ਕਿਸੇ ਵੀ ਫ਼ਿਲਮ ਦੀ ਸ਼ੁਰੂਆਤ ਕਲਪਨਾ ਤੇ ਵਿਚਾਰ ਤੋਂ ਹੁੰਦੀ ਹੈ। ਜੇ ਕੋਈ ਕਿਸੇ ਫ਼ਿਲਮ ਦੀ ਕਲਪਨਾ ਕਰਕੇ ਉਸ ਦੀ ਕਹਾਣੀ ਲਿਖਦਾ, ਸੋਚਦਾ ਹੈ ਤਾਂ ਹੀ ਉਸ ਤੋਂ ਬਾਅਦ ਅੱਗੇ ਗੱਲ ਵੱਧਦੀ ਹੈ। ਭਾਵ ਹਰ ਫ਼ਿਲਮ ਦਾ ਮੁੱਢ ਕਹਾਣੀ ਤੋਂ ਬੱਝਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਲੇਖਕ ਫ਼ਿਲਮ ਦੀ ਮਾਂ ਹੁੰਦਾ ਹੈ ਤੇ ਨਿਰਦੇਸ਼ਕ ਬਾਪ।
ਇਹ ਤੁਸੀਂ ਜੋ ਹੇਠਲੀ ਤਸਵੀਰ ਦੇਖ ਰਹੇ ਹੋ, ਇਹ ਉਸ ਸਖਸ਼ੀਅਤ ਦੀ ਹੈ, ਜਿਸ ਨੇ ‘ਸੱਜਣ ਸਿੰਘ ਰੰਗਰੂਟ’ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਲਿਖਿਆ ਹੈ। ਪੰਜਾਬੀ ਫ਼ਿਲਮ ਇੰਡਸਟਰੀ ਇਸ ਨੂੰ ‘ਗਿਆਨੀ ਜੀ’ ਦੇ ਨਾਂ ਨਾਲ ਜਾਣਦੀ ਹੈ, ਪਰ ਹੁਣ ਇੰਡਸਟਰੀ ਦੇ ਨਾਲ ਨਾਲ ਆਮ ਲੋਕਾਂ ‘ਚ ਇਹ ਆਪਣੇ ਅਸਲ ਨਾਂ ਗੁਰਪ੍ਰੀਤ ਸਿੰਘ ਪਲਹੇੜੀ ਦੇ ਨਾਂ ਨਾਲ ਜਾਣੇ ਜਾਣ ਲੱਗੇ ਹਨ। ਗੁਰਪ੍ਰੀਤ ਸਿੰਘ ਪਲਹੇੜੀ ਪਿਛਲੇ ਲੰਮੇ ਤੋਂ ਪੰਜਾਬੀ ਫ਼ਿਲਮ ਜਗਤ ਦਾ ਹਿੱਸਾ ਹੈ। ਪਹਿਲਾਂ ਸਹਾਇਕ ਲਾਈਨ ਨਿਰਮਾਤਾ ਤੇ ਫ਼ਿਰ ਲਾਈਨ ਨਿਰਮਾਤਾ ਦੇ ਤੌਰ ‘ਤੇ ਉਹ ਦਰਜਨ ਤੋਂ ਵੱਧ ਫ਼ਿਲਮਾਂ ਦਾ ਨਿਰਮਾਣ ਕਾਰਜ ਨੇਪਰੇ ਚਾੜ• ਚੁੱਕੇ ਹਨ। ਪੰਜਾਬੀ ਤੇ ਹਿੰਦੀ ਫ਼ਿਲਮ ਜਗਤ ਦੇ ਕਈ ਵੱਡੇ ਸਿਤਾਰਿਆਂ ਦੇ ਬੇਹੱਦ ਕਰੀਬੀ ਗੁਰਪ੍ਰੀਤ ਜੀ ਸਰੀਰਿਕ ਅਤੇ ਮਾਨਸਿਕ ਪੱਖੋਂ ਧਾਰਜਿਕ ਇਨਸਾਨ ਹਨ।

