in

ਲਾਵਾਂ ਫ਼ੇਰੇ : ‘ਜੀਜਿਆਂ’ ਨੇ ਹੀ ਤਾਰਿਆ ‘ਸਾਲੇ’ ਨੂੰ

ਕੋਈ ਨਹੀਂ ਚਾਹੁੰਦਾ ਹੁੰਦਾ ਕਿ ਉਸ ਦੀ ਫ਼ਿਲਮ ਫ਼ਲੌਪ ਹੋਵੇ, ਪਰ ਫ਼ਿਲਮ ਉਦੋਂ ਫ਼ਲੌਪ ਹੁੰਦੀ ਹੈ, ਜਦੋਂ ਲੇਖਕ, ਨਿਰਦੇਸ਼ਕ ਤੇ ਕਲਾਕਾਰਾਂ ‘ਚ ਛੱਤੀ ਦਾ ਅੰਕੜਾ ਹੋਵੇ। ਪੰਜਾਬੀ ਦੀਆਂ ਬਹੁਤੀਆਂ ਫ਼ਿਲਮਾਂ ਇਸੇ ਗੱਲੋਂ ਫ਼ਲੌਪ ਹੋ ਰਹੀਆਂ ਹਨ। ਫ਼ਿਲਮ ਹਿੱਟ ਉਦੋਂ ਹੁੰਦੀ ਹੈ ਕਿ ਜਦੋਂ ਨਿਰਦੇਸ਼ਕ ਨੂੰ ਚੰਗੀ ਸਕਰਿਪਟ ਅਤੇ ਸਕਰਿਪਟ ਨੂੰ ਨਿਭਾਉਣ ਵਾਲੇ ਕਾਬਲ ਕਲਾਕਾਰ ਮਿਲ ਜਾਣ। ਪੰਜਾਬੀ ਫ਼ਿਲਮ ‘ਲਾਵਾਂ ਫ਼ੇਰੇ’ ਇਸ ਗੱਲ ਦੀ ਪੁਖਤਾ ਮਿਸਾਲ ਹੈ।
ਲਾਵਾਂ ਫ਼ੇਰੇ ਦੇ ਟ੍ਰੇਲਰ ਨੇ ਹੀ ਇਸ ਦਾ ਭਵਿੱਖ ਤੈਅ ਕਰ ਦਿੱਤਾ ਸੀ। ਫ਼ਿਲਮ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਹੀ ਕਈ ਮਿਥਾਂ, ਭੁਲੇਖੇ ਤੋੜ ਦਿੱਤੇ ਹਨ। ਪਹਿਲਾ ਭੁਲੇਖਾ ਫ਼ਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਬਾਰੇ ਸੀ। ਰੌਸ਼ਨ ਦੀਆਂ ਪਹਿਲੀਆਂ ਫ਼ਿਲਮਾਂ ਲੱਗਭਗ ਫ਼ਲਾਪ ਗਈਆਂ ਸਨ। ਉਸ ਦਾ ਫ਼ਿਲਮ ਕਰੀਅਰ ਠੰਢਾ ਚੱਲ ਰਿਹਾ ਸੀ। ਕੁਝ ਲੋਕਾਂ ਨੇ ਧਾਰਨਾ ਬਣਾ ਲਈ ਸੀ ਕਿ ਉਸਦੀ ਫ਼ਿਲਮ ਨਹੀਂ ਚੱਲਦੀ। ਪਰ ਮੇਰਾ ਮੰਨਣਾ ਸੀ ਕਿ ਉਹ ਇਕ ਮਿਹਨਤੀ ਤੇ ਨੈਚਰਲ ਐਕਟਰ ਹੈ। ਅਤੀਤ ‘ਚ ਕੁਝ ਫ਼ਿਲਮਾਂ ਚੁਣਨ ‘ਚ ਉਸ ਤੋਂ ਗਲਤੀ ਹੋਣ ਕਰਕੇ ਉਹ ਪਛੜ ਗਿਆ ਸੀ। ਉਸ ਨੂੰ ਸਿਰਫ਼ ਇਕ ਚੰਗੀ ਸਕਰਿਪਟ ਤੇ ਕਾਬਲ ਨਿਰਦੇਸ਼ਕ ਦੀ ਲੋੜ ਸੀ, ਜੋ ਉਸਦੀ ਕਾਬਲੀਅਤ ਨੂੰ ਬਨਾਉਂਟੀ ਢੰਗ ਨਾਲ ਨਹੀਂ ਬਲਕਿ ਉਸਦੇ ਅਸਲ ਲਹਿਜੇ ਨਾਲ ਸਕਰੀਨ ‘ਤੇ ਉਤਾਰ ਸਕੇ। ਫ਼ਿਲਮ ਨੂੰ ਮਿਲ ਰਹੇ ਹੁੰਗਾਰੇ ਨੇ ਰੌਸ਼ਨ ਨੂੰ ਓਪਨਿੰਗ ਸਟਾਰਸ ਦੀ ਕਤਾਰ ‘ਚ ਸ਼ਾਮਲ ਕਰ ਦਿੱਤਾ ਹੈ।
ਨਿਰਦੇਸ਼ਕ ਸਮੀਪ ਕੰਗ ਕਾਮੇਡੀ ਜ਼ੋਨਰ ਦੀਆਂ ਫ਼ਿਲਮਾਂ ਦਾ ਮਾਸਟਰ ਹੈ। ਉਸਦੀ ਇਸ ਫ਼ਿਲਮ ‘ਚ ਵੀ ਨਾ ਸਿਰਫ਼ ਕਾਮੇਡੀ ਹੈ, ਸਗੋਂ ਪਹਿਲੀਆਂ ਫ਼ਿਲਮਾਂ ਵਾਂਗ ਕਲਾਈਮੈਕਸ ਵੀ ‘ਛੂ ਛੁਪਾਈ’ ਵਾਲਾ ਹੀ ਹੈ, ਪਰ ਇਸ ਦੇ ਬਾਵਜੂਦ ਫ਼ਿਲਮ ਫਰੈਸ਼ਲੁੱਕ ਦਿੰਦੀ ਹੈ। ਫ਼ਿਲਮ ਦੀ ਪੇਸ ਅਤੇ ਸਪੀਡ ਸਮੀਪ ਕੰਗ ਦੀਆਂ ਫ਼ਿਲਮਾਂ ਦਾ ਬੈਂਚ ਮਾਰਕ ਬਣ ਚੁੱਕਾ ਹੈ। ਇੰਟਰਵੈਲ ਤੋਂ ਬਾਅਦ ਇਕ ਜਾਂ ਦੋ ਸੀਨ ਛੱਡਕੇ ਬਾਕੀ ਫ਼ਿਲਮ ਬੁਲੇਟ ਟ੍ਰੇਨ ਵਾਂਗ ਚਲਦੀ ਹੈ।
ਨਿਰਦੇਸ਼ਕ ਸਮੀਪ ਕੰਗ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ ਦੀ ‘ਲੌਕ’ ਤੋਂ ਬਾਅਦ ਇਹ ਦੂਜੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ਨਾਲ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਵੀ ਇਹ ਸਾਬਤ ਕੀਤਾ ਹੈ ਕਿ ਉਹ ਰਾਈਟਰ ਹੈ, ਐਕਸੀਡੈਂਟਲ ਰਾਈਟਰ ਨਹੀਂ। ‘ਲਾਵਾਂ ਫ਼ੇਰੇ’ ਕਨਸੈਪਟ ਤੇ ਸਕਰੀਨਪਲੇ ਦੀ ਫ਼ਿਲਮ ਹੈ। ਇਹ ਪੰਜਾਬ ਦੇ ਲੋਕਾਂ ਦੀ  ਇੱਕ ਦੁਖਦੀ ਰਗ ‘ਤੇ ਹੱਥ ਰੱਖਦੀ ਹੈ, ਤੇ ਉਹ ਰਗ ਹੈ ਜੀਜੇ। ਪੰਜਾਬੀ ਵਿਆਹਾਂ ‘ਚ ਪ੍ਰਾਹੁਣਿਆਂ ਦੀ ਟੌਹਰ ਅਤੇ ਆਕੜ ਦੇ ਕਿੱਸੇ ਆਮ ਹਨ। ਫ਼ਿਲਮ ਇਸੇ ਤਰ•ਾਂ ਦੇ ਤਿੰਨ ਜੀਜਿਆਂ ਦੁਆਲੇ ਘੁੰਮਦੀ ਹੈ। ਸਪੀਮ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ‘ਚ ਵੀ ਪੰਚਾਂ ਦੀ ਭਰਮਾਰ ਹੈ, ਪਰ ਵੱਡੀ ਗੱਲ ਫ਼ਿਲਮ ‘ਚ ਸਕਰਿਪਟ ਵੀ ਹੈ। ਫ਼ੇਸਬੁੱਕ ‘ਤੇ ਕੁੜੀ ਫ਼ਸਾ ਕੇ ਮਰੌਸੀਅਸ ‘ਚ ਉਸ ਨਾਲ ਵਿਆਹ ਕਰਵਾਉਣ ਗਏ ਫ਼ਿਲਮ ਦੇ ਨਾਇਕ ਨੂੰ ਜਦੋਂ ਵਿਆਹ ਲਈ ਆਪਣੇ ਤਿੰਨਾਂ ਜੀਜਿਆਂ ਨੂੰ ਬਲਾਉਣਾ ਪੈਂਦਾ ਹੈ ਤਾਂ ਕਿਸ ਤਰ•ਾਂ ਦੀ ਸਥਿਤੀ ਪੈਦਾ ਹੁੰਦੀ ਹੈ ਤੇ ਇਹ ਜੀਜੇ, ਜੀਜੇ ਹੋਣ ਦਾ ਹੱਕ ਕਿਵੇਂ ਜਤਾਉਂਦੇ ਹਨ। ਇਹ ਫ਼ਿਲਮ ਦੀ ਬੇਸਕ ਵੰਨ ਲਾਈਨ ਹੈ। ਫ਼ਿਲਮ ਆਪਣੇ ਮੰਤਵ ਵੱਲ ਤੇਜ਼ੀ ਨਾਲ ਵੱਧਦੀ ਹੈ। ਹੀਰੋ, ਹੀਰੋਇਨ ਦਾ ਵਾਧੂ ਦਾ ਰੁਮਾਂਸ ਤੇ ਬੇਲੋੜੇ ਗੀਤਾਂ ਤੋਂ ਗੁਰੇਜ਼ ਸਾਫ਼ ਝਲਕਦਾ ਹੈ।
