ਕਿਸੇ ‘ਜੰਗ’ ਤੇ ਫ਼ਿਲਮ ਬਣਾਉਣ ਕਦੇ ਵੀ ਕਿਸੇ ਵੀ ਭਾਸ਼ਾ ‘ਚ ਸੌਖਾ ਨਹੀਂ ਹੁੰਦਾ। ਜੰਗ ਦਾ ਦਰਦ ਸਿਰਫ਼ ਜੰਗ ਲੜਨ ਵਾਲੇ ਯੋਧੇ ਹੀ ਜਾਣ ਸਕਦੇ ਹਨ। ਪਰ ਜਦੋਂ ਜੰਗ ਦੀ ਕਹਾਣੀ ਪਰਦੇ ‘ਤੇ ਪੇਸ਼ ਹੁੰਦੀ ਹੈ ਤਾਂ ਜੰਗ ਦਾ ਅਹਿਸਾਸ ਵੀ ਹੁੰਦਾ ਹੈ ਤੇ ਜੰਗ ਲੜਨ ਵਾਲੇ ਸੂਰਵੀਰਾਂ ‘ਤੇ ਮਾਣ ਵੀ ਹੁੰਦਾ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਬਣੀ ਪੰਜਾਬੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਇਸੇ ਅਹਿਸਾਸ ਨੂੰ ਪਰਦੇ ‘ਤੇ ਉਤਾਰਦੀ ਹੋਈ ਦੇਸ਼ ਦੇ ਅਸਲ ਨਾਇਕਾਂ ਦਾ ਸਾਡੇ ਨਾਲ ਤੁਆਰਫ਼ ਕਰਵਾਉਂਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੇ ਪੰਜਾਬੀ ਹੀ ਨਹੀਂ ਬਲਕਿ ਭਾਰਤੀ ਫ਼ਿਲਮ ਇੰਡਸਟਰੀ ‘ਚ ਫ਼ਿਲਮ ਬਾਬਤ ਚਰਚਾ ਛੇੜੀ ਹੋਈ ਹੈ। ਪੰਜਾਬੀ ਦੇ ਸਥਾਪਤ ਫ਼ਿਲਮ ਨਿਰਦੇਸ਼ਕ ਪੰਕਜ ਬਤਰਾ ਦੀ ਇਸ ਫ਼ਿਲਮ ‘ਚ ਦਿਲਜੀਤ ਦੁਸਾਂਝ ਮੁੱਖ ਭੂਮਿਕਾ ‘ਚ ਹੈ। ਸੁਨੰਦਾ ਸ਼ਰਮਾ, ਬਲਜਿੰਦਰ ਕੌਰ, ਧੀਰਜ ਕੁਮਾਰ, ਜਗਜੀਤ ਸੰਧੂ ਤੇ ਜਰਨੈਲ ਸਿੰਘ ਫ਼ਿਲਮ ਦੇ ਬਾਕੀ ਅਹਿਮ ਪਾਤਰ ਹਨ।

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਯਾਨੀਕਿ 23 ਮਾਰਚ ਨੂੰ ਪਰਦਾਪੇਸ਼ ਹੋਣ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਨਾ ਕੇਵਲ ਸਭ ਤੋਂ ਮਹਿੰਗੀ ਫ਼ਿਲਮ ਹੋਵੇਗੀ ਬਲਕਿ ਪਹਿਲੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਅਤੇ ਇਸ ਲੜਾਈ ‘ਚ ਹਿੱਸਾ ਲੈਣ ਵਾਲੇ ਭਾਰਤੀਆਂ ਖਾਸ ਕਰ ਪੰਜਾਬੀਆਂ ਦੇ ਯੋਗਦਾਨ ਨੂੰ ਪਹਿਲੀ ਵਾਰ ਪਰਦੇ ‘ਤੇ ਪੇਸ਼ ਕਰਨ ਦਾ ਸਿਹਰਾ ਵੀ ਇਸੇ ਫ਼ਿਲਮ ਸਿਰ ਬੱਝੇਗਾ। ਯਾਦ ਰਹੇ ਕਿ ਇੰਗਲੈਂਡ ਅਤੇ ਜਰਮਨ ਦਰਮਿਆਨ ਹੋਇਆ ਪਹਿਲਾ ਵਿਸ਼ਵ ਯੁੱਧ 1914 ਤੋਂ 1919 ਤੱਕ ਕਰੀਬ ਪੰਜ ਸਾਲ ਚੱਲਿਆ ਸੀ। ਇਸ ਯੁੱਘ ‘ਚ ਲਹੌਰ ਰੈਜੀਮੈਂਟ ਥੱਲੇ ਲੱਖਾਂ ਭਾਰਤੀ ਸੈਨਿਕਾਂ ਨੇ ਹਿੱਸਾ ਲਿਆ ਸੀ। ਇਸ ਯੁੱਧ ‘ਚ 80 ਹਜ਼ਾਰ ਦੇ ਕਰੀਬ ਪੰਜਾਬੀ ਸੂਰਵੀਰ ਸ਼ਹੀਦੀ ਹੋਏ ਹਨ। ਇਹ ਫ਼ਿਲਮ ਉਨ•ਾਂ ਨੂੰ ਸ਼ਰਧਾਂਜਲੀ ਹੋਵੇਗੀ।
ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਇਸ ਫ਼ਿਲਮ ਨੂੰ ਇੰਗਲੈਂਡ ਦੇ ਬਾਹਰੀ ਹਿੱਸੇ ਅਤੇ ਰਾਜਸਥਾਨ ‘ਚ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਫ਼ਿਲਮਾਇਆ ਗਿਆ ਹੈ। ਇਸ ਜੰਗ ‘ਚ ਸ਼ਹੀਦ ਹੋਣ ਵਾਲੇ ਪੰਜਾਬੀ ਸੂਰਵੀਰਾਂ ਦੇ ਪਿਛੋਕੜ ਅਤੇ ਉਹਨਾਂ ਦੀ ਕੁਰਬਾਨੀ ਨੂੰ ਅਜੌਕੀ ਪੀੜ•ੀ ਅੱਗੇ ਰੱਖਣ ਦਾ ਯਤਨ ਕੀਤਾ ਗਿਆ ਹੈ। ਨਿਰਮਾਤਾ ਜੈ ਸਾਹਨੀ, ਸੋਹਨਾ ਸਾਹਨੀ ਅਤੇ ਬੌਬੀ ਬਜਾਜ ਵੱਲੋਂ ਬਣਾਈ ਗਈ ਇਸ ਫ਼ਿਲਮ ਦਾ ਸਕਰੀਨਪਲੇ ਨਿਰਦੇਸ਼ਕ ਪੰਕਜ ਬਤਰਾ ਅਤੇ ਗੁਰਪ੍ਰੀਤ ਪਲਹੇੜੀ ਵੱਲੋਂ ਸਾਂਝੇ ਤੌਰ ‘ਤੇ ਲਿਖਿਆ ਗਿਆ ਹੈ।



