in

ਪੰਜਾਬੀ ਗੀਤਾਂ ਵਿੱਚ ਨਸ਼ਿਆਂ ਦਾ ਖ਼ਤਰਨਾਕ ਰੁਝਾਨ

ਕਿਸੇ ਵੀ ਸੱਭਿਆਚਾਰ ਵਿੱਚ ਉੱਥੋਂ ਦੀ ਲੋਕ ਭਾਸ਼ਾ ਦੇ ਗੀਤ ਲੋਕ ਮਨ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ। ਗੀਤਾਂ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ। ਗੀਤ ਸਾਡੇ ਰਿਸ਼ਤਿਆਂ-ਨਾਤਿਆਂ ਦੀ ਪਵਿੱਤਰਤਾ ਦਾ ਵੀ ਪ੍ਰਤੀਕ ਹੁੰਦੇ ਹਨ। ਕਿਸੇ ਸੱਭਿਆਚਾਰ ਦੀ ਅਮੀਰੀ ਨੂੰ ਮਾਪਣ ਦੇ ਭਾਵੇਂ ਹੋਰ ਵੀ ਕਈ ਨੁਕਤੇ ਹਨ, ਪਰ ਗੀਤ ਵੀ ਇਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।
ਪੰਜਾਬ ਦਾ ਵਰਤਮਾਨ ਮਾਹੌਲ ਬਹੁਤ ਚਿੰਤਾਜਨਕ ਬਣ ਚੁੱਕਾ ਹੈ। ਇੱਥੋਂ ਦੀ ਜਵਾਨੀ ਨਸ਼ਿਆਂ ਵਿੱਚ ਰੁੜ੍ਹ ਰਹੀ ਹੈ। ਇਹ ਸੂਬਾ ਜੋ ਕਦੇ ਦੇਸ਼ ਦੀ ਖੜਗ ਭੁਜਾ ਹੋਇਆ ਕਰਦਾ ਸੀ, ਅੱਜ ਪਿੰਡ-ਪਿੰਡ ਘੁੰਮ ਕੇ ਦੇਖ ਲਵੋ, ਪੰਜਾਬ ਦੀ ਸਥਿਤੀ ਮਾਰੂ ਸਥਿਤੀ ਬਣੀ ਹੋਈ ਹੈ।
ਗਾਇਕੀ ਜਾਂ ਸੰਗੀਤ ਦਾ ਮਨੁੱਖੀ ਮਨ ’ਤੇ ਕੀ ਅਸਰ ਹੁੰਦਾ ਹੈ, ਇਹ ਪ੍ਰਸ਼ਨ ਬੜਾ ਮਹੱਤਵਪੂਰਨ ਹੈ। ਕੀ ਇਹ ਅਸਰ ਸਾਧਾਰਨ ਅਸਰ ਹੁੰਦਾ ਹੈ ਜਾਂ ਇਸ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ। ਹਰ ਹਰਕਤ ਅਤੇ ਸੰਗੀਤਕ ਬੋਲ ਦਾ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਮਨ ’ਤੇ ਵੀ ਅਸਰ ਹੁੰਦਾ ਹੈ। ਸਾਡੇ ਲੋਕ-ਸਾਹਿਤ ਅਤੇ ਸਾਹਿਤ ਵਿੱਚ ਵਾਰਾਂ ਦਾ ਬੜਾ ਮੁੱਲਵਾਨ ਖ਼ਜ਼ਾਨਾ ਹੈ। ਜਦੋਂ ਢਾਡੀ ਢੱਡ ਸਾਰੰਗੀ ਦੀ ਤਾਨ ’ਤੇ ਵਾਰਾਂ ਗਾਉਂਦੇ ਹਨ ਤਾਂ ਯੋਧਿਆਂ ਵਿੱਚ ਯੁੱਧ ਦਾ ਚਾਅ ਪੈਦਾ ਹੋ ਜਾਂਦਾ ਹੈ। ਜੇਕਰ ਸਾਡਾ ਸੰਗੀਤ ਇਸ ਕਿਸਮ ਦਾ ਅਸਰ ਰੱਖਦਾ ਹੈ ਤਾਂ ਕੀ ਅਜੋਕੀ ਲੱਚਰ ਗਾਇਕੀ ਦੇ ਲੱਚਰਪੁਣੇ ਦਾ ਅਸਰ ਨਹੀਂ ਹੋਵੇਗਾ? ਸਾਡੀ ਅਜੋਕੀ ਗਾਇਕੀ ਨਸ਼ੇ ਅਤੇ ਹਿੰਸਕ ਵਰਤਾਰੇ ਨੂੰ ਵਧਾ ਰਹੀ ਹੈ।