ਫ਼ਿਲਮ ਦੀ ਕਹਾਣੀ ਨੂੰ ਪੰਜਾਬ ‘ਚ ਵੀ ਪਲੇਸ ਕੀਤਾ ਜਾ ਸਕਦਾ ਸੀ, ਪਰ ਨਿਰਮਾਤਾ, ਨਿਰਦੇਸ਼ਕ ਨੇ ‘ਸਬਸਿਡੀ’ ਵਾਲੀ ਸਿਆਣਪ ਵਰਤੀ ਹੈ। ਰੌਸ਼ਨ ਤੇ ਰੁਬੀਨਾ ਬਾਜਵਾ ਸਮੇਤ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਬਨਿੰਦਰ ਬਨੀ, ਮਲਕੀਤ ਰੌਣੀ, ਰੁਪਿੰਦਰ ਕੌਰ ਅਤੇ ਫ਼ਿਲਮ ਦੇ ਬਾਕੀ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ।  ਰੁਬੀਨਾ ਬਾਜਵਾ ਨੂੰ ਭੈਣ ਨੀਰੂ ਬਾਜਵਾ ਦੀ ਭੈਣ ਹੋਣ ਦਾ ਲਾਹਾ ਮਿਲ ਰਿਹਾ ਹੈ, ਪਰ ਇਹੀ ਉਸ ਲਈ ਚੈਲੇਜ ਵੀ ਹੈ। ਭਾਵੇਂ ਉਸਨੇ ਇਸ ਫ਼ਿਲਮ ‘ਚ ਤਸੱਲੀਬਖਸ਼ ਕੰਮ ਕੀਤਾ ਹੈ, ਪਰ ਭੈਣ ਨੀਰੂ ਬਾਜਵਾ ਦੇ ਪੱਧਰ ਤੱਕ ਪਹੁੰਚਉਣ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਵੇਗੀ।
ਫ਼ਿਲਮ ਤਕਨੀਕੀ ਪੱਖ ਤੋਂ ਸਮਝੌਤਿਆਂ ਦਾ ਸ਼ਿਕਾਰ ਸਾਫ਼ ਲੱਗ ਰਹੀ ਹੈ। ਫ਼ਿਲਮ ਦਾ ਮੇਕਅੱਪ ਬੇਹੱਦ ਭੱਦਾ ਹੈ।  ਰੁਬੀਨਾ ਬਾਜਵਾ ਫ਼ਿਲਮ ਦੀ ਹੀਰੋਇਨ ਹੈ, ਉਸ ਦਾ ਹੀ ਮੇਕਅੱਪ ਢੰਗ ਦਾ ਨਹੀਂ। ਸਭ ਦਾ ਭੱਦਾ ਮੇਕਅੱਪ ਫ਼ਿਲਮ ‘ਚ ਹੀਰੋਇਨ ਦੀ ਭਾਬੀ ਬਣੀ ਅਸ਼ੂ ਸ਼ਾਹਨੀ ਦਾ ਹੈ।  ਉਸਦੇ ਚਿਹਰੇ ‘ਤੇ ਮੇਕਅੱਪ ਦੀਆਂ ਪਰਤਾਂ ਤੇ ਝਰੁੜੀਆਂ ਸਾਫ਼ ਝਲਕਦੀਆਂ ਹਨ, ਜੋ ਉਸਦੀ ਅਸਲ ਲੁੱਕ ਨੂੰ ਵਿਗਾੜ ਰਹੀਆਂ ਹਨ। ਪਹਿਰਾਵੇ ਯਾਨੀਕਿ ਕਾਸਟਿਊਮ ਦਾ ਮਾਮਲੇ ‘ਚ ਵੀ ਸਸਤੇ ‘ਚ ਸਾਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਖ਼ੈਰ, ਇਸ ਫ਼ਿਲਮ ਨੂੰ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਫ਼ਿਲਮ ਕਿਹਾ ਜਾ ਸਕਦਾ ਹੈ।  ਸਪਨ ਮਨਚੰਦਾ

Leave a Reply

Your email address will not be published. Required fields are marked *

ਜਦੋਂ ਜੈਕੀ ਦਾਦਾ ਤੇ ਗੁਰਪ੍ਰੀਤ ਘੁੱਗੀ ਨੇ ਬਖ਼ਸ਼ੀ ‘ਜੱਗੇ’ ਦੀ ਜਾਨ…

‘ਸੱਜਣ ਸਿੰਘ ਰੰਗਰੂਟ’ : ਲੱਖਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ ਇਹ ਫ਼ਿਲਮ