ਰਘਵੀਰ ਬੋਲੀ ਦੀ ਮਿਹਨਤ ਨੂੰ ਪੈਣਾ ਲੱਗਾ ਹੈ ਬੂਰ

Posted on November 4th, 2017 in Article

ਕਾਮੇਡੀਅਨ, ਅਦਾਕਾਰ ਤੇ ਗਾਇਕ ਰਘਵੀਰ ਬੋਲੀ ਪੰਜਾਬੀ ਮਨੋਰੰਜਨ ਜਗਤ ‘ਚ ਤੇਜ਼ੀ ਨਾਲ ਆਪਣੀ ਪਹਿਚਾਣ ਬਣਾਉਂਦਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਸਟੇਜਾਂ ਤੋਂ ਹੁੰਦਾ ਹੋਇਆ ਟੈਲੀਵਿਜ਼ਨ ਤੇ ਫਿਰ ਸਿਨੇਮੇ ਦੇ ਮਾਧਿਅਮ ਨਾਲ ਕਰੋੜਾਂ ਲੋਕਾਂ ਤੱਕ ਪਹੁੰਚਿਆ ਬੋਲੀ ਅੱਜ ਪੰਜਾਬੀ ਦਾ ਹਰਦਿਲ ਅਜ਼ੀਜ਼ ਅਦਾਕਾਰ ਹੈ। ਬਰਨਾਲੇ ਜ਼ਿਲ•ੇ ਦੇ ਪਿੰਡ ਹਰੀਗੜ• ਦੇ ਜੰਮਪਲ ਬੋਲੀ ਦਾ ਅਸਲ ਨਾਂ ਰਘਬੀਰ ਸਿੰਘ। ਬੋਲੀ ਨਾਂ ਉਸ ਨੂੰ ਸਰੋਤਿਆਂ ਨੇ ਦਿੱਤਾ ਹੈ। ਉਹ ਦੱਸਦਾ ਹੈ ਕਿ ਬਚਪਨ ਤੋਂ ਹੀ ਉਸ ਨੂੰ ਨਕਲਾਂ ਲਾਉਣ ਦਾ ਸ਼ੌਕ ਸੀ। ਉਹ ਆਪਣੇ ਪਿੰਡ ਗਲੀ ਗੁਆਂਢ ‘ਚ ਅਕਸਰ ਪਿੰਡ ਦੇ ਲੋਕਾਂ ਦੀਆਂ ਨਕਲਾਂ ਲਾਉਂਦਾ ਤੇ ਗੀਤ ਸੁਣਾਉਂਦਾ। ਸਕੂਲ ਦੀਆਂ ਸੱਭਿਆਚਾਰ ਗਤੀਵਿਧੀਆਂ ਨੇ ਉਸ ਦੇ ਇਸ ਸ਼ੌਕ ਨੂੰ ਹੁਲਾਰਾ ਦਿੱਤਾ। ਐਸ ਡੀ ਕਾਲਜ ਬਰਨਾਲਾ ‘ਚ ਉਸ ਦੀ ਸਖਸ਼ੀਅਤ ‘ਚ ਨਿਖਾਰ ਆਇਆ। ਕਾਲਜ ਵਿੱਚ ਉਹ ਥੀਏਟਰ, ਮਮਿੱਕਰੀ ਤੇ ਹੋਰ ਗਤੀਵਿਧੀਆਂ ‘ਚ ਹਿੱਸਾ ਲੈਂਦਾ। ਐਕਟਿੰਗ ਦੇ ਨਾਲ ਨਾਲ ਉਸ ਨੂੰ ਗਾਉਣ ਦਾ ਵੀ ਪੂਰਾ ਸ਼ੌਕ ਸੀ। ਉਸ ਨੇ ਕਈ ਸਾਲ ਭੰਗੜੇ ਵਿੱਚ ਬੋਲੀਆਂ ਵੀ ਪਾਈਆਂ। ਇਥੋਂ ਹੀ ਉਸ ਦੇ ਨਾਂ ਪਿੱਛੇ ਬੋਲੀ ਤਖੱਲਸ ਲੱਗਿਆ।
ਕਾਲਜ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਇਆ ਤਾਂ ਉਸ ਦੇ ਹੁਨਰ ਨੂੰ ਖੰਭ ਲੱਗ ਗਏ। ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ‘ਚ ਹਿੱਸ ਲੈਂਦਿਆਂ ਨੇ ਉਸ ਦਰਜਨ ਦੇ ਨੇੜੇ ਗੋਲਡ ਮੈਡਲ ਜਿੱਤੇ। ਉਸ ਨੂੰ ਅਸਲ ਪਹਿਚਾਣ ਉਦੋਂ ਮਿਲੀ ਜਦੋਂ ਪੀ.ਟੀ.