in

ਇਸ ਸਾਲ ਆਉਂਣਗੀਆਂ 5 ਫ਼ਿਲਮਾਂ, ਪਰ ਅਜੇ ਤਕ ਸਟਾਰ ਨਹੀਂ ਬਣੇ ‘ਸਰਦਾਰ ਜੀ’

ਉਹ ਪੰਜਾਬੀ ਫ਼ਿਲਮ ਉਦਯੋਗ ਅਤੇ ਪੰਜਾਬੀ ਗਾਇਕੀ ਦਾ ਇੱਕ ਸਥਾਪਿਤ ਨਾਂ ਹੈ। ਉਸ ਨੇ ‘ਉੱਡਦਾ ਪੰਜਾਬ’ ਅਤੇ ‘ਫਿਲੌਰੀ’ ਵਰਗੀਆਂ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਬੌਲੀਵੁੱਡ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਜਿੱਤਿਆ ਹੈ। ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਦੀ। ਹੁਣ ਇਹ ਸੋਹਣਾ ਗੱਭਰੂ ਟੀਵੀ ਉਦਯੋਗ ਵਿੱਚ ਵੀ ਤੂਫ਼ਾਨ ਲਿਆਉਣ ਲਈ ਤਿਆਰ ਹੈ। ਉਹ ਕਲਰਜ਼ ਚੈਨਲ ਉੱਤੇ ਲਾਈਵ ਸਿੰਗਿੰਗ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ ਸੀਜ਼ਨ 2’ ਵਿੱਚ ਜੱਜ ਦੇ ਰੂਪ ਵਿੱਚ ਵਾਪਸ ਆਇਆ ਹੈ। ਪੇਸ਼ ਹੈ ਦਿਲਜੀਤ ਦੋਸਾਂਝ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼ –
– ਇਸ ਸਾਲ ਤੁਹਾਡੀਆਂ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਉਨ੍ਹਾਂ ਬਾਰੇ ਕੁਝ ਦੱਸੋ ?
– ਹਾਂ, ਜੀ ਇਸ ਸਾਲ ਮੇਰੀਆਂ ਪੰਜ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਜਿਨ੍ਹਾਂ ਤੋਂ ਮੈਨੂੰ ਉਮੀਦਾਂ ਹਨ। ਇਸ ਮਹੀਨੇ ਹੀ ਹਿੰਦੀ ਫ਼ਿਲਮ ‘ਵੈਲਕਮ ਟੂ ਨਿਊਯਾਰਕ’ ਰਿਲੀਜ਼ ਹੋ ਰਹੀ ਹੈ ਜਿਸ ਵਿੱਚ ਮੇਰੇ ਨਾਲ ਮੁੱਖ ਭੂਮਿਕਾ ਵਿੱਚ ਸੋਨਾਕਸ਼ੀ ਸਿਨਹਾ ਹੈ। ਇਹ ਫ਼ਿਲਮ ਐਵਾਰਡ ਸ਼ੋਅ ਦੌਰਾਨ ਪਰਦੇ ਦੇ ਪਿੱਛੇ ਕੀ ਹੁੰਦਾ ਹੈ, ਉਸ ’ਤੇ ਚਾਨਣਾ ਪਾਉਂਦੀ ਹੈ। ਦੂਜੀ ਪੰਜਾਬੀ ਫ਼ਿਲਮ ਹੈ ‘ਸੱਜਣ ਸਿੰਘ-ਰੰਗਰੂਟ’ ਜੋ 23 ਮਾਰਚ ਨੂੰ ਰਿਲੀਜ਼ ਹੋਏਗੀ। ਇਹ ਪਹਿਲੇ ਸੰਸਾਰ ਯੁੱਧ ’ਤੇ ਆਧਾਰਿਤ ਹੈ। ਇਸ ਨੂੰ ਉਪ ਸਿਰਲੇਖ ਨਾਲ ਬੌਲੀਵੁੱਡ ਵਿੱਚ ਵੀ ਰਿਲੀਜ਼ ਕਰਨ ਦੀ ਮੈਂ ਯੋਜਨਾ ਬਣਾ ਰਿਹਾ ਹਾਂ। ਇਸ ਤੋਂ ਬਾਅਦ ਜੂਨ ਵਿੱਚ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸੂਰਮਾ’ ਰਿਲੀਜ਼ ਹੋਏਗੀ। ਇਨ੍ਹਾਂ ਤੋਂ ਬਾਅਦ ਅਨੁਸ਼ਕਾ ਸ਼ਰਮਾ ਨਾਲ ‘ਕਨੇਡਾ’ ਅਤੇ ਕ੍ਰਿਤੀ ਸੈਨਨ ਨਾਲ ‘ਅਰਜਨ ਪਟਿਆਲਾ’ ਰਿਲੀਜ਼ ਹੋਏਗੀ।


