ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਉਣਾ ਸੌਖਾ ਕੰਮ ਨਹੀਂ ਸੀ : ਦੇਵ ਖਰੋੜ

Posted on August 2nd, 2017 in Article

ਦੇਵ ਖਰੋੜ ਪੰਜਾਬੀ ਦਾ ਸਮਰੱਥ ਅਦਾਕਾਰ ਹੈ। ਅਦਾਕਾਰੀ ਉਸ ਦੇ ਖੂਨ ‘ਚ ਵੱਸੀ ਹੋਈ ਹੈ। ਉਹ ਭਗਵੰਤ ਮਾਨ, ਬੀਨੂੰ ਢਿੱਲੋਂ ਤੇ ਰਾਣਾ ਰਣਬੀਰ ਵਰਗੇ ਕਲਾਕਾਰਾਂ ਦਾ ਪੁਰਾਣਾ ਸਾਥੀ ਹੈ। ਦੇਵ ਨੇ ਇਹਨਾਂ ਨਾਲ ਹੀ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਆਪਣੀ ਮਿਹਨਤ ਸਦਕਾ ਇਹ ਸਾਰਾ ਗੁਰੱਪ ਹੁਣ ਪੰਜਾਬੀ ਸਿਨੇਮੇ ‘ਚ ਵੱਖਰੀ ਪਹਿਚਾਣ ਰੱਖਦਾ ਹੈ। ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ‘ਚ ਕੰਮ ਕਰ ਚੁੱਕੇ ਦੇਵ ਦੀ ਪਹਿਚਾਣ ‘ਰੁਪਿੰਦਰ ਗਾਂਧੀ’ ਫ਼ਿਲਮ ਨਾਲ ਜੁੜੀ ਹੋਈ ਹੈ। ਨਿੱਜੀ ਜ਼ਿੰਦਗੀ ‘ਚ ਭਾਵੇ ਉਹ ਗਾਂਧੀਵਾਦੀ ਵਿਚਾਰਾਂ ਵਾਲਾ ਹੈ, ਪਰ ਪਰਦੇ ‘ਤੇ ਉਸਨੇ ਇਕ ਗੈਂਗਸਟਰ ਦੀ ਜ਼ਿੰਦਗੀ ‘ਚ ਜਿਉਂਦਾ ਕਰ ਦਿੱਤਾ। ਬਹੁਤੇ ਦਰਸ਼ਕ ਉਸਨੂੰ ਹੁਣ ਗਾਂਧੀ ਵਜੋਂ ਹੀ ਜਾਣਦੇ ਹਨ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਸੀਕੁਅਲ ‘ਰੁਪਿੰਦਰ ਗਾਂਧੀ ਦਾ ਰੋਬਿਨ ਹੁੱਡ’ ਰਿਲੀਜ਼ ਹੋਣ ਜਾ ਰਿਹਾ ਹੈ। ਦੇਵ ਨੇ ਆਪਣੇ ਅਤੇ ਗੈਂਗਸਟਰ ਗਾਂਧੀ ਵਿਚਲਾ ਫਰਕ ਮਿਟਾਕੇ ਉਸ ਦੇ ਅਸਲ ਕਿਰਦਾਰ ਨੂੰ ਬਾਖੂਬੀ ਪਰਦੇ ‘ਤੇ ਪੇਸ਼ ਕੀਤਾ ਸੀ। ਇਸ ਫ਼ਿਲਮ ‘ਚ ਵੀ ਉਹ ਮੁੜ ਤੋਂ ਉਸੇ ਅੰਦਾਜ਼ ‘ਚ ਨਜ਼ਰ ਆਵੇਗਾ।
ਦੇਵ ਖਰੌੜ ਦਾ ਇੱਕ ਸਪੋਰਟਸ ਮੈਨ ਤੋਂ ਰੰਗਕਰਮੀ ਫਿਰ ਇੱਕ ਕਮੇਡੀਅਨ ਤੋਂ ਐਕਸ਼ਨ ਹੀਰੋ ਤੱਕ ਦਾ ਸਫ਼ਰ ਬੜਾ ਦਿਲਚਸਪ ਰਿਹਾ ਹੈ। ਦੇਵ ਪਟਿਆਲਾ ਜ਼ਿਲ•ੇ ਦੇ ਛੋਟੇ ਜਿਹੇ ਪਿੰਡ ਖੇੜਾ ਜੱਟਾ ਦਾ ਜੰਮਪਲ ਹੈ। ਬਚਪਨ ਵਿੱਚ ਹੀ ਪਿਤਾ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਦੇਵ ਨੂੰ ਉਸਦੇ ਮਾਤਾ ਹੀ ਨੇ ਪਾਲਿਆ। ਬਚਪਨ ਵਿੱਚ ਦੇਵ ਦਾ ਸ਼ੌਕ ਵਾਲੀਵਾਲ ਦਾ ਖਿਡਾਰੀ ਬਣਨ ਦਾ ਸੀ। ਉਸਨੇ ਆਪਣੇ ਸਕੂਲ ਸਮੇਂ ਬਹੁਤ ਮਿਹਨਤ ਕੀਤੀ ਤੇ ਜਲਦੀ ਹੀ ਉਹ ਸਕੂਲ ਦੀ ਵਾਲੀਵਾਲ ਟੀਮ ਦਾ ਨਾਮਵਰ ਖਿਡਾਰੀ ਬਣ ਗਿਆ। ਸੈਕੰਡਰੀ ਤੱਕ ਦੀ ਪੜ•ਾਈ ਪਾਸ ਕਰਨ ਤੋਂ ਬਾਅਦ ਦੇਵ ਆਪਣੀ ਗ੍ਰੇਜੁਏਸ਼ਨ ਕਰਨ ਲਈ ਮਹਿੰਦਰਾ ਕਾਲਜ ਪਟਿਆਲਾ ਚਲਾ ਆਇਆ। ਇਥੇ ਵੀ ਉਸਨੇ ਆਪਣੀ ਗੇਮ ‘ਤੇ ਹੀ ਧਿਆਨ ਦਿੱਤਾ। ਉਸਦੀ ਕਾਬਲੀਅਤ ਨੂੰ ਦੇਖਦੇ ਹੋਏ ਕੋਚ ਉਸਨੂੰ ਆਪਣੇ ਨਾਲ ਖਾਲਸਾ ਕਾਲਜ ਲੈ ਗਿਆ ਅਤੇ ਬਾਅਦ ਵਿੱਚ ਦੇਵ ਨੇ ਆਪਣੀ ਗ੍ਰੇਜੁਏਸ਼ਨ ਦਾ ਆਖਰੀ ਸਾਲ ਰਿਪੁਦਮਨ ਕਾਲਜ ਨਾਭਾ ਤੋਂ ਕੀਤਾ। ਦੇਵ ਵਾਲੀਵਾਲ ਦੀ ਟੀਮ ਵਿੱਚ ਆਲ ਇੰਡੀਆ ਇੰਟਰ-ਵਰਸਿਟੀ ਤੱਕ ਖੇਡਿਆ ਅਤੇ ਚੰਗਾ ਨਾਮਣਾ ਖੱਟਿਆ। ਉਸਦੀ ਗੇਮ ਨੂੰ ਦੇਖਦਿਆਂ ਉਸਨੂੰ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਨੌਕਰੀ ਦੀ ਪੇਸ਼ਕਸ਼ ਹੋਈ, ਪਰ ਇਥੇ ਆ ਕੇ ਹੁਣ ਉਸਦਾ ਮਨ ਬਦਲ ਚੁੱਕਾ ਸੀ। ਅਚਾਨਕ ਹੀ ਦੇਵ ਅਦਾਕਾਰੀ ਵੱਲ ਆਕਰਸ਼ਿਤ ਹੋਇਆ ਅਤੇ ਪਟਿਆਲਾ ਦੇ ਨਾਮਵਰ ਥੀਏਟਰ ਗਰੁੱਪ ਨਾਟਕਵਾਲਾ ਨਾਲ ਜੁੜ ਗਿਆ। ਇਥੇ ਉਸਨੇ ਉਘੇ ਰੰਗਕਰਮੀ ਰਾਜੇਸ਼ ਸ਼ਰਮਾ ਅਤੇ ਬਲਰਾਜ ਪੰਡਿਤ ਹੋਰਾਂ ਤੋਂ ਅਦਾਕਾਰੀ ਦੇ ਗੁਰ ਸਿਖੇ ਅਤੇ ਉਹਨਾਂ ਨਾਲ ਲਗਾਤਾਰ 6-7 ਸਾਲ ਰੰਗਮੰਚ ਕਰਦਾ ਰਿਹਾ। ਇਸ ਦੌਰਾਨ ਉਹ ਭਗਵੰਤ ਮਾਨ ਦੇ ਗਰੁੱਪ ਨਾਲ ਜੁੜ ਗਿਆ। ਉਸ ਸਮੇਂ ਭਗਵੰਤ ਮਾਨ ਦੇ ਕਾਮੇਡੀ ਗਰੁੱਪ ਵਿੱਚ ਰਣਬੀਰ ਰਾਣਾ ਅਤੇ ਬੀਨੂੰ ਢਿੱਲੋਂ ਵੀ ਕੰਮ ਕਰ ਰਹੇ ਸਨ। ਦੇਵ ਨੇ ਕਮੇਡੀ ਦੇ ਇਹਨਾਂ ਦਿਗਜ਼ ਕਲਾਕਾਰਾਂ ਨਾਲ ਮਿਲਕੇ ਜੁਗਨੂੰ ਮਸਤ-ਮਸਤ ਅਤੇ ਜੁਗਨੂੰ ਹਾਜ਼ਰ ਹੈ ਵਰਗੇ ਸ਼ੋਅ ਕੀਤੇ। ਕਨੇਡਾ,ਅਮਰੀਕਾ ਜਿਹੇ ਦੇਸ਼ਾਂ ਵਿੱਚ ਵੀ ਕਮੇਡੀ ਸ਼ੋਅ ਕੀਤੇ। ਜੁਗਨੂੰ ਮਸਤ-ਮਸਤ ਸ਼ੋਅ ਬੰਦ ਹੋਇਆ ਤਾਂ ਦੇਵ ਤਾਂ ਛੋਟੇ ਪਰਦੇ ‘ਤੇ ਸੀਰੀਅਲਾਂ ਦਾ ਸਫ਼ਰ ਸ਼ੁਰੂ ਹੋ ਗਿਆ। ਅੱਧੀ ਦਰਜਨ ਤੋਂ ਵੱਧ ਟੀਵੀ ਸੀਰੀਅਲ ਕੀਤੇ। ਸਾਲ 2010 ‘ਚ ਸਿਨੇਮੇ ਨਾਲ ਜੁੜ ਗਿਆ। ਉਸਦੀ ਪਹਿਲੀ ਫ਼ਿਲਮ ‘ਕਬੱਡੀ ਇਕ ਮੁਹੱਬਤ’ ਸੀ। ਇਸ ਤੋਂ ਬਾਅਦ ਦੇਵ ਸਾਲ 2013 ਵਿੱਚ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਫਿਲਮ ‘ਸਾਡਾ ਹੱਕ’ ਵਿੱਚ ਵੀ ਨਜ਼ਰ ਆਇਆ। ਨਿਰਮਾਤਾ ਲਖਵੀਰ ਚਾਹਲ ਦੀ ਫ਼ਿਲਮ ‘ ਰੁਪਿੰਦਰ ਗਾਂਧੀ ਦਾ ਗੈਗਸਟਰ’ ਨੇ ਉਸਦੀ ਜ਼ਿੰਦਗੀ ‘ਚ ਵੱਡਾ ਬਦਲਾਅ ਲਿਆਂਦਾ। ਇਸ ਫ਼ਿਲਮ ਨੇ ਸਫ਼ਲਤਾ ਦਾ ਨਵਾਂ ਇਤਿਹਾਸ ਸਿਰਜਿਆ। ਇਸ ਫ਼ਿਲਮ ਨਾਲ ਹੀ ਉਸ ਨੂੰ ਗਾਂਧੀ ਨਾਂ ਵੀ ਮਿਲਿਆ।


ਹੁਣ ਇਸ ਫ਼ਿਲਮ ਦਾ ਸੀਕੁਅਲ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਨਿਰਦੇਸ਼ਕ ਅਵਤਾਰ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਇਸ ਫ਼ਿਲਮ ‘ਰੁਪਿੰਦਰ ਗਾਂਧੀ 2 -ਦ ਰੌਬਨਹੁੱਡ’ ਰਿਲੀਜ ਤੋਂ ਪਹਿਲਾਂ ਹੀ ਚਰਚਾ ਵਿੱਚ ਹੈ। ਇਹ ਫ਼ਿਲਮ ਰੁਪਿੰਦਰ ਗਾਂਧੀ ਦੇ ਸਫ਼ਰ ਨੂੰ ਅੱਗੇ ਤੋਰਦੀ ਹੈ, ਪਰ ਇਹ ਫ਼ਿਲਮ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਹੈ। ਪੰਜਾਬ ਅਤੇ ਰਾਂਚੀ ‘ਚ ਫ਼ਿਲਮਾਈ ਗਈ ਇਸ ਫ਼ਿਲਮ ‘ਚ ਜ਼ਿਆਦਾਤਰ ਚਿਹਰੇ ਪਹਿਲੀ ਫ਼ਿਲਮ ਵਾਲੇ ਹੀ ਹਨ। ਦੇਵ ਮੁਤਾਬਕ ਇਹ ਫ਼ਿਲਮ ਰੁਪਿੰਦਰ ਗਾਂਧੀ ਦੇ ਸਫ਼ਰ ਨੂੰ ਦਰਸਾਉਂਦੀ ਹੋਈ ਪੰਜਾਬ ‘ਚ ਫ਼ੈਲੇ ਗੁੰਡਾਗਰਦੀ ਦੇ ਜਾਲ ਤੋਂ ਪਰਦਾ ਚੁੱਕਦੀ ਹੈ। ਇਸ ਫ਼ਿਲਮ ਤੋਂ ਉਸ ਨੂੰ ਬਹੁਤ ਆਸਾਂ ਹਨ। ਇਸ ਫ਼ਿਲਮ ਤੋਂ ਬਾਅਦ ਉਹ ਬੀਨੂੰ ਢਿੱਲੋਂ ਦੀ ਨਿਰਮਾਤਾ ਵਜੋਂ ਪਹਿਲੀ ਫ਼ਿਲਮ ‘ਬਾਈਲਾਰਸ’ ਵਿੱਚ ਨਜ਼ਰ ਆਵੇਗਾ।
ਅਕਸ ਮਹਿਰਾਜ
9478884200

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?