” ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀਆਂ ਦੀ ਸ਼ਾਨ ‘ਚ ਹੋਰ ਵਾਧਾ ਕਰੇਗੀ। ਇਹ ਫ਼ਿਲਮ ਦੇਸ਼ ਵਾਸੀਆਂ ਦੀਆਂ ਨਜ਼ਰਾਂ ‘ਚ ਫ਼ੌਜੀਆਂ ਦੇ ਰੁਤਬੇ ਨੂੰ ਹੋਰ ਵਧਾਉਂਦੀ ਹੋਈ, ਉਨ•ਾਂ ਦੇ ਪਰਿਵਾਰਾਂ ਪ੍ਰਤੀ ਵੀ ਆਮ ਲੋਕਾਂ ਦੇ ਦਿਲਾਂ ‘ਚ ਹੋਰ ਸਤਿਕਾਰ ਪੈਦਾ ਕਰੇਗੀ। ” ਇਹ ਕਹਿਣਾ ਹੈ ਸੂਬੇਦਾਰ ਜੋਗਿੰਦਰ ਸਿੰਘ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦਾ। 6 ਅਪ੍ਰੈਲ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ‘ਚ ਰਿਲੀਜ਼ ਹੋ ਰਹੀ ਇਹ ਫ਼ਿਲਮ ਪੰਜਾਬ ਦੇ ਸੂਰਵੀਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਸੂਬੇਦਾਰ ਜੋਗਿੰਦਰ ਸਿੰਘ ਨੇ ਸਾਲ 1962 ਵਿੱਚ ਬਰਮਾ ‘ਚ ਚਾਇਨਾ ਦੇ ਖਿਲਾਫ਼ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨਾਲ ਮਿਲ ਕੇ ਚਾਇਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਦੇ ਨਾਲ ਨਾਲ ਇਹ ਫ਼ਿਲਮ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਫ਼ੌਜੀਆਂ ਦੀ ਜ਼ਿੰਦਗੀ, ਜੰਗ ਦੇ ਹਾਲਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਥਿਤੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਸਿਮਰਜੀਤ ਸਿੰਘ ਮੁਤਾਬਕ ਇਸ ਫ਼ਿਲਮ ਨੂੰ ਫ਼ਿਲਮਾਉਣਾ ਬੇਹੱਦ ਮੁਸ਼ਕਲ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਰਾਜਸਥਾਨ, ਸ਼ਿਮਲਾ, ਮੇਘਾਲਿਆ ਅਤੇ ਲੱਦਾਖ ‘ਚ ਕੀਤੀ ਗਈ ਹੈ। ਫ਼ਿਲਮ ‘ਚ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾ ਰਹੇ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਉਸ ਨੇ ਪਹਿਲਾਂ ਇਸ ਫ਼ਿਲਮ ਲਈ ਕਰੀਬ 15 ਕਿਲੋ ਭਾਰ ਘਟਾਇਆ ਅਤੇ ਫਿਰ ਵਧਾਇਆ। ਫ਼ਿਲਮ ‘ਚ ਗਿੱਪੀ ਦੇ ਨਾਲ ਨਾਲ ਗੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਧਾ, ਜੌਰਡਨ ਸੰਧੂ, ਸਰਦਾਰ ਸੋਹੀ, ਜੱਗੀ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਅਦਿੱਤੀ ਸ਼ਰਮਾ ਹੈ। ਫ਼ਿਲਮ ਦੇ ਟ੍ਰੇਲਰ ਦੇ ਤੋਂ ਬਾਅਦ ਹੁਣ ਫ਼ਿਲਮ ਦੇ ਮਿਊਜ਼ਿਕ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਨਿਰਮਾਤਾ ਸੁਮਿਤ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਰਾਸ਼ਿਦ ਰੰਗਰੇਜ ਨੇ ਸਾਂਝੇ ਤੌਰ ‘ਤੇ ਲਿਖੇ ਹਨ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਦਰਸ਼ਕਾਂ ਨੂੰ ਫ਼ੌਜੀ ਜ਼ਿੰਦਗੀ ਨਾਲ ਵੀ ਜੋੜੇਗੀ। #Fivewood