– ਟੀਵੀ ਸ਼ੋਅ ‘ਰਾਈਜ਼ਿੰਗ ਸਟਾਰ’ ਉੱਤੇ ਤੁਹਾਨੂੰ ਵਾਪਸ ਕਿਉਂ ਲਿਆਂਦਾ ਗਿਆ?
– ਮੇਰੇ ਕੋਲ ਪਿਛਲੇ ਸਾਲ ਦਾ ਅਨੌਖਾ ਅਨੁਭਵ ਸੀ। ਉਸ ਸਮੇਂ ਮੈਨੂੰ ਟੀਵੀ ਅਤੇ ਇਸਦੇ ਮਹੱਤਵ ਦੇ ਬਾਰੇ ਵਿੱਚ ਬਹੁਤਾ ਕੁਝ ਨਹੀਂ ਪਤਾ ਸੀ, ਪਰ ਸ਼ੋਅ ਖ਼ਤਮ ਹੋਣ ਦੇ ਬਾਅਦ ਮੈਨੂੰ ਕੈਨੇਡਾ ਦਾ ਪ੍ਰਦਰਸ਼ਨ ਦੌਰਾ ਮਿਲਿਆ। ਉੱਥੇ ਜੋ ਲੋਕ ਮੈਨੂੰ ਮਿਲੇ, ਉਨ੍ਹਾਂ ਨੇ ਮੇਰੀਆਂ ਫ਼ਿਲਮਾਂ ਜਾਂ ਗੀਤਾਂ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ, ਪਰ ਸ਼ੋਅ ਦੇ ਬਾਰੇ ਵਿੱਚ ਬਹੁਤ ਗੱਲਾਂ ਕੀਤੀਆਂ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਮਾਧਿਅਮ ਕਿੰਨਾ ਮਹੱਤਵਪੂਰਨ ਹੈ। ਜੋ ਚੀਜ਼ ਮੈਨੂੰ ‘ਰਾਈਜ਼ਿੰਗ ਸਟਾਰ’ ਵੱਲ ਆਕਰਸ਼ਿਤ ਕਰਦੀ ਹੈ, ਉਹ ਨਿਰਸੰਦੇਹ ਉਸਦਾ ਲਾਈਵ ਰੂਪ ਹੈ। ਇਸ ਤੋਂ ਬਾਅਦ ਮੈਨੂੰ ਹੋਰ ਕਈ ਸ਼ੋਅਜ਼ ਦੀ ਪੇਸ਼ਕਸ਼ ਆਈ, ਪਰ ਮੈਂ ਕੋਈ ਵੀ ਨਹੀਂ ਲਿਆ ਕਿਉਂਕਿ ਮੈਨੂੰ ਉਹ ਦਿਲਚਸਪ ਨਹੀਂ ਲੱਗੇ। ਉਨ੍ਹਾਂ ਵਿੱਚ ਪੂਰੇ ਦਿਨ ਦੀ ਸ਼ੂਟਿੰਗ ਹੁੰਦੀ ਹੈ, ਜੋ ਮੈਨੂੰ ਲੱਗਦਾ ਹੈ ਅਕਾਊ ਹੋ ਜਾਵੇਗੀ। ਦੂਜੀ ਗੱਲ, ‘ਰਾਈਜ਼ਿੰਗ ਸਟਾਰ’ ਵਿੱਚ ਬੋਰੀਅਤ ਨਹੀਂ ਹੈ ਕਿਉਂਕਿ ਮੈਂ ਇਸ ਲਈ ਕੇਵਲ ਇੱਕ ਜਾਂ ਦੋ ਘੰਟੇ ਹਫ਼ਤੇ ਦੇ ਅੰਤ ਵਿੱਚ ਸ਼ੂਟਿੰਗ ਕਰਦਾ ਹਾਂ।

– ਇਸ ਸ਼ੋਅ ਵਿੱਚ ਤੁਸੀਂ ਜਿਊਰੀ ਵਿੱਚ ਸ਼ਾਮਲ ਹੋ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਇਸ ਦੀ ਜ਼ਿਆਦਾ ਜ਼ਿੰਮੇਵਾਰੀ ਲਵੋਗੇ ਤਾਂ ਬਿਹਤਰ ਹੋਵੇਗਾ?
-ਇਸਦੇ ਉਲਟ ਮੈਨੂੰ ਇਹ ਬਿਹਤਰ ਲੱਗਦਾ ਹੈ। ਕਿਸੇ ਕੋਲ ਫ਼ੈਸਲਾ ਲੈਣ ਦਾ ਕੋਈ ਬੋਝ ਜਾਂ ਜ਼ਿੰਮੇਵਾਰੀ ਨਹੀਂ ਹੈ। ਕੁਝ ਲੋਕ ਇਸਨੂੰ ਪਸੰਦ ਨਹੀਂ ਕਰਦੇ। ਹਾਲਾਂਕਿ ਤੁਸੀਂ ਇੰਨਾ ਕੁ ਤਾਂ ਜ਼ਰੂਰ ਕਰਦੇ ਹੋ ਕਿ ਜੇ ਤੁਹਾਡਾ ਕੋਈ ਗੀਤ ਹੈ ਤਾਂ ਤੁਸੀਂ ਉਸਨੂੰ ਜ਼ਰੂਰ ਪਸੰਦ ਕਰਦੇ ਹੋ। ਇਹ ਦਰਸ਼ਕ ਹਨ ਜੋ ਉਸਦੀ ਕਿਸਮਤ ਦਾ ਫ਼ੈਸਲਾ ਕਰਦੇ ਹਨ। ਤਾਂ ਇਹ ਗਾਇਕ ਇਸ ਪੱਧਰ ਉੱਤੇ ਹੀ ਇਹ ਸਿਖਲਾਈ ਪ੍ਰਾਪਤ ਕਰ ਲੈਂਦੇ ਹਨ ਜੋ ਚੰਗਾ ਹੈ।
-ਕੀ ਤੁਸੀਂ ਆਪਣੇ ਆਪ ਨੂੰ ਇੱਕ ਸਟਾਰ ਦੇ ਰੂਪ ਵਿੱਚ ਮੰਨਦੇ ਹੋ?
– ਨਹੀਂ, ਮੈਂ ਹੁਣ ਤਕ ਇੱਕ ਸਟਾਰ ਨਹੀਂ ਬਣ ਸਕਿਆ। ਮੈਨੂੰ ਅਜਿਹਾ ਨਹੀਂ ਲੱਗਦਾ ਹੈ। ਮੈਨੂੰ ਅਜੇ ਮੀਲਾਂ ਦੀ ਦੂਰੀ ਤੈਅ ਕਰਨੀ ਹੈ।
-ਟੀਵੀ ਅਤੇ ਫ਼ਿਲਮਾਂ ਵਿੱਚੋਂ ਤੁਹਾਨੂੰ ਕਿਹੜਾ ਮਾਧਿਅਮ ਮਜ਼ਬੂਤ ਲੱਗਦਾ ਹੈ?
– ਮੈਨੂੰ ਲੱਗਦਾ ਹੈ ਕਿ ਟੀਵੀ ਅਤੇ ਫ਼ਿਲਮਾਂ ਦੋਨਾਂ ਹੀ ਮਜ਼ਬੂਤ ਮਾਧਿਅਮ ਹਨ। ਇੱਕ ਚੰਗੀ ਫ਼ਿਲਮ ਲੋਕਾਂ ਦੇ ਮਨ ਵਿੱਚ ਰਹੇਗੀ। ਇੱਕ ਫ਼ਿਲਮ ਦੀ ਆਪਣੀ ਸ਼ਾਨਦਾਰ ਯਾਤਰਾ ਹੈ ਅਤੇ ਟੀਵੀ ਇੱਕ ਬੇਹੱਦ ਮਜ਼ਬੂਤ ਮਾਧਿਅਮ ਹੈ। ਇਸ ਦੀ ਪਹੁੰਚ ਘਰ-ਘਰ ਤਕ ਹੈ। ਮੈਂ ਇਸ ਕਲਰਜ਼ ਟੀਵੀ ਦਾ ਸ਼ੋਅ ਨੂੰ ਇਸ ਲਈ ਕਰ ਰਿਹਾ ਹਾਂ ਕਿਉਂਕਿ ਜਿਸ ਤਰੀਕੇ ਨਾਲ ਮੈਂ ਰੰਗ ਮੰਚ ਉੱਤੇ ਆਪਣਾ ਲਾਈਵ ਪ੍ਰਦਰਸ਼ਨ ਕਰਦਾ ਹਾਂ ਅਤੇ ਤੁਰੰਤ ਜਵਾਬ ਪਾਉਂਦਾ ਹਾਂ। ਉਸ ਤਰ੍ਹਾਂ ਹੀ ਟੀਵੀ ’ਤੇ ਹੈ।