ਗੀਤ ਸੰਗੀਤ ਵਿੱਚ ਇੱਕ ਹੱਦ ਤਕ ਨਸ਼ਿਆਂ ਦੇ ਪ੍ਰਗਟਾਵੇ ਨੂੰ ਜਾਇਜ਼ ਮੰਨਿਆ ਜਾ ਸਕਦਾ ਹੈ। ਆਦਿ ਕਾਲ ਤੋਂ ਸਾਡੇ ਲੋਕ-ਸਾਹਿਤ ਲੋਕ-ਸੰਗੀਤ ਵਿੱਚ ਇੱਥੋਂ ਤਕ ਕਿ ਸਾਡੀ ਸੂਫੀ ਸ਼ਾਇਰੀ ਵਿੱਚ ਵੀ ਨਸ਼ਿਆਂ ਦਾ ਵਰਣਨ ਹੁੰਦਾ ਆਇਆ ਹੈ, ਪਰ ਫਰਕ ਇਹ ਹੈ ਕਿ ਸਾਡੀ ਅਜੋਕੀ ਗਾਇਕੀ ਇਸ ਨੂੰ ਸਹਿਜ ਅਵਸਥਾ ਵਿੱਚ ਪੇਸ਼ ਨਹੀਂ ਕਰਦੀ। ਹੁਣ ਦੀ ਗਾਇਕੀ ਵਿੱਚ ਪੇਸ਼ ਹੋ ਰਿਹਾ ਨਸ਼ਾ ਸਾਡੀਆਂ ਕਦਰਾਂ-ਕੀਮਤਾਂ  ਦੀ ਭੰਨ-ਤੋੜ ਕਰ ਰਿਹਾ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਉਤੇਜਿਤ ਕਰਦਾ ਹੈ। ਇੱਕ ਪਾਸੇ ਸਾਡਾ ਸੱਭਿਆਚਾਰਕ ਵਿਰਸਾ ਔਰਤ ਨੂੰ ਮਨੁੱਖ ਦੇ ਬਰਾਬਰ ਮਾਨਤਾ ਦੇਣ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਸਾਡੀ ਅਜੋਕੀ ਗਾਇਕੀ ਔਰਤ ਨੂੰ ਇੱਕ ਨਿਰੋਲ ਦੇਹ ਅਤੇ ਫਿਰ ਇਸ ਦੇਹ ਤੋਂ ਪਉਏ ਜਿੰਨੇ ਕੱਦ ਵਾਲੀਏ ਕਹਿ ਕੇ ਨਸ਼ੇ ਦੀ ਬੋਤਲ ਬਣਾ ਰਿਹਾ ਹੈ। ਇੱਕ ਪਾਸੇ ਸਾਡਾ ਸਮਾਜ, ਸਾਡਾ ਸੱਭਿਆਚਾਰ ਅਤੇ ਸਾਡਾ ਸਾਹਿਤ ਔਰਤ ਨੂੰ ਮਰਦ ਦੇ ਬਰਾਬਰ ਲਿਆਉਣ ਦੀਆਂ ਗੱਲ ਕਰਦਾ ਹੈ ਤੇ ਦੂਜੇ ਪਾਸੇ ਸਾਡੀ ਗਾਇਕੀ ਉਸੇ ਮਰਦ ਨੂੰ ਆਧੁਨਿਕ ਸੋਚ ਦਾ ਹਾਣੀ ਬਣਾਉਣ ਦੀ ਥਾਂ ਪੁਰਾਤਨ ਜਗੀਰੂ ਕਦਰਾਂ-ਕੀਮਤਾਂ ਵਾਲਾ ਹੈਂਕੜਬਾਜ਼ ਮਰਦ ਬਣਨ ਦੀ ਸਿੱਖਿਆ ਦੇ ਰਿਹਾ ਹੈ। ਸਾਡੀ ਅਜੋਕੀ ਗਾਇਕੀ ਮਰਦ ਨੂੰ ਜਗੀਰੂ ਰੂਪ ਵਿੱਚ ਇਸ ਪ੍ਰਕਾਰ ਪੇਸ਼ ਕਰਦੀ ਹੈ ਜਿਨ੍ਹੇ ਨਸ਼ਾ ਪਾਣੀ ਨਹੀਂ ਪੀਣਾ ਉਸ ਭੜੂਏ ਦਾ ਕੀ ਜੀਣਾ ਭਾਵ ਜਿਹੜਾ ਮਰਦ ਨਸ਼ੇ ਨਹੀਂ ਕਰਦਾ, ਉਸ ਦਾ ਜੀਵਨ, ਜੀਵਨ ਹੀ ਨਹੀਂ ਹੈ, ਉਸ ਜੀਵਨ ਵਿੱਚ ਕੋਈ ਪ੍ਰਾਪਤੀ ਹੀ ਨਹੀਂ ਹੈ। ਅੱਜ ਦੇ ਨੌਜਵਾਨ ਨੂੰ ਕਾਲਜ ਦੀ ਸੋਝੀ ਵੀ ਨਸ਼ਿਆਂ ਰਾਹੀਂ ਹੀ ਹੁੰਦੀ ਹੈ ਜਿੰਨੀ ਤੇਰੀ ਕਾਲਜ ਦੀ ਫੀਸ ਬੱਲੀਏ ਨੀ ਓਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ ਅੱਜ ਦੇ ਵਿਆਹਾਂ ਦਾ ਕਲਚਰ ਕੀ ਹੈ? ਹਰ ਵਿਆਹ ਵਿੱਚ ਨਸ਼ਿਆਂ ਦੇ ਸੇਵਨ ਬਾਰੇ ਉੱਚੀ ਆਵਾਜ਼ ਵਿੱਚ ਗਾਣੇ ਚੱਲਦੇ ਹਨ। ਇਹ ਗਾਣੇ ਵਿਆਹ ਵਿੱਚ ਨਸ਼ੇ ਕਰਨ ਨੂੰ ਉਕਸਾਉਂਦੇ ਹਨ। ਕੀ ਕੋਈ ਵਿਆਹ ਸ਼ਰਾਬ ਤੋਂ ਬਿਨਾਂ ਤਸੱਵਰ ਕੀਤਾ ਜਾ ਸਕਦਾ ਹੈ, ਵਿਆਹ ਵਿੱਚ ਚਲਦੀ ਸ਼ਰਾਬ ਤੇ ਸ਼ਰਾਬ ਵਿੱਚ ਚਲਦੀਆਂ ਗੋਲੀਆਂ ਤੇ ਗੋਲੀਆਂ ਨਾਲ ਮਰਦੇ ਨਾਜਾਇਜ਼ ਲੋਕ, ਕਿੱਧਰ ਜਾ ਰਿਹਾ ਹੈ ਸਾਡਾ ਸਮਾਜ? ਟੀ.ਵੀ. ਅਤੇ ਫ਼ਿਲਮਾਂ ਰਾਹੀਂ ਵੀ ਨਸ਼ਿਆਂ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਕ ਧਾਰਮਿਕ ਸਥਾਨ ਦਾ ਪੁਜਾਰੀ ਅਤੇ ਸਾਡਾ ਸਭ ਤੋਂ ਪ੍ਰਸਿੱਧ ਗਾਇਕ ਵੀ ਜਦੋਂ ਇਹ ਗਾਉਂਦਾ ਹੈ ਕਿ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ ਤਾਂ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਬਚਾਅ ਸਕਦੇ ਹਾਂ। ਸਾਡੇ ਗਾਇਕ ਇਹ ਕਿਉਂ ਨਹੀਂ ਗਾਉਂਦੇ ਕਿ ਆਪਣਾ ਪੰਜਾਬ ਹੋਵੇ, ਹੱਥ ’ਚ ਕਿਤਾਬ ਹੋਵੇ ਗਾਇਕੀ ਸਿਰਫ਼ ਸ਼ਬਦਾਂ ਰਾਹੀਂ ਹੀ ਨਸ਼ਿਆਂ ਦਾ ਪ੍ਰਚਾਰ ਨਹੀਂ ਕਰਦੀ ਸਗੋਂ ਅੱਜ ਟੀ.ਵੀ. ਜਾਂ ਵੀਡੀਓ ਫ਼ਿਲਮਾਂ ਦੇ ਰੁਝਾਨ ਕਰਕੇ ਨਸ਼ਿਆਂ ਨੂੰ ਗਲੈਮੇਰਾਈਜ਼ ਵੀ ਕੀਤਾ ਜਾਂਦਾ ਹੈ। ਸ਼ਰਾਬੀਆਂ ਨੂੰ ਖ਼ੂਬਸੂਰਤ ਮਾਡਲਾਂ ਵੰਨ-ਸੁਵੰਨੇ ਗਲਾਸਾਂ ਵਿੱਚ ਵੱਖ-ਵੱਖ  ਬਰਾਂਡਾਂ ਦੀਆਂ ਸ਼ਰਾਬਾਂ ਵਰਤਾਉਂਦੀਆਂ ਹਨ। ਇੰਜ ਨਸ਼ਿਆਂ ਨੂੰ ਗਲੋਰੀਫਾਈ ਕਰਕੇ ਨੌਜਵਾਨ ਪੀੜ੍ਹੀ ਅੱਗੇ ਪਰੋਸਿਆ ਜਾਂਦਾ ਹੈ ਤਾਂ ਸਾਡੀ ਨੌਜਵਾਨ ਪੀੜ੍ਹੀ ਇਸ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦੀ।
