ਸਿਨੇਮਾ ਮੇਰਾ ਜਨੂੰਨ ਹੈ। ਮੈਂ ਸਿਨੇਮਾ ਦਾ ਵਿਦਿਆਰਥੀ ਹਾਂ, ਬਹੁਤਾ ਲਾਇਕ ਬੇਸ਼ੱਕ ਨਾ ਹੋਵਾਂ ਪਰ ਮਿਹਨਤੀ ਬਹੁਤ ਹਾਂ । ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੀਆਂ ਫਿਲਮਾਂ ਤੋਂ ਲੈ ਕੇ ਸੰਸਾਰ ਦੀਆਂ ਵੱਖ ਵੱਖ ਭਾਸ਼ਾਵਾਂ ਦੀਆਂ ਫਿਲਮਾਂ ਤੱਕ ਮੈਂ ਸਿਨੇਮਾ ਦਾ ਹਰ ਪੱਖ ਜਾਨਣ ਦੀ ਖਾਹਿਸ਼ ਰੱਖਦਾ ਹਾਂ । ਮੇਰੀ ਇਹ ਖਾਹਿਸ਼ ਲਗਭਗ 42 ਸਾਲ ਪਹਿਲਾਂ ਸ਼ੂਰੂ ਹੋਈ ਸੀ ਜਦ ਮੈਂ ਸਿਰਫ ਸੱਤ ਸਾਲ ਦਾ ਸੀ। ਉਸ ਦਿਨ ਜਿਸ ਦਿਨ ਮੈਂ ਪਹਿਲੀ ਵਾਰ ‘ਸ਼ੋਅਲੇ’ ਵੇਖੀ ਸੀ । ਮੈਂ ਇਹ ਫਿਲਮ ਵੇਖ ਕੇ ਆਪਣੇ ਬਾਪੂ ਜੀ ਨੂੰ ਪੁੱਛਿਆ ਸੀ ਕਿ ਇਹ ਫਿਲਮ ਕੌਣ ਬਣਾਉਂਦਾ ਹੈ , ਤਾਂ ਬਾਪੂ ਜੀ ਨੇ ਜਵਾਬ ਦਿੱਤਾ ਸੀ ਕਿ ਫਿਲਮ ਡਾਇਰੈਕਟਰ ਬਣਾਉਂਦਾ ਹੈ । ਮੈਂ ਫੇਰ ਪੁੱਛਿਆ ਸੀ ਕਿ ਇਹ ਫਿਲਮ ਦੀ ਕਹਾਣੀ ਕੌਣ ਲਿਖਦਾ ਹੈ ਤਾਂ ਬਾਪੂ ਜੀ ਨੇ ਕਿਹਾ ਸੀ ਕਿ ਫਿਲਮ ਲੇਖਕ ਲਿਖਦਾ ਹੈ ਅਤੇ ਉਨਾਂ ਨੇ ਮੈਨੂੰ ‘ਸ਼ੋਅਲੇ’ ਦੇ ਪੋਸਟਰ ਤੇ ਡਾਇਰੈਕਟਰ ਰਮੇਸ਼ ਸਿੱਪੀ ਅਤੇ ਲੇਖਕ ਜੋੜੀ ਸਲੀਮ-ਜਾਵੇਦ ਦੇ ਨਾਂਅ ਵਿਖਾ ਦਿੱਤੇ ਸਨ । ਮੈਂ ਬਾਪੂ ਜੀ ਦੇ ਨਾਲ ਸਾਇਕਲ ਤੇ ਬੈਠ ਵਾਪਸ ਘਰ ਜਾਂਦਾ ਇਹੋ ਸੋਚ ਰਿਹਾ ਸੀ ਕਿ ਜ਼ਿੰਦਗੀ ‘ਚ ਫਿਲਮ ਹੀ ਬਣਾਉਣੀ ਹੈ , ਹੋਰ ਕੋਈ ਕੰਮ ਨਹੀਂ ਕਰਨਾ । ਜਦ ਥੋੜਾ ਵੱਡਾ ਹੋਇਆ ਤਾਂ ਕਵਿਤਾ ਲਿਖਣ ਲੱਗਿਆ , ਫਿਰ ਗੀਤ ਲਿਖਣ ਲੱਗ ਪਿਆ, ਰੰਗਮੰਚ ਨਾਲ ਜੁੜ ਕੇ ਨਾਟਕ ਕੀਤੇ, ਸਾਹਿਤ ਸਭਾ ਬਠਿੰਡਾ ਨਾਲ ਜੁੜਿਆ , ਰਾਜਨੀਤਕ ਗਤੀਵਿਧੀਆਂ ‘ਚ ਹਿੱਸਾ ਲਿਆ , ਪੱਤਰਕਾਰੀ ਕੀਤੀ , ਰੇਡੀਓ ਸ਼ਟੇਸ਼ਨ ਬਠਿੰਡਾ ‘ਚ ਬਤੌਰ ਅਨਾਊਂਸਰ ਨੌਕਰੀ ਕੀਤੀ ਪਰ ਫਿਲਮਕਾਰ ਬਣਨ ਦਾ ਸੁਪਨਾ ਕਦੇ ਮਰਨ ਨਹੀਂ ਦਿੱਤਾ । ਇਸ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਦਾ ਰਿਹਾ ।
ਜਵਾਨੀ ਪਹਿਰੇ ਮੁੰਬਈ ਜਾਣਾ ਚਾਹੁੰਦਾ ਸਾਂ ਪਰ ਦੋ ਘਰਾਂ ‘ਚ ਇੱਕਲਾ ਪੁੱਤ ਹੋਣ ਕਾਰਨ ਮਾਂ ਅਤੇ ਮਾਸੀ ਦੋਹਾਂ ਨੇ ਇਜਾਜ਼ਤ ਨਾ ਦਿੱਤੀ । ਉਨਾਂ ਸਮਿਆਂ ‘ਚ ਪੰਜਾਬੀ ‘ਚ ਫਿਲਮਾਂ ਬਣ ਨਹੀਂ ਰਹੀਆਂ ਸਨ । ਗੁੱਗੂ ਗਿੱਲ, ਯੋਗਰਾਜ ਸਿੰਘ ਵਾਲਾ ਦੌਰ ਖਤਮ ਹੋ ਰਿਹਾ ਸੀ , ਨਵਾਂ ਕੋਈ ਬਦਲ ਆ ਨਹੀਂ ਸੀ ਰਿਹਾ , ਸੋ ਮੈਂ ਪੰਜਾਬੀ ਗੀਤ ਸੰਗੀਤ ਦੇ ਖੇਤਰ ‘ਚ ਕੰਮ ਕਰਨ ਲੱਗ ਪਿਆ । ਬਹੁਤ ਸਾਰੇ ਗੀਤ ਲਿਖੇ , ਬਹੁਤ ਸਾਰੇ ਗਾਇਕ ਲੋਕਾਂ ਸਾਹਮਣੇ ਪੇਸ਼ ਕੀਤੇ । ਇੱਕ ਕਵੀ ਤੋਂ ਬਾਅਦ ਬਤੌਰ ਗੀਤਕਾਰ ਵੀ ਮੇਰਾ ਥੋੜਾ ਬਹੁਤ ਨਾਂਅ ਬਣ ਗਿਆ, ਪਰ ਦਿਲ ‘ਚ ਫਿਲਮਕਾਰ ਬਣਨ ਦਾ ਸੁਪਨਾ ਇੱਕ ਚੀਸ ਵਾਂਗ ਪਲਦਾ ਰਿਹਾ ।
ਹੌਲੀ ਹੌਲੀ ਸਮੇਂ ਨੇ ਪਾਸਾ ਬਦਲਿਆ । ਪੰਜਾਬੀ ਸਿਨੇਮਾ ਫਿਰ ਸ਼ੁਰੂ ਹੋਇਆ । ਮਨਮੋਹਨ ਸਿੰਘ , ਹਰਭਜਨ ਮਾਨ , ਗੁਰਦਾਸ ਮਾਨ ਅਤੇ ਮਨੋਜ ਪੁੰਜ ਦੇ ਯਤਨਾਂ ਸਦਕਾ ਇੱਕ ਨਵਾਂ ਪੰਜਾਬੀ ਸਿਨੇਮਾ ਦਰਸ਼ਕਾਂ ਸਾਹਮਣੇ ਆਇਆ । ਇਹ ਮੇਰੇ ਵਰਗਿਆਂ ਲਈ ਸ਼ੁਭ ਮੌਕਾ ਸੀ । ਇਸ ਵਾਰ ਪੰਜਾਬੀ ਸਿਨੇਮਾ ਨੇ ਮੇਰੀ ਬਾਂਹ ਫੜ ਲਈ । ਮੈਂ ਕਈ ਫਿਲਮਾਂ ਦੇ ਗੀਤ ਲਿਖੇ, ਸਕਰੀਨ ਪਲੇਅ , ਡਾਇਲਾਗ ਲਿਖੇ ਅਤੇ ਕੁੱਝ ਹੱਦ ਤੀਕ ਸਫਲ ਵੀ ਹੋਇਆ , ਪਰ ਬਤੌਰ ਡਾਇਰੈਕਟਰ ਮੈਂ ਜੋ ਕੰਮ ਕਰਨਾ ਚਾਹੁੰਦਾ ਸੀ ਉਸ ਲਈ ਰਾਹ ਹਾਲੇ ਵੀ ਮਿਲ ਨਹੀਂ ਸੀ ਰਿਹਾ । ਮੈਂ ਪਿਛਲੇ ਵੀਹ ਸਾਲ ਤੋਂ ਆਪਣੀਆਂ ਮਨਪਸੰਦ ਸਕਰਿਪਟਾਂ ਲਿਖ ਲਿਖ ਕੇ ਰੱਖ ਰਿਹਾ ਸਾਂ । ਇੰਨਾਂ ਸਕਰਿਪਟਾਂ ਵਿੱਚੋਂ ਹੀ ਇੱਕ ਸਕਰਿਪਟ ਨੇ ਬਾਅਦ ‘ਚ ‘ਜੋਰਾ ਦਸ ਨੰਬਰੀਆ’ ਦਾ ਰੂਪ ਲਿਆ ਹੈ ।
ਮੈਂ ਚਾਹੁੰਦਾ ਸਾਂ ਕਿ ਮੈਂ ‘ਜੋਰਾ ਦਸ ਨੰਬਰੀਆ’ ਫਿਲਮ ਬਣਾ ਕੇ ਪੰਜਾਬੀ ਸਿਨੇਮਾ ‘ਚ ਬਤੌਰ ਡਾਇਰੈਕਟਰ ਆਪਣੀ ਹਾਜ਼ਰੀ ਦਰਜ਼ ਕਰਾਵਾਂ ਪਰ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਹੋਰ ਕਿਸਮ ਦੀਆਂ ਫਿਲਮਾਂ ਬਣਾਉਣ ਵੱਲ ਰੁਚਿੱਤ ਸਨ। ਇਸ ਲਈ ਮੇਰੀ ਇਹ ਵੱਖਰੀ ਜਿਹੀ ਸਕਰਿਪਟ ਵੱਲ ਕਿਸੇ ਨੇ ਖਾਸ ਧਿਆਨ ਨਾ ਦਿੱਤਾ । ਮੈਂ ਕਈ ਬੰਦਿਆਂ ਨੂੰ ਮਿਲਿਆ ਪਰ ਗੱਲ ਸਿਰੇ ਨਾ ਚੜੀ । ਮੈਂ ਇਹ ਫਿਲਮ ਇਸ ਲਈ ਬਣਾਉਣੀ ਚਾਹੁੰਦਾ ਸੀ ਕਿਉਂਕਿ ਇੱਕ ਤਾਂ ਇਹ ਮੇਰੀ ਸਭ ਤੋਂ ਮਨਪਸੰਦ ਸਕਰਿਪਟ ਹੈ , ਦੂਜਾ ਇਹ ਆਮ ਪੰਜਾਬੀ ਫਿਲਮਾਂ ਤੋਂ ਬਹੁਤ ਵੱਖਰੀ ਹੈ , ਤੀਜਾ ਇਹ ਸਕਰਿਪਟ ਸੱਚ ਦੇ ਬਹੁਤ ਨੇੜੇ ਹੈ ਅਤੇ ਮੇਰੇ ਸ਼ਹਿਰ ਬਠਿੰਡਾ ਦੇ ਵਿੱਚ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਇਸ ਵਿੱਚ ਜ਼ਿਕਰ ਹੈ। ਇਹ ਮੇਰੇ ਮਨਪਸੰਦ ਸਿਨੇਮਾ ਦੀ ਵੰਨਗੀ ਹੈ । ਜਿਸ ਤਰਾਂ ਦਾ ਸਿਨੇਮਾ ਮੈਨੂੰ ਪਸੰਦ ਹੈ , ਦੇਸੀ , ਮਿੱਟੀ ਨਾਲ ਜੁੜਿਆ , ਰਾਅ , ਹਾਰਡ ਹਿਟਿੰਗ, ਇਹ ਉਸ ਤਰ•ਾਂ ਦੀ ਸਕਰਿਪਟ ਹੈ । ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਸਕਰਿਪਟ ਹੈ ਜਾਂ ਮੈਂ ਕੋਈ ਮਹਾਨ ਲੇਖਕ ਨਿਰਦੇਸ਼ਕ ਹਾਂ, ਹਾਂ ਇੰਨਾਂ ਜ਼ਰੂਰ ਕਹਿੰਦਾ ਹਾਂ ਕਿ ਇਹ ਇੱਕ ਅਸਲੋਂ ਵੱਖਰੀ ਸਕਰਿਪਟ ਹੈ ।

ਇਸ ਫਿਲਮ ਲਈ ਪ੍ਰੋਡਿਊਸਰ ਦੀ ਭਾਲ ਕਰਦਿਆਂ ਮੈਂ ਦੋ ਲਘੂ ਫਿਲਮਾਂ ਸੁੱਤਾ ਨਾਗ ਅਤੇ ਖੂਨ ਵੀ ਬਣਾਈਆਂ ਜੋ ਦਰਸ਼ਕਾਂ ਵੱਲੋਂ ਕਾਫੀ ਸਰਾਹੀਆਂ ਵੀ ਗਈਆਂ । ਇਸੇ ਦੌਰਾਨ ਮੈਂ ‘ਜੋਰਾ ਦਸ ਨੰਬਰੀਆ’ ਦੀ ਸਕਰਿਪਟ ਪੰਜਾਬੀ ਦੇ ਸੁਪਰ ਸਟਾਰ ਅਭਿਨੇਤਾਵਾਂ ਨੂੰ ਸੁਣਾਈ ਪਰ ਕੋਈ ਹਾਂ ਪੱਖੀ ਜਵਾਬ ਨਾ ਮਿਲਿਆ । ਸਕਰਿਪਟ ਪਸੰਦ ਸਭ ਨੂੰ ਆਉਂਦੀ ਸੀ ਪਰ ਉਹ ਲੋਕ ਸ਼ਾਇਦ ਇੱਕ ਦਮ ‘ਹਾਂ’ ਕਹਿਣ ਨੂੰ ਆਪਣੀ ਹੇਠੀ ਸਮਝਦੇ ਸਨ ਤੇ ਉਨਾਂ ਦੇ ਬਾਰ ਮੂਹਰੇ ਰੋਜ਼ ਗੇੜੇ ਮਾਰਨ ਦੀ ਆਦਤ ਮੈਂ ਪਾਲ ਨਹੀਂ ਸਾਂ ਸਕਦਾ । ਸੋ ਮੈਂ ਕਿਸੇ ਹੋਰ ‘ਹੀਰੋ’ ਦੀ ਭਾਲ ‘ਚ ਤੁਰ ਪਿਆ । ਇਸੇ ਵਕਤ ਮੈਨੂੰ ਦੀਪ ਸਿੱਧੂ ਮਿਲਿਆ । ਉਸਦੀ ਪਹਿਲੀ ਫਿਲਮ ‘ਰਮਤਾ ਜੋਗੀ’ ਰਿਲੀਜ਼ ਹੋਈ ਸੀ । ਉਸ ਫਿਲਮ ‘ਚ ਉਸਦੀ ਭਾਸ਼ਾ ਸੁਣ ਕੇ ਮੈਂ ਸੋਚ ਲਿਆ ਕਿ ਇਹ ਬੰਦਾ ‘ਜੋਰਾ’ ਹੋ ਸਕਦਾ ਹੈ । ਮੈਂ ਉਸਨੂੰ ਫੋਨ ਕੀਤਾ ਅਤੇ ਅਸੀਂ ਚੰਡੀਗੜ ਦੇ ਇੱਕ ਹੋਟਲ ‘ਚ ਮਿਲੇ । ਦੀਪ ਸਿੱਧੂ ਨਾਲ ਦਸ ਮਿੰਟ ਦੀ ਪਹਿਲੀ ਮੁਲਾਕਾਤ ‘ਚ ਹੀ ਮੈਨੂੰ ਸ਼ਪਸ਼ਟ ਹੋ ਗਿਆ ਸੀ ਕਿ ‘ਜੋਰਾ’ ਦੀਪ ਸਿੱਧੂ ਹੀ ਬਣੇਗਾ । ਦੂਜੀ , ਤੀਜੀ ਮੁਲਾਕਾਤ ‘ਚ ਅਸੀਂ ਇੱਕ ਦੂਜੇ ਬਾਰੇ ਹੋਰ ਸ਼ਪਸ਼ਟ ਹੋ ਗਏ । ਦੀਪ ਸਿੱਧੂ ਵੀ ਦਰਅਸਲ ਮੇਰੇ ਸ਼ਹਿਰ ਬਠਿੰਡੇ ਨਾਲ ਹੀ ਸਬੰਧਿਤ ਹੈ , ਸੋ ਫਿਲਮ ਦੀ ਕਹਾਣੀ ਅਤੇ ਉਸਦੀ ਪਿੱਠ-ਭੂਮੀ ਉਸਨੇ ਜਲਦੀ ਸਮਝ ਲਈ । ਅਸੀਂ ਦੋਨਾਂ ਨੇ ਮੁੰਬਈ ‘ਚ ਮਿਲ ਕੇ ਆਪਣਾ ਬੈਨਰ ‘ਬਠਿੰਡੇ ਵਾਲੇ ਬਾਈ ਫਿਲਮਜ਼’ ਰਜਿਸਟਡ ਕਰਵਾਇਆ ਅਤੇ ਫਿਲਮ ਦਾ ਕੰਮ ਸ਼ੁਰੂ ਕਰ ਦਿੱਤਾ । ਪੈਸੈ ਸਾਡੇ ਕੋਲ ਸੀ ਹੀ ਨਹੀਂ , ਨਾ ਹੀ ਕਿਸੇ ਨੇ ਸਾਡਾ ਪੈਸੈ ਟਕੇ ਨਾਲ ਸਾਥ ਦਿੱਤਾ ਪਰ ਅਸੀਂ ਕੰਮ ਕਰਦੇ ਰਹੇ । ਦੋ ਸਾਲ ਦੀ ਮਿਹਨਤ ਬਾਅਦ ਅੱਜ ‘ਜੋਰਾ ਦਸ ਨੰਬਰੀਆ’ ਪੂਰੀ ਫਿਲਮ ਸਾਡੇ ਹੱਥ ‘ਚ ਹੈ । ਮੇਰੇ ਬਠਿੰਡੇ ਵਾਲੇ ਦੋਸਤਾਂ , ਦੀਪ ਸਿੱਧੂ ਦੇ ਦੋਸਤਾਂ ਅਤੇ ਭਰਾਵਾਂ ਦੇ ਸਾਥ ਕਰਕੇ ਇਹ ਸਭ ਸੰਭਵ ਹੋ ਸਕਿਆ ਹੈ । ਮੈਨੂੰ ਨਹੀਂ ਪਤਾ ਮੈਂ ਕਿੰਨੀ ਮਿਹਨਤ ਕੀਤੀ , ਮੈਂ ਤਾਂ ਸਭ ਪ੍ਰਮਾਤਮਾ ਦੇ ਹੱਥ ਡੋਰ ਦੇ ਕੇ ਲੱਗਿਆ ਰਿਹਾ , ਸਾਰੇ ਕੰਮ ਆਪੇ ਹੀ ਹੁੰਦੇ ਗਏ । ਇਸ ਪੂਰੀ ਪ੍ਰਕ੍ਰਿਆ ‘ਚ ਮੈਂ ਅਤੇ ਦੀਪ ਸਿੱਧੂ ਇੱਕ ਦੂਜੇ ਦਾ ਸਾਥ ਅਤੇ ਸਹਾਰਾ ਬਣੇ ਰਹੇ ਹਾਂ । ਸਾਡਾ ਇੱਕ ਦੂਜੇ ਉੱਤੇ ਅਤੇ ਫਿਲਮ ਉੱਤੇ ਵਿਸ਼ਵਾਸ਼ ਹਮੇਸ਼ਾ ਬਣਿਆ ਰਿਹਾ ਹੈ । ਬਾਕੀ ਸਭ ਦਰਸ਼ਕਾਂ ਦੇ ਹੱਥ ਹੈ ਪਰ ਅੰਤ ‘ਚ ਮੈਂ ਇੰਨਾਂ ਜ਼ਰੂਰ ਕਹਿ ਸਕਦਾ ਹਾਂ ਕਿ ‘ਜੋਰਾ ਦਸ ਨੰਬਰੀਆ’ ਜਿਹੋ ਜਿਹੀ ਫਿਲਮ ਮੈਂ ਬਣਾਉਣੀ ਚਾਹੁੰਦਾ ਸੀ ਬਿਲਕੁਲ ਉਹੋ ਜਿਹੀ ਹੀ ਬਣੀ ਹੈ । – ਅਮਰਦੀਪ ਸਿੰਘ ਗਿੱਲ
ਮੈਂ ‘ਜੋਰਾ ਦਸ ਨੰਬਰੀਆ’ ਕਿਉਂ ਬਣਾਈ : ਅਮਰਦੀਪ ਸਿੰਘ ਗਿੱਲ