– ਕੀ ਤੁਸੀਂ ਭਵਿੱਖ ਵਿੱਚ ਵੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੋਗੇ ?
– ਹਾਂ। ਮੈਂ ਨਿਸ਼ਚਿਤ ਰੂਪ ਨਾਲ ਹਰ ਸਾਲ ਇੱਕ ਪੰਜਾਬੀ ਫ਼ਿਲਮ ਕਰਾਂਗਾ, ਪਰ ਹਿੰਦੀ ਫ਼ਿਲਮਾਂ ਕਿੰਨੀਆਂ ਕਰਾਂਗਾ, ਇਹ ਪਤਾ ਨਹੀਂ। ਮਾਰਚ ਵਿੱਚ  ਪਹਿਲੀ ਸੰਸਾਰ ਜੰਗ ਉੱਤੇ ਆਧਾਰਿਤ ਮੇਰੀ ਪੰਜਾਬੀ ਫ਼ਿਲਮ ਆ ਰਹੀ ਹੈ। ਮੈਂ ਮੁੰਬਈ ਵਿੱਚ ਵੀ ਇਸਨੂੰ ਉਪ ਸਿਰਲੇਖ ਦੇ ਨਾਲ ਰਿਲੀਜ਼ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਲੜਾਈ ਦੇ ਦੌਰਾਨ ਇੰਗਲੈਂਡ ਜਾਣ ਵਾਲੇ ਸਿੱਖ ਸੈਨਿਕਾਂ ਦੇ ਬਾਰੇ ਇੱਕ ਫ਼ਿਲਮ ਕਰਨ ਦਾ ਮੇਰਾ ਸੁਪਨਾ ਸੀ। ਸਿਨਮਾ ਵਿੱਚ ਉਨ੍ਹਾਂ ਉੱਤੇ ਬਹੁਤ ਕੁਝ ਨਹੀਂ ਕੀਤਾ ਗਿਆ। ਜਦੋਂ ਮੈਂ ਇੰਗਲੈਂਡ ਜਾਂਦਾ ਹਾਂ, ਤਾਂ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਹਨ ਜੋ ਮੈਨੂੰ ਆਪਣੀ ਬਹਾਦਰੀ ਦੀਆਂ ਕਹਾਣੀਆਂ ਦੱਸਦੇ ਹਨ। ਇੱਕ ਪਗੜੀ ਧਾਰਕ ਹੋਣ ਦੇ ਨਾਤੇ, ਇੱਕ ਸਰਦਾਰ ਹੋਣ ਦੇ ਨਾਤੇ ਮੈਨੂੰ ਲੱਗਾ ਕਿ ਮੈਨੂੰ ਇਹ ਫ਼ਿਲਮ ਕਰਨੀ ਚਾਹੀਦੀ ਹੈ- ਜੇਕਰ ਮੈਂ ਅਜਿਹਾ ਨਹੀਂ ਕਰਾਂਗਾ, ਤਾਂ ਕੌਣ ਕਰੇਗਾ ? ਮੈਂ ਪਿਛਲੇ ਚਾਰ – ਪੰਜ ਸਾਲਾਂ ਤੋਂ ਇਸ ਉੱਤੇ ਕੰਮ ਕਰਨਾ ਚਾਹੁੰਦਾ ਸੀ ਅਤੇ ਆਖ਼ਿਰਕਾਰ ਇਹ ਪਿਛਲੇ ਸਾਲ ਹੋਇਆ।