ਜਦੋਂ ਇਸ ਪ੍ਰਕਾਰ ਨਸ਼ਿਆਂ ਬਾਰੇ ਹਰ ਚੈਨਲ ਅਤੇ ਸਪੀਕਰਾਂ ਰਾਹੀਂ ਉੱਚ ਆਵਾਜ਼ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਇਸ ਪ੍ਰਚਾਰ ਵਿੱਚ ਸਾਡੇ ਬੱਚਿਆਂ ਨੂੰ ਸਕੂਲ ਦੀ ਕੰਧ ’ਤੇ ਇਹ ਲਿਖਿਆ ਨਹੀਂ ਲੱਭਦਾ
ਪਾਪਾ ਜੀ ਨਾ ਪੀਓ ਸ਼ਰਾਬ
ਮੈਨੂੰ ਲੈ ਦਿਓ ਇੱਕ ਕਿਤਾਬ
ਸਾਡੀ ਗੁਰਬਾਣੀ ਇਸ ਨੂੰ ‘ਝੂਠਾ ਮਰਦ’ ਕਹਿ ਕੇ ਸਾਨੂੰ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੋੜਦੀ ਹੈ, ਪਰ ਸਾਡੀ ਅਜੋਕੀ ਗਾਇਕੀ ਇਸ ਦੇ ਉਲਟ ਸਿੱਖਿਆ ਦਿੰਦੀ ਹੈ। ਇੱਕ ਵਿਦੇਸ਼ੀ ਯੂਨੀਵਰਸਿਟੀ ਨੇ ਇੱਕ ਅਧਿਐਨ ਕਰਾਇਆ ਸੀ, ਜਿਸ ਵਿੱਚ ਉਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਨਸ਼ਿਆਂ ਵਾਲੇ ਗਾਣੇ ਸੁਣਾਏ। ਇਨ੍ਹਾਂ ਗਾਣਿਆਂ ਨੂੰ ਸੁਣ ਕੇ ਬੱਚਿਆਂ ਵਿੱਚ ਵੀ ਉਤੇਜਨਾ ਪੈਦਾ ਹੋ ਗਈ। ਉਨ੍ਹਾਂ ਦੀ ਸ਼ਬਦਾਵਲੀ ਵਿੱਚ ਵੀ ਉਤੇਜਨਾ ਪੈਦਾ ਕਰਨ ਵਾਲੇ ਸ਼ਬਦ ਆ ਗਏ ਤੇ ਉਨ੍ਹਾਂ ਨੇ ਆਪਣਾ ਹੋਮ ਵਰਕ ਵੀ ਪੂਰਾ ਨਹੀਂ ਕੀਤਾ ਸੀ।
ਇਸ ਲਈ ਸਪੱਸ਼ਟ ਹੈ ਕਿ ਇਹ ਨਸ਼ਿਆਂ ਭਰਪੂਰ ਗਾਣੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਟਰੈਕ ਤੋਂ ਉਖੇੜ ਕੇ ਅਜਿਹੀਆਂ ਜੂਹਾਂ ਵੱਲ ਲੈ ਜਾ ਰਹੇ ਹਨ, ਜਿੱਥੇ ਬਰਬਾਦੀ ਹੀ ਬਰਬਾਦੀ ਹੈ। ਅਜਿਹੇ ਪ੍ਰਚਾਰ ਨਾਲ ਸਾਡੇ ਕੌਮੀ ਗੌਰਵ ਨੂੰ ਢਾਹ ਲੱਗ ਰਹੀ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਸਾਡੇ ਸੰਗੀਤ ਉਦਯੋਗ ਵਿੱਚ ਬਹੁਤ ਕੁਝ ਸ਼ਾਮਲ ਹੈ। ਗੀਤਕਾਰ, ਸੰਗੀਤਕਾਰ, ਰਿਕਾਰਡਿੰਗ ਕੰਪਨੀਆਂ ਤੇ ਗੀਤਾਂ ਲਈ ਮਿਲਦੇ ਇਸ਼ਤਿਹਾਰ ਇਸ ਸਭ ਨੇ ਨਸ਼ਿਆਂ ਨੂੰ ਕਿਸ ਹੱਦ ਤਕ ਵਧਾਇਆ ਹੈ, ਇਸ ਨੂੰ ਤੁਸੀਂ ਪੰਜਾਬ ਸਰਕਾਰ ਵੱਲੋਂ ਸ਼ਰਾਬ ਤੋਂ ਇਕੱਠੇ ਹੁੰਦੇ ਮਾਲੀਏ ਦੇ ਪਿਛਲੇ ਦਸ ਸਾਲਾਂ ਦੇ ਵੇਰਵਿਆਂ ਤੋਂ ਭਲੀ ਭਾਂਤ ਜਾਣ ਸਕਦੇ ਹੋ।


