ਪੰਜਾਬੀ ਫ਼ਿਲਮ ‘ਸਾਡਾ ਹੱਕ’ ਤੋਂ ਸ਼ੁਰੂ ਹੋਇਆ ਕੁਲਜਿੰਦਰ ਸਿੱਧੂ ਦਾ ਫ਼ਿਲਮੀ ਸਫ਼ਰ ਵਕਤ ਨਾਲ ਹੋਰ ਰੁਮਾਂਚਿਤ ਤੇ ਚੁਣੌਤੀ ਭਰਪੂਰ ਹੁੰਦਾ ਜਾ ਰਿਹਾ ਹੈ। ਉਹ ਆਪਣੀ ਹਰ ਫ਼ਿਲਮ ਨਾਲ ਖੁਦ ਹੀ ਅਗਲੀ ਫ਼ਿਲਮ ਲਈ ਚੁਣੌਤੀ ਦਿੰਦਾ ਹੈ ਤੇ ਹਰ ਵਾਰ ਝੰਡੀ ਗੱਡਦਿਆਂ ਦਰਸ਼ਕਾਂ ਦਾ ਅਥਾਹ ਪਿਆਰ ਹਾਸਲ ਕਰਦਾ ਹੈ। ਪਿਛੇ ਜਿਹੇ ਆਈ ਪੰਜਾਬੀ ਫ਼ਿਲਮ ‘ਪੰਜਾਬ ਸਿੰਘ’ ਜ਼ਰੀਏ ਉਸ ਨੇ ਇਹ ਅਹਿਸਾਸ ਕਰਵਾਇਆ ਕਿ ਉਹ ਹੀਰੋ ਹੀ ਨਹੀਂ ਵਿਲੇਨ ਵੀ ਕਮਾਲ ਦਾ ਹੈ। ਇਸ ਫ਼ਿਲਮ ਨਾਲ ਉਸਦੀ ਅਦਾਕਾਰੀ ਦੀ ਖੂਬ ਚਰਚਾ ਹੋਈ ਹੈ। ਕੁਲਜਿੰਦਰ ਦਿਨ ਬ ਦਿਨ ਆਪਣੀ ਅਦਾਕਾਰੀ ‘ਚ ਸੰਜੀਦਗੀ ਲਿਆ ਰਿਹਾ ਹੈ। ਉਹ ਫ਼ਿਲਮਾਂ ਦੀ ਗਿਣਤੀ ਨਾਲੋਂ ਕਿਰਦਾਰ ਦੀ ਮਿਣਤੀ ਵੱਲ ਧਿਆਨ ਦੇਣ ਲੱਗਾ ਹੈ। ਇਸੇ ਲਈ ਉਸਨੇ ਪਿਛਲੇ ਦਿਨਾਂ ‘ਚ ਪੰਜਾਬੀ ਸਮੇਤ ਹਿੰਦੀ ਦੀਆਂ ਕਈ ਫ਼ਿਲਮਾਂ ਤੋਂ ਕਿਨਾਰਾ ਕੀਤਾ ਹੈ। ਅੱਜ ਕੱਲ• ਉਹ ਹਿੰਦੀ ਫ਼ਿਲਮ ‘ਤਮਸਤੇ ਲੰਡਨ’ ਦੀ ਸ਼ੂਟਿੰਗ ਕਰ ਰਿਹਾ ਹੈ। ਨਿਰਦੇਸ਼ਕ ਵਿਪੁਲ ਸ਼ਾਹ ਦੀ ਇਸ ਫ਼ਿਲਮ ‘ਚ ਉਹ ਇਕ ਦਮਦਾਰ ਭੂਮਿਕਾ ‘ਚ ਨਜ਼ਰ ਆਵੇਗਾ। ਅਰਜੁਨ ਕਪੂਰ ਤੇ ਪਰਨੀਤੀ ਚੋਪੜਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ‘ਚ ਹੋਈ ਹੈ।

ਅੱਜ ਕੱਲ• ਮੋਗਾ ‘ਚ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦੀ ਸ਼ੂਟਿੰਗ ‘ਚ ਰੁੱਝਿਆ ਸਿੱਧੂ ਨਿਰਦੇਸ਼ਕ ਇੰਦਰ ਸੋਹੀ ਦੀ ਫ਼ਿਲਮ ‘ਗੁਲਾਮ’ ਵਿੱਚ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗਾ। ਇਹ ਫ਼ਿਲਮ ਉਸਦੀ ਪਹਿਚਾਣ ਨੂੰ ਹੋਰ ਗੂੜਾ ਕਰਨ ਦੇ ਨਾਲ ਨਾਲ ਉਸਦੀ ਕਾਬਲੀਅਤ ਦਾ ਮੁਜ਼ਾਹਰਾ ਵੀ ਕਰਨਗੀਆਂ। ਸਾਡਾ ਹੱਕ, ਯੋਧਾ, ਸ਼ਰੀਕ ਤੇ ਪੰਜਾਬ ਸਿੰਘ ਤੋਂ ਬਾਅਦ ਉਸਨੇ ਆਪਣੀ ਸਹਿਜ ਭਰਪੂਰ ਅਦਾਕਾਰੀ ‘ਚ ਵੱਡੀ ਤਬਦੀਲੀ ਲਿਆਉਂਦਿਆਂ ਖੁਦ ਨੂੰ ਹਰ ਤਰ•ਾਂ ਦੇ ਕਿਰਦਾਰਾਂ ਲਈ ਸਮਰਪਿਤ ਕਰ ਦਿੱਤਾ ਹੈ।

ਕੁਲਜਿੰਦਰ ਦਾ ਮੰਨਣਾ ਹੈ ਕਿ ਉਹ ਕਲਾਕਾਰ ਹੈ ਤੇ ਕਲਾਕਾਰ ਨੇ ਮਿੱਟੀ ਵਾਂਗ ਹਰ ਤਰ•ਾਂ ਦਾ ਆਕਾਰ ਲੈਣਾ ਹੁੰਦਾ ਹੈ। ਇਹ ਨਿਰਦੇਸ਼ਕ ‘ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿਸ ਕਿਰਦਾਰ ‘ਚ ਢਾਲ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਉਹ ਆਪਣੇ ਚਹੇਤਿਆਂ ਨੂੰ ਕਈ ਸਰਪਰਾਈਜ ਦੇਵੇਗਾ।