ਉਹਨਾਂ ਦੀ ਪੰਜਾਬੀ ਕੌਮ, ਪੰਜਾਬੀ ਵਿਰਸੇ ਤੇ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਮੋਹ ਦਾ ਹੀ ਨਤੀਜਾ ਹੈ ਕਿ ਪਹਿਲੇ ਵਿਸ਼ਵ ਯੁੱਧ ‘ਤੇ ਬਣੀ ਸੱਜਣ ਸਿੰਘ ਰੰਗਰੂਟ ਵਰਗੀ ਫ਼ਿਲਮ ਦਰਸ਼ਕਾਂ ਸਾਹਮਣੇ ਆ ਰਹੀ ਹੈ। ਨਿਰਦੇਸ਼ਕ ਪੰਕਜ ਬਤਰਾ ਵੱਲੋਂ ਨਿਰਦੇਸ਼ਕ ਕੀਤੀ ਇਹ ਫ਼ਿਲਮ 23 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਗੁਰਪ੍ਰੀਤ ਸਿੰਘ ਪਲਹੇੜੀ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ, ਜਦਕਿ ਸਕਰੀਨਪਲੇ ਗੁਰਪ੍ਰੀਤ ਸਿੰਘ ਪਲਹੇੜੀ ਤੇ ਨਿਰਦੇਸ਼ਕ ਪੰਕਜ ਬਤਰਾ ਨੇ ਸਾਂਝੇ ਤੌਰ ‘ਤੇ ਲਿਖਿਆ ਹੈ। ਨਿਰਮਾਤਾ ਜੈ ਸਾਹਨੀ ਤੇ ਸੋਹਨਾ ਸਾਹਨੀ ਦੀ ਇਸ ਫ਼ਿਲਮ ‘ਚ ਦਿਲਜੀਤ ਦੁਸਾਂਝ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਕਰੀਬ ਪੰਜ ਸਾਲ ਚੱਲੇ ਵਿਸ਼ਵ ਯੁੱਧ ‘ਤੇ ਫ਼ਿਲਮ ਲਈ ਕਹਾਣੀ ਲਿਖਣ ਦੀ ਕਲਪਨਾ ਕਰਨਾ ਹੀ ਕਿਸੇ ਮਾਣ ਤੋਂ ਘੱਟ ਨਹੀਂ ਹੈ। ਇਹ ਉਸ ਵੇਲੇ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਦੋਂ ਚੁਫੇਰੇ ਸਿਰਫ਼ ਕਾਮੇਡੀ ਤੇ ਚਾਲੂ ਕਿਸਮ ਦੀਆਂ ਮੁੰਬਈਆ ਫ਼ਿਲਮਾਂ ਦੀ ਭਰਮਾਰ ਹੋਵੇ।

ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਇਸ ਫ਼ਿਲਮ ਤੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਕਿਸੇ ਫ਼ਿਲਮ ਦੀ ਕਲਪਨਾ ਠੰਢੇ ਕਮਰਿਆਂ ‘ਚ ਬੈਠ ਕੇ ਹੀ ਨਹੀਂ ਕੀਤੀ ਜਾਂਦੀ। ਪੋਹ ਦੀਆਂ ਰਾਤਾਂ ਤੇ ਤਪਦੀ ਧਰਤ ਦੇ ਦਿਨਾਂ ‘ਚ ਵੀ ਧ੍ਰੇਕਾਂ ਥੱਲੇ ਬੈਠ ਕੇ ਇਤਿਹਾਸ ਰਚਣ ਵਾਲੀਆਂ ਫ਼ਿਲਮਾਂ ਲਿਖੀਆਂ ਜਾ ਸਕਦੀਆਂ ਹਨ।
ਬੇਹੱਦ ਨਿਮਰ ਸੁਭਾਅ ਦੇ ਮਾਲਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਤੁਸੀਂ ਕਦੇ ਵੀ ਇਸ ਫ਼ਿਲਮ ਨੂੰ ਲੈ ਕੇ ਕੋਈ ਕਰੈਡਿਟ ਲੈਂਦਿਆਂ ਜਾਂ ਆਪਣੇ ਪਿੱਠ ਖੁਦ ਥਾਪੜਦਿਆਂ ਨਹੀਂ ਦੇਖਿਆ ਹੋਵੇਗਾ। ਉਹ ਚੁੱਪ ਚਾਪ ਪਰਦੇ ਪਿੱਛੇ ਰਹਿ ਕੇ ਆਪਣੇ ਕੰਮ ਨੂੰ ਅੰਦਾਮ ਦੇ ਰਹੇ ਹਨ। ਅਖੌਤੀ ਪਬਲੀਸਿਟੀ ਤੇ ਫ਼ੂ ਫ਼ਾਅ ਤੋਂ ਕੋਹਾ ਦੂਰ ਇਸ ਸਖ਼ਸੀਅਤ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਸੀ। ਆਸ ਹੈ ਕਿ ਉਹ ਖੁਦ ਵੀ ਛੇਤੀ ਸੋਸਲ ਮੀਡੀਆ ਜ਼ਰੀਏ ਇਸ ਫ਼ਿਲਮ ਬਾਤ ਸਿੱਧੇ ਤੌਰ ‘ਤੇ ਲੋਕਾਂ ਦੇ ਰੂਬਰੂ ਹੋਣਗੇ। ਸਪਨ ਮਨਚੰਦਾ

in Article
ਪੰਜਾਬੀ ਸਿਨੇਮੇ ਦਾ ਅਸਲ ਖ਼ੈਰਖਾਹ ਗੁਰਪ੍ਰੀਤ ਸਿੰਘ ਪਲਹੇੜੀ


