‘ਸੱਜਣ ਸਿੰਘ ਰੰਗਰੂਟ’ ਨੂੰ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ‘ਚ ਆਸ ਮੁਤਾਬਕ ਹੁੰਗਾਰਾ ਮਿਲ ਰਿਹਾ ਹੈ। ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਜ਼ਿਆਦਾਤਰ ਸਿਨੇਮਾ ਦਰਸ਼ਕਾਂ ਦਾ ਫ਼ਿਲਮ ਪ੍ਰਤੀ ਹਾਂ ਪੱਖੀ ਹੁੰਗਾਰਾ ਆ ਰਿਹਾ ਹੈ। ਇਹ ਫ਼ਿਲਮ ਪੰਜਾਬੀ ਵਿੱਚ ਆਪਣੇ ਕਿਸਮ ਦਾ ਇਕ ਨਿਵੇਕਲਾ ਤਜਰਬਾ ਕਹੀ ਜਾ ਸਕਦੀ ਹੈ। ਕਾਮੇਡੀ, ਮੁੰਬਈਆ ਫਾਰਮੂਲੇ ਤੇ ਜੱਟਵਾਦ ‘ਚ ਫ਼ਸੇ ਪੰਜਾਬੀ ਸਿਨੇਮੇ ਲਈ ਇਹ ਫ਼ਿਲਮ ਅਸਲੋਂ ਵੱਖਰੀ ਫ਼ਿਲਮ ਹੈ।
ਪਹਿਲੇ ਵਿਸ਼ਵ ਯੁੱਧ ਦੌਰਾਨ ਪੰਜਾਬੀ ਸੂਰਵੀਰਾਂ ਦੀਆਂ ਕੁਰਬਾਨੀਆਂ ‘ਤੇ ਅਧਾਰਿਤ ਇਸ ਫ਼ਿਲਮ ਜ਼ਰੀਏ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਪੰਕਜ ਬਤਰਾ ਨੇ ਪਹਿਲੀ ਵਾਰ ਲੀਕ ਤੋਂ ਹਟਕੇ ਕੁਝ ਵੱਖਰਾ ਕੀਤਾ ਹੈ। ਦੋਵਾਂ ਦੀ ਮਿਹਨਤ ਦੀ ਸ਼ਲਾਘਾ ਵੀ ਹੋ ਰਹੀ ਹੈ। ਗੁਰਪ੍ਰੀਤ ਸਿੰਘ ਪਲਹੇੜੀ ਦੀ ਕਹਾਣੀ ‘ਤੇ ਅਧਾਰਿਤ ਇਹ ਫ਼ਿਲਮ ਮੌਜੂਦਾ ਦੌਰ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ 100 ਸਾਲ ਪਹਿਲਾਂ ਹੋਏ ਪਹਿਲੇ ਵਿਸ਼ਵ ਯੁੱਧ ਦੇ ਹਾਲਤਾਂ ਨੂੰ ਪਰਦੇ ‘ਤੇ ਲਿਆਉਂਦੀ ਹੈ। ਰਾਜਸਥਾਨ ਅਤੇ ਇੰਗਲੈਂਡ ‘ਚ ਫ਼ਿਲਮਾਈ ਗਈ ਇਹ ਫ਼ਿਲਮ ਜੰਗ ਨੂੰ ਲੈ ਕੇ ਆਮ ਬੰਦੋ ਦੀ ਮਨੋਦਸ਼ਾ, ਫ਼ੌਜੀਆਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਥਿਤੀ ਨੂੰ ਬਿਆਨਦੀ ਹੋਈ ਪੰਜਾਬੀਆਂ ਦੀ ਨਿਡਰਤਾ ਦੀ ਮਿਸਾਲ ਪੇਸ਼ ਕਰਦੀ ਹੈ।