-ਤੁਸੀਂ ਆਪਣੀ ਹੁਣ ਤਕ ਦੀ ਬੌਲੀਵੁਡ ਯਾਤਰਾ ਨੂੰ ਕਿਵੇਂ ਵੇਖਦੇ ਹੋ ?
-ਮੈਂ ਬਹੁਤ ਖੁਸ਼ ਹਾਂ। ਮੈਂ ਸ਼ਾਇਦ ਉਸਦਾ ਓਨਾ ਅਧਿਕਾਰੀ ਨਹੀਂ ਸੀ ਜਿੰਨਾ ਮੈਨੂੰ ਪਿਛਲੇ ਦੋ ਸਾਲਾਂ ਵਿੱਚ ਮਿਲਿਆ ਹੈ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਬੌਲੀਵੁੱਡ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਜਾਣਦਾ, ਫਿਰ ਵੀ ਮੈਨੂੰ ਕੰਮ ਦੀਆਂ ਪੇਸ਼ਕਸ਼ਾਂ ਮਿਲਦੀਆਂ ਹਨ। ਮੈਂ ਇੱਥੇ ਕੰਮ ਹਾਸਿਲ ਕਰਨ ਲਈ ਬਹੁਤੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਪੇਸ਼ਕਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ ਕੁਝ ਨੂੰ ਮੈਂ ਸਵੀਕਾਰ ਕੀਤਾ ਅਤੇ ਕੁਝ ਅਜਿਹੀਆਂ ਹਨ ਜਿਨ੍ਹਾਂ ਨੂੰ ਮੈਂ ਠੁਕਰਾ ਦਿੱਤਾ। ਇੱਥੋਂ ਤਕ ਕਿ ‘ਉੱਡਦਾ ਪੰਜਾਬ’ ਵੀ ਮੈਨੂੰ ਮਿਲ ਗਈ। ਇਸਦੇ ਉਲਟ, ਮੈਨੂੰ ਪੰਜਾਬੀ ਫ਼ਿਲਮਾਂ ਲਈ ਸਹੀ ਵਿੱਚ ਬਹੁਤ ਮਿਹਨਤ ਕਰਨੀ ਪਈ ਹੈ। ਇਹ ਸਭ ਹਾਸਿਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
– ਗਾਇਕੀ ਵਿੱਚ ਆਪਣੇ ਕਰੀਅਰ ਸਬੰਧੀ ਤੁਸੀਂ ਕੀ ਕਹੋਗੇ ?
– ਮੈਂ ਗਾਇਕੀ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਇਹ ਕੁਝ ਅਜਿਹਾ ਹੈ ਜਿਸਦਾ ਮੈਂ ਹਮੇਸ਼ਾਂ ਪਾਲਣ ਕਰਾਂਗਾ। ਫ਼ਿਲਮਾਂ ਦੇ ਨਾਲ ਨਾਲ ਮੈਂ ਗਾਇਕੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹਾਂ ਅਤੇ ਅੰਤ ਤਕ ਜੁੜਿਆ ਰਹਾਂਗਾ। ਅਗਲੇ ਮਹੀਨੇ ਮੈਂ ਆਪਣੀ ਐਲਬਮ ਰਿਲੀਜ਼ ਕਰ ਰਿਹਾ ਹਾਂ।

ਸੰਜੀਵ ਕੁਮਾਰ ਝਾਅ

Leave a Reply

Your email address will not be published. Required fields are marked *

ਜਗਦੀਪ ਸਿੱਧੂ ਬਣਨ ਲੱਗੈ ਨਿਰਦੇਸ਼ਕ, ਐਮੀ ਵਿਰਕ ਤੇ ਸਰਗੁਣ ਮਹਿਤਾ ਨਿਭਾਉਣੇ ਮੁੱਖ ਭੂਮਿਕਾ

ਰਾਣਾ ਰਣਬੀਰ ਦੀ ਜ਼ਿੰਦਗੀ ਦਾ ਤਜਰਬਾ ਹੋਵੇਗੀ ‘ਅਸੀਸ’, 22 ਜੂਨ ਨੂੰ ਹੋਵੇਗੀ ਰਿਲੀਜ਼