ਮੁੰਬਈ ‘ਚ ਕਈ ਸਾਲ ਕਾਮੇਡੀ ਸ਼ੋਅਜ ਲਈ ਸਕਰਿਪਟਾਂ ਲਿਖਣ ਵਾਲੇ ਨੌਜਵਾਨ ਲੇਖਕ ਰਾਕੇਸ਼ ਧਵਨ ਦੀ ਲਿਖੀ ਫ਼ਿਲਮ ‘ਮੈਰਿਜ਼ ਪੈਲੇਸ’ ਵਿੱਚ ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਪਾਇਲ ਰਾਜਪੂਤ ਦੀ ਜੋੜੀ ਨਜ਼ਰ ਆਵੇਗੀ। ਫ਼ਿਲਮ ‘ਚ ਜਸਵਿੰਦਰ ਭੱਲਾ ਤੇ ਬੀਐਨ ਸ਼ਰਮਾ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦਰਜਨਾਂ ਪੰਜਾਬੀ ਕਲਾਕਾਰਾਂ ਨੂੰ ਕੈਮਰੇ ਸਾਹਮਣੇ ਨਚਾ ਚੁੱਕੇ ਨੌਜਵਾਨ ਕੋਰਿਓਗ੍ਰਾਫ਼ਰ ਸੁਨੀਲ ਠਾਕੁਰ ਦੀ ਬਤੌਰ ਫ਼ਿਲਮ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਲੇਖਕ ਤੇ ਨਿਰਦੇਸ਼ਕ ਦੋਵੇਂ ਜਣੇ ਕਈ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਿਚਰ ਰਹੇ ਹਨ।

ਇਸ ਫ਼ਿਲਮ ਦਾ ਪ੍ਰਾਜੈਕਟ ਸ਼ੁਭਮ ਚੰਦਰਚੂੜ ਵੱਲੋਂ ਡਿਜ਼ਾਇਜ ਕੀਤਾ ਗਿਆ ਹੈ। ਇਹ ਉਹੀ ਨੌਜਵਾਨ ਹੈ, ਜੋ ਕਈ ਪੰਜਾਬੀ ਫ਼ਿਲਮਾਂ ਦੀ ਪ੍ਰੋਮੇਸ਼ਨ ‘ਚ ਅਹਿਮ ਭੂਮਿਕਾ ਨਿਭਾ ਚੁੱਕਿਆ ਹੈ। ਨਵੇਂ ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਦੀ ਇਹ ਫ਼ਿਲਮ ਇਸੇ ਸਾਲ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਟਾਈਟਲ ਹੀ ਦੱਸ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਜ਼ੋਨਰ ਦੀ ਹੈ। ‘ਓਏ ਹੋਏ ਪਿਆਰ ਹੋ ਗਿਆ’ ਅਤੇ ‘ਇਸ਼ਕ ਗਰਾਰੀ’ ਸਮੇਤ ਨਿੱਕਾ ਜ਼ੈਲਦਾਰ 1 ਅਤੇ 2 ਵਿੱਚ ਨਜ਼ਰ ਆ ਚੁੱਕੇ ਸ਼ੈਰੀ ਮਾਨ ਦੀ ਬਤੌਰ ਹੀਰੋ ਇਹ ਤੀਜੀ ਫ਼ਿਲਮ ਹੋਵੇਗੀ।
ਸ਼ੈਰੀ ਮਾਨ ਦਾ ਅੰਦਾਜ਼ ਆਮ ਨਾਲੋਂ ਹਟਕੇ ਹੈ, ਇਸ ਲਈ ਇਸ ਫ਼ਿਲਮ ‘ਚ ਉਸ ਨੁੰ ਉਸ ਦੇ ਕੁਦਰਤੀ ਅੰਦਾਜ਼ ‘ਚ ਹੀ ਪੇਸ਼ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਸ਼ੈਰੀ ਮਾਨ ਦੇ ਨਾਲ ਨਾਲ ਲੇਖਕ ਅਤੇ ਨਿਰਦੇਸ਼ਕ ਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੋਵੇਗੀ। ਇਹ ਫ਼ਿਲਮ ਉਹਨਾਂ ਦੇ ਫ਼ਿਲਮੀ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਤ ਹੋ ਸਕਦੀ ਹੈ। ਇਸ ਵੇਲੇ ਸੈਰੀ ਵਿਦੇਸ਼ ‘ਚ ਸ਼ੋਅਜ਼ ‘ਚ ਕਰ ਰਿਹਾ ਹੈ, ਉਸ ਦੇ ਵਾਪਸ ਆਉਂਦਿਆਂ ਹੀ 25 ਮਈ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।