ਪੰਜਾਬੀ ਸਿਨੇਮੇ ਦੇ ਹਿਸਾਬ ਨਾਲ ਇਹ ਫ਼ਿਲਮ ਇਕ ਅੱਧੀ ਫ਼ਿਲਮ ਨੂੰ ਛੱਡਕੇ ਪੰਜਾਬੀ ਦੀ ਸਭ ਤੋਂ ਮਹਿੰਗੀ ਫ਼ਿਲਮ ਗਰਦਾਨੀ ਗਈ ਹੈ। ਜੇ ਇਹ ਹਿੰਦੀ ਦੀ ਫ਼ਿਲਮ ਹੁੰਦੀ ਤਾਂ ਪ੍ਰੋਡਕਸ਼ਨ ਦੇ ਮਾਮਲੇ ‘ਚ ਇਸ ਨੂੰ ਵੀਕ ਫ਼ਿਲਮ ਕਿਹਾ ਜਾ ਸਕਦਾ ਸੀ, ਕਿਉਂਕਿ ਬਹੁਤ ਥਾਂਵਾਂ ‘ਤੇ ਫ਼ਿਲਮ ਨੂੰ ਅੱਗੇ ਤੋਰਨ ‘ਤੇ ਦਰਸ਼ਕਾਂ ‘ਚ ਇਸ ਦਾ ਗੂੜਾ ਪ੍ਰਭਾਵ ਪਾਉਣ ਲਈ ਮਾਹੌਲ ਸਿਰਜਨ ਦੀ ਜ਼ਰੂਰਤ ਸੀ। ਪਰ ਪੰਜਾਬੀ ਸਿਨੇਮਾ ਦੇ ਬਜਟ ਨੂੰ ਧਿਆਨ ‘ਚ ਰੱਖਿਆ ਜਾਵੇ ਤਾਂ ਇਸ ਗੱਲ ਨੂੰ ਵਸਾਰਿਆ ਜਾ ਸਕਦਾ ਹੈ।
ਦਿਲਜੀਤ ਦੁਸਾਂਝ ਨੇ ਇਸ ਫ਼ਿਲਮ ਜ਼ਰੀਏ ਸਾਬਤ ਕੀਤਾ ਕਿ ਉਹ ਕਾਮੇਡੀ ਹੀ ਨਹੀਂ ਸੰਜੀਦਾ ਅਦਾਕਾਰੀ ‘ਚ ਵੀ ਫਿੱਟ ਬੈਠਦਾ ਹੈ। ਦਿਲਜੀਤ ਤੋਂ ਬਾਅਦ ਯੋਗਰਾਜ ਸਿੰਘ ਨੇ ਆਪਣੀ ਦਮਦਾਰ ਆਵਾਜ਼ ਅਤੇ ਰੋਹਬਦਾਰ ਜੁੱਸੇ ਜ਼ਰੀਏ ਇਕ ਵਾਰ ਫਿਰ ਤੋਂ ਆਪਣਾ ਪ੍ਰਭਾਵ ਛੱਡਿਆ ਹੈ। ਸੁਨੰਦਾ ਸ਼ਰਮਾ ਸਮੇਤ ਫ਼ਿਲਮ ਦੇ ਬਾਕੀ ਕਲਾਕਾਰ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰੇ ਉੱਤਰੇ ਹਨ।
ਪੰਜਾਬੀ ਸਿਨੇਮੇ ਦਾ ਰਵਾਇਤੀ ਜਮੂਦ ਤੋੜਨ ਅਤੇ ਇਸ ਦਾ ਦਾਇਰਾ ਮੋਕਲਾ ਕਰਨ ਲਈ ਇਸ ਵੇਲੇ ਪੰਜਾਬੀ ਸਿਨੇਮੇ ਨੁੰ ਵਿਸ਼ਾ ਅਤੇ ਤਕਨੀਕ ਪੱਖ ਤੋਂ ਅਜਿਹੀਆਂ ਫ਼ਿਲਮਾਂ ਦੀ ਬੇਹੱਦ ਲੋੜ ਹੈ, ਜੋ ਪੰਜਾਬੀ ਸਿਨੇਮੇ ਨੂੰ ਇਕ ਲੰਮੇ ਰਾਹ ‘ਤੇ ਤੋਰ ਸਕਣ।
in Movie Review
ਪੰਜਾਬੀ ਸਿਨੇਮੇ ਦਾ ਨਵਾਂ ਤਜਰਬਾ ਹੈ ‘ਸੱਜਣ ਸਿੰਘ ਰੰਗਰੂਟ’
