ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਫ਼ਿਲਮ ‘ਖਿੱਦੋ ਖੂੰਡੀ’ ਦੀ ਸ਼ੂਟਿੰਗ ਲੰਡਨ ‘ਚ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਰੋਹਿਤ ਜੁਗਰਾਜ ਦੀ ਇਸ ਫ਼ਿਲਮ ‘ਚ ਰਣਜੀਤ ਬਾਵਾ ਨਾਲ ਹਾਲੀਵੁੱਡ ਅਦਾਕਾਰਾ Naaz Norouzi ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਉਂਝ ਫ਼ਿਲਮ ‘ਚ ਮੈਂਡੀ ਤੱਖਰ ਤੇ ਮਾਨਵ ਵਿੱਜ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਬਾਵੇ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਹਾਕੀ ‘ਤੇ ਅਧਾਰਿਤ ਹੈ। ਫ਼ਿਲਮ ਲਈ ਹਾਕੀ ਦੇ ਮੱਕੇ ਵਜੋਂ ਮਸ਼ਹੂਰ ਪੰਜਾਬ ਦੇ ਸੰਸਾਰਪੁਰ ਨੂੰ ਆਧਾਰ ਬਣਾਇਆ ਗਿਆ ਹੈ। ਫ਼ਿਲਮ ‘ਚ ਬਾਵਾ ਇਕ ਨਾਮੀਂ ਹਾਕੀ ਖਿਡਾਰੀ ਦੀ ਭੂਮਿਕਾ ਨਿਭਾ ਰਿਹਾ ਹੈ। ਉਸ ਦੇ ਕਿਰਦਾਰ ਜ਼ਰੀਏ ਹਾਕੀ ਦੀ ਖੇਡ ਅਤੇ ਖਿਡਾਰੀਆਂ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਅਦਾਕਾਰ ਵਜੋਂ ਰਣਜੀਤ ਬਾਵਾ ਦੀ ਇਹ ਪੰਜਵੀਂ ਫ਼ਿਲਮ ਹੈ। ਬਾਵੇ ਦੀ ਪਹਿਲੀ ਫ਼ਿਲਮ ‘ਤੂਫ਼ਾਨ ਸਿੰਘ’ 4 ਅਗਸਤ ਨੂੰ ਵਿਦੇਸ਼ਾਂ ‘ਚ ਰਿਲੀਜ਼ ਹੋ ਰਹੀ ਹੈ। ਅਦਾਕਾਰ ਵਜੋਂ ਉਸ ਦੀ ਪ੍ਰਦਰਸ਼ਿਤ ਪਹਿਲੀ ਫ਼ਿਲਮ ‘ਸਰਵਣ’ ਸੀ। ਇਸੇ ਮਹੀਨੇ 28 ਜੁਲਾਈ ਨੂੰ ਉਸਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਅਤੇ ਇਸ ਦੇ ਮਗਰ ਹੀ 8 ਸਤੰਬਰ ਨੂੰ ‘ਭਲਵਾਨ ਸਿੰਘ’ ਰਿਲੀਜ਼ ਹੋਵੇਗੀ।


