ਇਹ ਅਕਸਰ ਕਿਹਾ ਜਾਂਦਾ ਹੈ ਕਿ ਥੀਏਟਰ ਵਾਲਿਆਂ ਨੂੰ ਫ਼ਿਲਮਾਂ ‘ਚ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਨਹੀਂ ਮਿਲਦਾ, ਪਰ ਜਿਨ•ਾਂ ਦੇ ਸੀਨਿਆਂ ‘ਚ ਅੱਗੇ ਵਧਣ ਦੀ ਚੰਗਿਆੜੀ ਹੋਵੇ, ਉਹ ਭਾਂਬੜ ਬਾਲ ਕੇ ਹੀ ਹਟਦੇ ਹਨ। ਰੰਗਮੰਚ ਦੇ ਮੰਝੇ ਹੋਏ ਇਹ ਅਦਾਕਾਰ ਧੀਰਜ ਕੁਮਾਰ ਤੇ ਜਗਜੀਤ ਸੰਧੂ ਦੀ ਜੋੜੀ ‘ਸੱਜਣ ਸਿੰਘ ਰੰਗਰੂਟ’ ਫ਼ਿਲਮ ਨਾਲ ਹੋਰ ਚਮਕੇਗੀ। ਅੱਜ ਕੱਲ• ਇਹ ਦੋਵੇਂ ਦਿਲਜੀਤ ਦੁਸਾਂਝ ਨਾਲ ਵੱਖ ਵੱਖ ਪ੍ਰੋਮੇਸ਼ਨ ਟੂਰਜ਼ ‘ਤੇ ਵੀ ਨਜ਼ਰ ਆ ਰਹੇ ਹਨ।

23 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਦੋਵਾਂ ਨੇ ਦਿਲਜੀਤ ਦੁਸਾਂਝ ਨਾਲ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਲਈ ਦੋਵਾਂ ਨੇ ਹੀ ਬੇਹੱਦ ਮਿਹਨਤ ਕੀਤੀ ਹੈ। ਕਾਬਲੇਗੌਰ ਹੈ ਕਿ ਇਹ ਦੋਵੇਂ ਕਲਾਕਾਰ ਪਿਛਲੇ ਕੁਝ ਸਾਲਾਂ ਤੋਂ ਥੀਏਟਰ ਦੇ ਨਾਲ ਨਾਲ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ। ਜੱਗੀ ਪੰਜਾਬੀ ਫ਼ਿਲਮ ‘ਕਿੱਸਾ ਪੰਜਾਬ’ ਅਤੇ ਰੁਪਿੰਦਰ ਗਾਂਧੀ ਨਾਲ ਚਮਕਿਆ ਸੀ ਜਦਕਿ ਧੀਰਜ ਦੀ ਚਰਚਾ ਕਿੱਸਾ ਪੰਜਾਬ ਅਤੇ ਰੱਬ ਦਾ ਰੇਡੀਓ ਨਾਲ ਸ਼ੁਰੂ ਹੋਈ ਸੀ।

ਦੋਵੇਂ ਜਣੇ ਹੁਣ ਲਗਾਤਾਰ ਪੰਜਾਬੀ ਸਿਨੇਮੇ ‘ਚ ਸਰਗਰਮ ਹਨ। ਧੀਰਜ ਕੁਮਾਰ ਤਾਂ ਛੇਤੀ ਹੀ ਇਕ ਵੱਡੀ ਫ਼ਿਲਮ ‘ਚ ਬਤੌਰ ਹੀਰੋ ਵੀ ਨਜ਼ਰ ਆਉਂਣ ਵਾਲਾ ਹੈ। ਦਿਲਜੀਤ ਦੁਸਾਂਝ ਦੋਵੇਂ ਦੀ ਕਾਬਲੀਅਤ ਦੀ ਕਈ ਦਫ਼ਾ ਸਟੇਜ ਅਤੇ ਆਪਣੇ ਫ਼ੇਸਬੱਕ ਪੇਜ਼ ‘ਤੇ ਵੀ ਤਾਰੀਫ਼ ਕਰ ਚੁੱਕੇ ਹਨ।

ਕਾਬਲੇਗੌਰ ਹੈ ਕਿ ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਅਤੇ ਪੰਕਜ ਬਤਰਾ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਹੈ। ਕਰੀਬ 5 ਸਾਲ ਚੱਲੇ ਇਸ ਯੁੱਧ ‘ਚ 80 ਹਜ਼ਾਰ ਪੰਜਾਬੀ ਰੰਗਰੂਟ ਸ਼ਹੀਦ ਹੋਏ ਸਨ। ਇਸ ਫ਼ਿਲਮ ਦਾ ਹਿੱਸਾ ਬਣਨਾ ਦੋਵੇਂ ਜਣੇ ਮਾਣ ਵਾਲੀ ਗੱਲ ਸਮਝ ਰਹੇ ਹਨ। ਇਹ ਫ਼ਿਲਮ ਦੋਵਾਂ ਦੇ ਕਰੀਅਰ ਦੀ ਟਰਨਿੰਗ ਪੁਆਇੰਟ ਫ਼ਿਲਮ ਵੀ ਸਾਬਤ ਹੋ ਸਕਦੀ ਹੈ।

in News
‘ਸੱਜਣ ਸਿੰਘ ਰੰਗਰੂਟ’ ਨਾਲ ਹੋਰ ਚਮਕਣਗੇ ਧੀਰਜ ਤੇ ਜੱਗੀ


