in

ਪੰਜਾਬ ਨੂੰ ਸਮਝਣ ਦਾ ਜ਼ਰੀਆ ਹੋਵੇਗੀ  ਪੰਜਾਬੀ ਫ਼ਿਲਮ ‘ਦਾਣਾ ਪਾਣੀ’

ਜਿੰਮੀ ਸ਼ੇਰਗਿੱਲ ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਦਾ ਨਾਮਵਰ ਤੇ ਸਰਗਰਮ ਅਦਾਕਾਰ ਹੈ। ਉਸਦੀ ਹਰ ਫ਼ਿਲਮ ਲੀਕ ਤੋਂ ਹਟਵੀਂ ਹੁੰਦੀ ਹੈ। ਉਹ ਹਮੇਸ਼ਾ ਅਜਿਹੇ ਕਿਰਦਾਰ ਤੇ ਫ਼ਿਲਮਾਂ ਚੁਣਦਾ ਹੈ, ਜੋ ਆਮ ਜ਼ਿੰਦਗੀ ਦੇ ਨੇੜੇ ਹੋਣ। ਉਸਦੀ ਨਵੀਂ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਇਸ ਗੱਲ ਦੀ ਹਾਮੀਂ ਭਰਦੀ ਹੈ। 4 ਮਈ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ, ਜ਼ਿੰਦਗੀ ਬਸਰ ਕਰਨ ਲਈ ਕੀਤੇ ਜਾਂਦੇ ਕੰਮ ਕਾਜ ਅਤੇ ਸਾਦਗੀ ਦੁਆਲੇ ਘੁੰਮਦੀ ਹੈ। ਫ਼ਿਲਮ ‘ਚ ਇਕ ਫ਼ੌਜੀ ਦੀ ਜ਼ਿੰਦਗੀ ਅਤੇ ਉਸ ਪ੍ਰਤੀ ਆਮ ਲੋਕਾਂ ਦਾ ਨਜ਼ਰੀਆ ਵੀ ਪੇਸ਼ ਹੋਵੇਗਾ। ਦਰਅਸਲ ਇਹ ਫਿਲਮ ਇਕ ਫ਼ੌਜੀ ਦੇ ਨਜ਼ਰੀਏ ਤੋਂ ਪੇਸ਼ ਹੁੰਦੀ ਹੈ। ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਨੇ ਫ਼ੌਜੀ ਦੀ ਮੁੱਖ ਭੂਮਿਕਾ ਨਿਭਾਈ ਹੈ।  ਫ਼ਿਲਮ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ ਹੈ।


ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ ਤੇ ਕਾਨਿਕਾ ਮਾਨ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਲੇਖਕ ਜੱਸ ਗਰੇਵਾਲ ਤੇ ਨਿਰਦੇਸ਼ਕ ਤਰੁਣਵੀਰ ਸਿੰਘ ਜੰਗਪਾਲ ਦੀ ਜੋੜੀ ‘ਰੱਬ ਦਾ ਰੇਡੀਓ’ ਤੋਂ ਬਾਅਦ ਇਹ ਦੂਜੀ ਫ਼ਿਲਮ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਝਲਕ ਪੈਂਦੀ ਹੈ ਕਿ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਫ਼ਿਲਮ ਹੈ, ਜਿਸ ‘ਚ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਪਿੰਡਾਂ ਦੀ ਝਲਕ ਹੈ। ਇਸ ਦੇ ਨਾਲ ਨਾਲ ਪੇਂਡੂ ਲੋਕਾਂ ਦਾ ਸਾਦਾਪਣ ਵੀ ਫ਼ਿਲਮ ਦੀ ਖੂਬਸੂਰਤੀ ‘ਚ ਵਾਧਾ ਕਰਦਾ ਹੈ।  ਨਿਰਮਾਤਾ ਗਗਨਦੀਪ ਸਿੰਘ ਧਾਲੀਵਾਲ, ਗੁਰਪ੍ਰਤਾਪ ਸਿੰਘ ਗਿੱਲ, ਰਣਬੀਰ ਸਿੰਘ ਗਰੇਵਾਲ ਅਤੇ ਪਰਵਿੰਦਰ ਚਾਹਲ ਦੀ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਪੁਰਾਤਨ ਪੰਜਾਬ ਦੇ ਦੀਦਾਰ ਵੀ ਕਰਵਾਏਗੀ। ਇਸ ਫ਼ਿਲਮ ਦਾ ਅਹਿਮ ਪੱਖ ਇਹ ਵੀ ਹੈ ਕਿ ਇਸ ਦਾ ਸੰਗੀਤ ਵੀ ਦਿਲ  ਟੁੰਬਵਾਂ ਹੈ। ਗਾਇਕ ਹਰਭਜਨ ਮਾਨ ਤੇ ਮਨਮੋਹਨ ਵਾਰਿਸ ਦੀ ਆਵਾਜ਼ ਕਈ ਸਾਲਾਂ ਬਾਅਦ ਕਿਸੇ ਫ਼ਿਲਮ ‘ਚ ਸੁਣਨ ਨੂੰ ਮਿਲੇਗੀ।