ਸੀ ਪੰਜਾਬੀ ਚੈਨਲ ‘ਤੇ ‘ਲਾਫ਼ਟਰ ਦਾ ਮਾਸਟਰ’ ਕਾਮੇਡੀ ਸ਼ੋਅ ਆਇਆ। ਉਸਨੇ ਇਸ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ ਤੇ ਫਸਟ ਰਨਰ-ਅੱਪ ਬਣਿਆ। ਇਥੋਂ ਹੀ ਉਸ ਦੇ ਸਫ਼ਰ ਦੀ ਅਸਲ ਸ਼ੁਰੂਆਤ ਹੋਈ। ਆਪਣੇ ਇਸ ਸ਼ੌਕ ਨੂੰ ਰੋਜ਼ੀ ਰੋਟੀ ਬਣਾਉਣ ਲਈ ਉਹ ਫ਼ਿਲਮਾਂ ਵੱਲ ਆਇਆ। ਉਸ ਦੀ ਪਹਿਲੀ ਫ਼ਿਲਮ ‘ਯਾਰ ਪਰਦੇਸੀ’ ਸੀ। ਇਸ ਤੋਂ ਬਾਅਦ ਉਸਨੇ ‘ਸਾਡੀ ਗਲੀ ਆਇਆ ਕਰੋ’, ‘ਕੰਟਰੋਲ ਭਾਅ ਜੀ ਕੰਟਰੋਲ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਪੁਲਿਸ ਇਨ ਪਾਲੀਵੁੱਡ’, ‘ਮੁੰਡੇ ਕਮਾਲ ਦੇ’, ‘ਬਾਈ ਜੀ ਤੁਸੀਂ ਘੈਂਟ ਹੋ’ ਤੇ ‘ਅੰਬਸਰੀਆ’ ਸਮੇਤ ਦਰਜਨ ਤੋਂ ਵੱਧ ਫ਼ਿਲਮਾਂ ‘ਚ ਵੱਡੇ ਛੋਟੇ ਰੋਲ ਅਦਾ ਕੀਤੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ’ ਨੇ ਉਸਦੇ ਪ੍ਰਸ਼ੰਸਕਾਂ ਦਾ ਦਾਇਰਾ ਹੋਰ ਵੱਡਾ ਕੀਤਾ। ਦਰਸ਼ਕ ਉਸ ਨੂੰ ਛੇਤੀ ਹੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਅਤੇ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਲਾਵਾਂ ਫ਼ੇਰੇ’ ਵਿੱਚ ਦਮਦਾਰ ਭੂਮਿਕਾਵਾਂ ‘ਚ ਦੇਖਣਗੇ। ਬੋਲੀ ਦਾ ਕਹਿਣਾ ਹੈ ਕਿ ਉਸ ਦੀ ਮਿਹਨਤ ਨੂੰ ਬੂਰ ਪੈਣ ਲੱਗਾ ਹੈ। ਹੁਣ ਉਹ ਆਪਣੇ ਕਰੀਅਰ ਤੋਂ ਸੁਤੰਸ਼ਟ ਹੈ। ਫ਼ਿਲਮਾਂ ਦੇ ਨਾਲ ਨਾਲ ਉਸ ਨੂੰ ਕਾਮੇਡੀ ਸ਼ੋਅਜ਼ ਦੀਆਂ ਵੀ ਪੇਸ਼ਕਸ਼ਾਂ ਆ ਰਹੀਆਂ ਹਨ। ਉਹ ਬੀਨੂੰ ਢਿੱਲੋਂ ਦੀ ਟੀਮ ਨਾਲ ਵੱਖ ਵੱਖ ਮੁਲਕਾਂ ‘ਚ ਕਾਮੇਡੀ ਸ਼ੋਅ ਕਰ ਚੁੱਕਾ ਹੈ। ਗਾਇਕੀ ਦੇ ਖ਼ੇਤਰ ‘ਚ ਉਹ ਹੋਰ ਰੁਝੇਵਿਆਂ ਕਾਰਨ ਸਰਗਰਮ ਨਹੀਂ ਹੋ ਸਕਿਆ, ਪਰ ਉਸ ਦੇ ਗੀਤ ‘ਫਾੜੀ ਫਾੜੀ’ ਨੂੰ ਹੋਰ ਪਾਸੇ ਤੋਂ ਸ਼ਾਨਦਾਰ ਹੁੰਗਾਰਾ ਮਿਲਿਆ। ਅਦਾਕਾਰੀ ਦੇ ਨਾਲ ਨਾਲ ਉਹ ਗਾਇਕ ਵਜੋਂ ਵੀ ਆਪਣੀਆਂ ਸਰਗਰਮੀਆਂ ਵਧਾਉਣਾ ਚਾਹੁੰਦਾ ਹੈ। ਉਸਦਾ ਮੰਨਣਾ ਹੈ ਕਿ ਤੁਹਾਡਾ ਕੰਮ ਵਧੀਆ ਹੋਣਾ ਚਾਹੀਦਾ ਹੈ, ਜਦੋਂ ਲੋਕ ਹੱਲਾਸ਼ੇਰੀ ਦਿੰਦੇ ਹਨ ਤਾਂ ਕੁਦਰਤੀ ਤੁਹਾਨੂੰ ਅੱਗੇ ਨਾਲੋਂ ਹੋਰ ਜ਼ਿਆਦਾ ਵਧੀਆ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।

ਦਮਨਜੀਤ ਕੌਰ
7307247842

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?