀ ਸੀ ਜਦੋਂ ਉਸ ਨੇ ਪਹਿਲੀ ਵਾਰ ਐਮ.ਐਚ.1 ਲਈ ਆਡੀਸ਼ਨ ਦਿੱਤਾ। ਇਸ ‘ਚੋਂ ਉਹ ਸੈਮੀਫ਼ਾਈਨਲ ‘ਚੋਂ ਹੀ ਬਾਹਰ ਹੋ ਗਈ। ਉਸ ਤੋਂ ਬਾਅਦ ਜਦੋਂ ਉਹ ਬਾਇਓਟੈੱਕ ਦੇ ਪਹਿਲੇ ਸਾਲ ਵਿੱਚ ਸੀ ਤਾਂ ਉਸਨੇ ਪੀ.ਟੀ.ਸੀ ਚੈਨਲ ਦੇ ‘ਵੁਆਇਸ ਆਫ਼ ਪੰਜਾਬ’ ਲਈ ਆਡੀਸ਼ਨ ਦਿੱਤਾ ਤਾਂ ਆਡੀਸ਼ਨ ‘ਚੋਂ ਹੀ ਆਊਟ ਹੋ ਗਈ। ਅਗਲੇ ਸਾਲ ਉਸਨੇ ਫਿਰ ‘ਵੁਆਇਸ ਆਫ਼ ਪੰਜਾਬ ਸੀਜ਼ਨ 2’ ਲਈ ਆਡੀਸ਼ਨ ਦਿੱਤਾ ਤੇ ਗ੍ਰੈਂਡ ਫਿਨਾਲੇ ‘ਚੋਂ ਬਾਹਰ ਹੋ ਗਈ। ਉਸਨੇ ਕੋਸ਼ਿਸ਼ ਕਰਨੀ ਨਹੀਂ ਛੱਡੀ।
ਅਗਲੇ ਸਾਲ ਫਿਰ 2012 ਵਿੱਚ ‘ਵੁਆਇਸ ਆਫ਼ ਪੰਜਾਬ ਸੀਜ਼ਨ 3’ ਲਈ ਆਡੀਸ਼ਨ ਦਿੱਤਾ । ਇਸ ਸੀਜ਼ਨ ‘ਚ ਉਹ ਜੇਤੂ ਹੋ ਕੇ ਨਿਕਲੀ। ਵਰਿ•ਆ ਦੀ ਮਿਹਨਤ ਰੰਗ ਲਿਆਈ। ਖੁਦ ਨੂੰ ਵਧੀਆ ਗਾਇਕਾ ਸਾਬਤ ਕਰਨ ਤੋਂ ਬਾਅਦ ਹੁਣ ਉਸ ਲਈ ਵੱਡੀ ਚੁਣੌਤੀ ਸੀ ਕਿ ਉਹ ਕਮਰਸ਼ੀਅਲ ਤੌਰ ‘ਤੇ ਆਪਣੇ ਸਫ਼ਰ ਦੀ ਸ਼ੁਰੂਆਤ ਕਿਵੇਂ ਤੇ ਕਿਥੋਂ ਕਰੇ।

ਨਿਮਰਤ ਤੇ ਉਸ ਦੇ ਪਿਤਾ ਨੇ ਮੁੜ ਤੋਂ ਮਿਹਨਤ ਕੀਤੀ। ਕਈ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ, ਪਰ ਕਿਸੇ ਨੇ ਸਹੀ ਰਾਹ ਨਹੀਂ ਪਾਇਆ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ‘ਪੰਜ ਆਬ ਰਿਕਾਰਡਸ’ ਦੀ ਟੀਮ ਨਾਲ ਹੋਈ। ਇਸ ਕੰਪਨੀ ਨੇ ਉਹਨਾਂ ਦਿਨਾਂ ‘ਚ ਪੰਜਾਬੀ ਗਾਇਕ ਰਣਜੀਤ ਬਾਵਾ ਸਮੇਤ ਕਈ ਨਵੇਂ ਗਾÎਇਕਾਂ ਨੁੰ ਲਾਂਚ ਕੀਤਾ ਸੀ। ਸੋ ਹੁਣ ਵਾਰੀ ਨਿਮਰਤ ਦੀ ਸੀ। ਸਾਲ 2016 ‘ਚ ਇਸ ਕੰਪਨੀ ਅਤੇ ਹਰਵਿੰਦਰ ਸਿੱਧੂ ਦੀ ਅਗਵਾਈ ‘ਚ ਨਿਮਰਤ ‘ਇਸ਼ਕ ਕਚਹਿਰੀ’ ਨਾਲ ਹਾਜ਼ਰ ਹੋਈ। ਇਸ ਗੀਤ ਨੇ ਉਸ ਨੂੰ ਪਹਿਚਾਣ ਦਿਵਾਈ। ਉਸ ਦੇ ਗੀਤ ‘ਐਸ.ਪੀ. ਦੇ ਰੈਂਕ ਵਰਗੀ’, ‘ਸਲੂਟ ਵੱਜਦੇ’, ‘ਤਾਂ ਵੀ ਚੰਗਾ ਲੱਗਦਾ’, ‘ਰੋਹਬ ਰੱਖਦੀ’ ਆਏ ਤਾਂ ਉਹ ਪੰਜਾਬੀ ਦੀ ਸਥਾਪਤ ਗਾÎਇਕਾ ਬਣ ਗਈ। ਪਿਛਲੇ ਮਹੀਨੇ ਆਈ ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ’ ਵਿਚਲਾ ਉਸਦਾ ਗੀਤ ‘ਦੁਬਈ ਵਾਲੇ ਸ਼ੇਖ਼’ ਖੂਬ ਵੱਜਿਆ। ਐਮੀ ਵਿਰਕ ਦੀ ਫ਼ਿਲਮ ‘ਸਾਹਬ ਬਹਾਦਰ’ ਵਿਚਲੇ ਉਸਦੇ ਗੀਤ ਨੇ ਵੀ ਉਸ ਦੀ ਖੂਬ ਚੜ•ਾਈ ਕਰਵਾਈ। ਨਿਮਰਤਾ ਦਾ ਕਹਿਣਾ ਹੈ ਕਿ ਉਹ ਰਾਤੋਂ ਰਾਤ ਸਟਾਰ ਨਹੀਂ ਬਣਨਾ ਚਾਹੁੰਦੀ। ਉਹ ਬੜੇ ਸਹਿਜ ਨਾਲ ਅੱਗੇ ਵੱਧ ਰਹੀ ਹੈ। ਹਰਵਿੰਦਰ ਸਿੱਧੂ ਵਰਗੇ ਸੂਝਵਾਨ ਵਿਅਕਤੀ ਦਾ ਸਾਥ ਉਸ ਨੂੰ ਹਰ ਮੋੜ ‘ਤੇ ਡੋਲਣ ਤੋਂ ਬਚਾ ਰਿਹਾ ਹੈ।
ਦਮਨਜੀਤ ਕੌਰ