ਫ਼ਿਲਮ ਦੇ ਨਿਰਦੇਸ਼ਕ ਜੱਸ ਗਰੇਵਾਲ ਮੁਤਾਬਕ ਇਹ ਫ਼ਿਲਮ ਪੰਜਾਬ ਦੀ ਫ਼ਿਲਮ ਹੈ। ਇਸ ਫ਼ਿਲਮ ਦੀ ਭਾਸ਼ਾ ਹੀ ਪੰਜਾਬੀ ਨਹੀਂ ਬਲਕਿ ਪੰਜਾਬੀ ਸਮਾਜ ਇਸ ਫ਼ਿਲਮ ‘ਚ ਨਜ਼ਰ ਆਵੇਗਾ, ਜੋ ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚੋਂ ਗਾਇਬ ਹੁੰਦਾ ਹੈ। ਇਸ ਫ਼ਿਲਮ ਵਿਚਲੇ ਬਹੁਤੇ ਕਿਰਦਾਰ ਉਸ ਨੇ ਅਸਲ ਜ਼ਿੰਦਗੀ ‘ਚੋਂ ਹੀ ਲਏ ਹਨ। ਇਹ ਫ਼ਿਲਮ ਆਮ ਇਨਸਾਨ ਅਤੇ ਇਕ ਫ਼ੌਜੀ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੀ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਜਜ਼ਬਾਤਾਂ ਦੀ ਫ਼ਿਲਮ ਹੈ। ਇਸ ਲਈ ਹਰ ਸੀਨ• ਨੂੰ ਫ਼ਿਲਮਾਉਣ ਅਤੇ ਕਿਰਦਾਰਾਂ ਦੀ ਅਹਿਮੀਅਤ ਨੂੰ ਬਣਾਈ ਰੱਖਣਾ ਚੁਣੌਤੀਪੂਰਵਕ ਕਾਰਜ ਰਿਹਾ ਹੈ, ਪਰ ਉਹ ਕਾਮਯਾਬ ਹੋਏ ਹਨ।  ਫ਼ਿਲਮ ਦੀ ਹੀਰੋਇਨ ਸਿੰਮੀ ਚਾਹਲ ਮੁਤਾਬਕ ਦਰਸ਼ਕ ਇਸ ਫ਼ਿਲਮ ‘ਚ ਉਸ ਦੇ ਜ਼ਰੀਏ ਪੰਜਾਬ ਦੇ ਪਿੰਡਾਂ ਦੀਆਂ ਸਿੱਧੀਆਂ ਸਾਦੀਆਂ ਤੇ ਮਾਸੂਮ ਕੁੜੀਆਂ ਨੂੰ ਤੱਕਣਗੇ। ਇਹ ਫ਼ਿਲਮ ਹੀ ਨਹੀਂ ਪੰਜਾਬ ਨੂੰ ਸਮਝਣ ਦਾ ਜ਼ਰੀਆ ਵੀ ਬਣੇਗੀ।
ਆਸ਼ਿਮਾ ਸੱਚਦੇਵਾ
73072 66783

Leave a Reply

Your email address will not be published. Required fields are marked *

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਹੈ ‘ਰੱਬ ਰਾਖਾ’

ਰੱਬ ਰਾਖਾ’ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਹੈ : ਨਿਰਦੇਸ਼ਕ ਮੀਨਾਰ ਮਲਹੋਤਰਾ