ਰਾਣਾ ਰਣਬੀਰ ਸਿਨਮਾ ਜਗਤ ਅਤੇ ਥਿਏਟਰ ਦੀ ਦੁਨੀਆਂ ਦਾ ਉੱਘਾ ਹਸਤਾਖਰ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖਣੀ ਦਾ ਲੋਹਾ ਸਮੇਂ ਸਮੇਂ ’ਤੇ ਮਨਵਾਇਆ ਹੈ। ਭਾਵੇਂ ਉਹ ਇੱਕ ਪਾਤਰੀ ਨਾਟਕ ‘ਖੇਤਾਂ ਦਾ ਪੁੱਤ’ ਹੋਵੇ ਜਾਂ ‘ਗੁੱਡ ਮੈਨ ਦੀ ਲਾਲਟੈਨ’ ਜਾਂ ਮਨਮੋਹਨ ਦੀ ਫ਼ਿਲਮ ‘ਕੁੜੀ ਪੰਜਾਬ ਦੀ’ ਹੋਵੇ ਜਾਂ ਪੰਜਾਬੀ ਫ਼ਿਲਮ ਜਗਤ ਵਿੱਚ ਨਿੱਗਰ ਪੈੜਾਂ ਪਾਉਣ ਵਾਲੀ ਫ਼ਿਲਮ ‘ਅਰਦਾਸ’ ਹੋਵੇ। ਇਸ ਦਾ ਕਾਰਨ ਇਹ ਹੈ ਕਿ ਰਾਣਾ ਧੁਰ ਅੰਦਰੋਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੁੜਿਆ ਹੋਇਆ ਸਾਹਿਤਕ ਇਨਸਾਨ ਹੈ, ਇਸੇ ਕਰਕੇ ਉਹ ਲੀਕ ਤੋਂ ਹਟਕੇ ਕੁਝ ਨਾ ਕੁਝ ਨਵਾਂ ਕਰਦਾ ਰਹਿੰਦਾ ਹੈ। ਇਸੇ ਲੜੀ ਵਿੱਚ ਉਸਨੇ ਇੱਕ ਹੋਰ ਨਿੱਗਰ ਕਦਮ ਪੁੱਟਦੇ ਹੋਏ ਫ਼ਿਲਮ ‘ਆਸੀਸ’ ਰਾਹੀਂ ਬਤੌਰ ਨਿਰਦੇਸ਼ਕ ਪੌਲੀਵੁੱਡ ਵਿੱਚ ਦਸਤਕ ਦਿੱਤੀ ਹੈ। ਨਵਰੋਜ ਗੁਰਬਾਜ ਐਂਟਰਟੇਨਮੈਂਟ, ਬਸੰਤ ਇੰਟਰਨੈਸ਼ਨਲ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਪਟਕਥਾ ਤੇ ਸੰਵਾਦ ਰਾਣਾ ਰਣਬੀਰ ਦੇ ਲਿਖੇ ਹਨ। ਇਸ ਫ਼ਿਲਮ ਰਾਹੀਂ ਉਹ ਪੌਲੀਵੁੱਡ ਵਿੱਚ ਪਰਿਵਾਰਕ ਰਿਸ਼ਤਿਆਂ ਦੀਆਂ ਸੰਵੇਦਨਾਵਾਂ ਅਤੇ ਗੁੰਝਲਾਂ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ। ਇਸ ਰਾਹੀਂ ਉਸਨੇ ਭਰਪੂਰ ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਦੇਣ ਦੀ ਪੇਸ਼ਕਦਮੀ ਵੀ ਕੀਤੀ ਹੈ।

ਨਿਰੋਲ ਰੂਪ ‘ਚ ਕਮਰਸ਼ੀਅਲ ਇਸ ਫ਼ਿਲਮ ‘ਚ ਰਾਣਾ ਰਣਬੀਰ ਨੇ ਹੀ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਨਾਇਕਾ ਨੇਹਾ ਪ੍ਰਵਾਰ ਹੈ। ਇਸ ਫ਼ਿਲਮ ‘ਚ ਸਿਨੇਮਾ ਤੇ ਥੀਏਟਰ ਜਗਤ ਦੇ ਮੋਹਰੀ ਕਲਾਕਾਰ ਸਰਦਾਰ ਸੋਹੀ, ਕੁਲਜਿੰਦਰ ਸਿੱਧੂ, ਰੁਪਿੰਦਰ ਰੂਪੀ,ਸੀਮਾ ਕੌਸ਼ਲ, ਸਵਿੰਦਰ ਵਿੱਕੀ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰਵਿੰਦਰ ਮੰਡ, ਜੱਗੀ ਧੂਰੀ ਅਤੇ ਪ੍ਰਦੀਪ ਸਰਾਂ ਵਰਗੇ ਕਲਾਕਾਰ ਇਸ ਫ਼ਿਲਮ ਦੇ ਸ਼ਿੰਗਾਰ ਬਣੇ ਹਨ। ਤਕਨੀਕੀ ਨਿਰਦੇਸ਼ਕ ਵਜੋਂ ਨਵਤੇਜ ਸੰਧੂ ਦਾ ਸਾਥ ਸੋਨੇ ’ਤੇ ਸੁਹਾਗੇ ਦਾ ਕੰਮ ਕਰੇਗਾ।
22 ਜੂਨ ਨੂੰ ਰਿਲੀਜ਼ ਹੋ ਰਹੀ ਰਾਣਾ ਰਣਬੀਰ ਦੀ ਇਸ ਫ਼ਿਲਮ ਦਾ ਸੰਗੀਤ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਦੇ ਸੰਗੀਤ ਵਿੱਚ ਸੁਰਬੱਧ ਹੋ ਕੇ ਲਖਵਿੰਦਰ ਵਡਾਲੀ, ਫਿਰੋਜ਼ ਖ਼ਾਨ, ਪ੍ਰਦੀਪ ਸਰਾਂ, ਨਿੰਜਾ, ਕੰਵਰ ਗਰੇਵਾਲ, ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ‘ਆਸੀਸ’ ਪੰਜਾਬੀ ਸਿਨਮਾ ਵਿੱਚ ਆਪਣੀ ਭਰਵੀਂ ਹਾਜ਼ਰੀ ਲਗਾਉਂਦੀ ਹੋਈ ਇਸਨੂੰ ਪੱਕੇ ਪੈਰੀਂ ਕਰਨ ਵਿੱਚ ਭਰਵਾਂ ਯੋਗਦਾਨ ਪਾਏਗੀ।#Bhupinder Maan


