ਪੰਜਾਬੀ ਸਿਨੇਮੇ ਲਈ ਇਹ ਸ਼ੁਭ ਸ਼ਗਨ ਹੈ ਕਿ ਪੰਜਾਬੀ ਫ਼ਿਲਮਸਾਜ਼ ਮੁੰਬਈਆ ਕਹਾਣੀਆਂ ਤੋਂ ਉਪਰ ਉੱਠ ਕੇ ਖੇਤਰੀ ਸਿਨੇਮੇ ਦੀਆਂ ਲੋੜਾਂ ਤੇ ਵਿਸ਼ਿਆਂ ਨੂੰ ਸਮਝਣ ਲੱਗੇ ਹਨ। ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਇਸ ਦੀ ਪੁਖ਼ਤਾ ਮਿਸਲ ਹੈ। ਜ਼ਿਲ•ਾ ਮੋਗਾ ਨਾਲ ਸਬੰਧਿਤ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਇਹ ਬਾਇਓਪਿਕ ਇਸ ਮਹਾਨ ਯੋਧੇ ਦੀ ਕੁਰਬਾਨੀ ਦੇ ਨਾਲ ਨਾਲ ਫ਼ੌਜੀਆਂ ਦੀ ਜ਼ਿੰਦਗੀ, ਦੁਸ਼ਵਾਰੀਆ ਤੇ ਪਰਿਵਾਰ ਦੀ ਸਥਿਤੀ ਨੂੰ ਵੀ ਪਰਦੇ ‘ਤੇ ਰੂਪਮਾਨ ਕਰਦੀ ਹੈ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਉਹ ਯੋਧੇ ਸਨ, ਜਿਨ•ਾਂ ਸੰਨ 1962 ਵਿੱਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ ‘ਚ ਚਾਇਨਾ ਦੇ ਕਰੀਬ ਇਕ ਹਜ਼ਾਰ ਫ਼ੌਜੀਆਂ ਦਾ ਡਟਕੇ ਮੁਕਾਬਲਾ ਕੀਤਾ ਸੀ। ਉਹਨਾਂ ਦੀ ਇਹ ਬਹਾਦਰੀ ਇਤਿਹਾਸ ਦੇ ਪੰਨਿਆਂ ‘ਚ ਦਰਜ ਹੈ। ਪੰਜਾਬ ਦੇ ਅਜਿਹੇ ਅਸਲ ਨਾਇਕਾਂ ਦੀ ਜ਼ਿੰਦਗੀ ‘ਤੇ ਉਹਨਾਂ ਦੀ ਹੀ ਖੇਤਰੀ ਭਾਸ਼ਾ ‘ਚ ਫ਼ਿਲਮ ਬਣਾਉਣਾ ਪੰਜਾਬੀ ਸਿਨੇਮੇ ਲਈ ਤਾਂ ਸ਼ੁਭ ਸੰਕੇਤ ਹੈ ਹੀ ਬਲਕਿ ਭਾਰਤੀ ਫ਼ਿਲਮ ਇੰਡਸਟਰੀ ਨੂੰ ਵੀ ਸਰੋਂ ਦੇ ਫੁੱਲਾਂ ਵਾਲਾ ਪੰਜਾਬ ਦਿਖਾਉਣ ਦੀ ਥਾਂ ਪੰਜਾਬ ਦੀ ਅਸਲ ਖੂਬਸੂਰਤੀ ਅਤੇ ਯੋਧਿਆਂ ਦੀਆਂ ਗਾਥਵਾਂ ਫਰੋਲਣ ਲਈ ਪ੍ਰੇਰਿਤ ਕਰਨਾ ਹੈ।
ਨਿਰਮਾਤਾ ਸੁਮਿਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਪਹਿਲੀ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ‘ਚ ਪੰਜਾਬੀ ਦੇ ਸਭ ਤੋਂ ਵੱਧ ਨਾਮੀਂ ਸਿਤਾਰਿਆਂ ਨੇ ਇੱਕਠੇ ਕੰਮ ਕੀਤਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ, ਹਰੀਸ਼ ਵਰਮਾ, ਗੱਗੂ ਗਿੱਲ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੱਗੀ ਸਿੰਘ, ਜੋਰਡਨ ਸੰਧੂ, ਚਰਨ ਸਿੰਘ ਤੇ ਸਰਦਾਰ ਸੋਹੀ ਸਮੇਤ ਰੰਗਮੰਚ ਦੇ ਕਰੀਬ 2 ਦਰਜਨ ਕਲਾਕਾਰ ਨਜ਼ਰ ਆਉਂਣਗੇ। ਰਾਜਸਥਾਨ ਤੇ ਲੱਦਾਖ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਖੁਦ ਲਿਖਿਆ ਹੈ। ਰਾਸ਼ਿਦ ਰੰਗਰੇਜ ਵੱਲੋਂ ਡਿਜਾਈਨ ਕੀਤੀ ਗਈ ਇਸ ਫ਼ਿਲਮ ਦੀ ਹੀਰੋਇਨ ਅਦਿੱਤੀ ਸ਼ਰਮਾ ਹੈ। ਦਰਜਨ ਦੇ ਨੇੜੇ ਕਾਮੇਡੀ ਤੇ ਫਿਕਸ਼ਨ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕਿਆ ਗਿੱਪੀ ਗਰੇਵਾਲ ਪਹਿਲੀ ਵਾਰ ਇਸ ਫ਼ਿਲਮ ਜ਼ਰੀਏ ਸੰਜੀਦਾ ਤੇ ਇਤਿਹਾਸਕ ਸਿਨੇਮੇ ਵੱਲ ਅਹੌਲਿਆ ਹੈ। ਗਿੱਪੀ ਨੇ ਇਸ ਫ਼ਿਲਮ ਲਈ ਕਾਫ਼ੀ ਮਿਹਨਤ ਕੀਤੀ ਹੈ। ਉਸ ਨੇ ਪਹਿਲਾਂ ਇਸ ਫ਼ਿਲਮ 15 ਕਿਲੋ ਦੇ ਨੇੜੇ ਭਾਰ ਘਟਾਇਆ ਅਤੇ ਫਿਰ ਵਧਾਇਆ ਹੈ। ਪਰਦੇ ‘ਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਜਿਉਣ ਲਈ ਗਿੱਪੀ ਨੇ ਕਈ ਮਹੀਨੇ ਉਸਦੇ ਪਰਿਵਾਰ ਅਤੇ ਫ਼ੌਜੀਆਂ ਨਾਲ ਰਾਬਤਾ ਰੱਖਿਆ।
ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਦੱਸਦਾ ਹੈ ਕਿ ਇਹ ਫ਼ਿਲਮ ਬਣਾਉਣ ਉਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣ ਮੁਸ਼ਕਲ ਕਾਰਜ ਹੈ, ਪਰ ਉਸ ਵਿਅਕਤੀ ਦੇ ਨਾਲ ਨਾਲ ਉਸਦੇ ਕਾਰਜ ਖ਼ੇਤਰ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਲਿਆਉਣ ਬੇਹੱਦ ਮੁਸ਼ਕਲ ਤੇ ਮਹਿੰਗਾ ਕਾਰਜ ਹੈ। ਹਜ਼ਾਰਾਂ ਮੁਸ਼ਕਲਾਂ ਤੇ ਔਕੜਾਂ ਦੇ ਬਾਵਜੂਦ ਆਖਰ ਉਹ ਇਸ ਵਿਸ਼ੇ ‘ਤੇ ਫ਼ਿਲਮ ਬਣਾਉਣ ‘ਚ ਕਮਾਯਾਬ ਹੋਏ ਹਨ। ਸੂਬੇਦਾਰ ਜੋਗਿੰਦਰ ਸਿੰਘ ਸਿਰਫ਼ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਮੁਲਕ ਦੀ ਸਨਮਾਨਿਤ ਸਖ਼ਸੀਅਤ ਹੈ। ਉਹਨਾਂ ਦੀ ਜ਼ਿੰਦਗੀ ‘ਤੇ ਪਹਿਲਾਂ ਇਹ ਫ਼ਿਲਮ ਹਿੰਦੀ ‘ਚ ਬਣਾਉਣ ਦੇ ਸੁਝਾਅ ਆਏ ਸਨ, ਪਰ ਉਹਨਾਂ ਜੋਖ਼ਮ ਲੈਂਦਿਆਂ ਪੰਜਾਬੀ ਵਿੱਚ ਵੀ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ। ਪਰ ਹੁਣ ਇਹ ਫ਼ਿਲਮ ਪੰਜਾਬੀ ਦੇ ਨਾਲ ਨਾਲ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਕਰਨ ਦੀ ਤਿਆਰੀ ਹੈ ਤਾਂ ਜੋ ਗੈਰ ਪੰਜਾਬੀ ਲੋਕ ਵੀ ਪੰਜਾਬ ਦੇ ਇਸ ਅਸਲ ਨਾਇਕ ਦੀ ਜ਼ਿੰਦਗੀ ਤੋਂ ਜਾਣੂ ਹੋ ਸਕਣ। ਅੱਜ ਕੱਲ• ਸੋਸ਼ਲ ਮੀਡੀਆ ਜ਼ਰੀਏ ਕਿਸੇ ਵੀ ਫ਼ਿਲਮ ਦਾ ਭਵਿੱਖ ਉਸਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਂਕਿਆ ਜਾ ਸਕਦਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਜਿਸ ਪੱਧਰ ‘ਤੇ ਹੁੰਗਾਰਾ ਮਿਲਿਆ ਹੈ, ਉਸ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ 6 ਅਪ੍ਰੈਲ ਨੂੰ ਪਰਦਾਪੇਸ਼ ਹੋ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਮੀਲ ਪੱਥਰ ਸਾਬਤ ਹੋ ਸਕਦੀ ਹੈ।
#ਸਪਨ ਮਨਚੰਦਾ