ਇਸ ਸਮੇਂ ਸਾਡੇ ਸੋਚਣ ਵਾਲੀ ਇੱਕੋ-ਇੱਕ ਮਹੱਤਵਪੂਰਨ ਗੱਲ ਇਹ ਰਹਿ ਜਾਂਦੀ ਹੈ ਕਿ ਨਸ਼ਿਆਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਦੇ ਮੁਕਾਬਲੇ ’ਤੇ ਸਾਡੇ ਕੋਲ ਕਿਹੜਾ ਸੱਭਿਆਚਾਰ ਹੈ। ਇਸ ਲੱਚਰ ਗਾਇਕੀ ਦੇ ਮੁਕਾਬਲੇ ਕੀ ਸਾਡੇ ਕੋਲ ਸਾਹਿਤਕ ਅਤੇ ਪਰਿਵਾਰਕ ਕਦਰਾਂ-ਕੀਮਤਾਂ ਵਾਲੇ ਗੀਤ ਨਹੀਂ ਹਨ? ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਲੋੜ ਹੈ ਚੰਗੇ ਗਾਇਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰੀਏ। ਹਰ ਸਾਲ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੁੰਦੇ ਗਦਰੀ ਬਾਬਿਆਂ ਦੇ ਮੇਲੇ ਵਿੱਚ ਗਾਏ ਜਾਂਦੇ ਗੀਤਾਂ ਨੂੰ ਘਰ ਘਰ ਤਕ ਪਹੁੰਚਾ ਕੇ ਇਸ  ਮਾਰੂ ਗਾਇਕੀ ਦਾ ਮੁਕਾਬਲਾ ਕਰੀਏ ਅਤੇ ਆਪਣੇ ਸੱਭਿਆਚਾਰ ਦੇ ਉਸਾਰੂ ਤੱਤਾਂ ਦਾ ਹੁੰਗਾਰਾ ਭਰੀਏ।

ਪ੍ਰੋਫੈਸਰ ਹੀਰਾ ਸਿੰਘ, 94175-34823

Leave a Reply

Your email address will not be published. Required fields are marked *

ਰਾਣਾ ਰਣਬੀਰ ਦੀ ਜ਼ਿੰਦਗੀ ਦਾ ਤਜਰਬਾ ਹੋਵੇਗੀ ‘ਅਸੀਸ’, 22 ਜੂਨ ਨੂੰ ਹੋਵੇਗੀ ਰਿਲੀਜ਼

ਜਦੋਂ ਜੈਕੀ ਦਾਦਾ ਤੇ ਗੁਰਪ੍ਰੀਤ ਘੁੱਗੀ ਨੇ ਬਖ਼ਸ਼ੀ ‘ਜੱਗੇ’ ਦੀ ਜਾਨ…