ਪਿਛਲੇ ਕਈ ਮਹੀਨਿਆਂ ਤੋਂ ਚਰਚਾ ‘ਚ ਬਣੀ ਹੋਈ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫ਼ਿਲਮ 10 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਮਨਦੀਪ ਬੈਨੀਪਾਲ ਹੈ। ਫ਼ਿਲਮ ਦੀ ਕਹਾਣੀ ਨਾਮਵਰ ਲੇਖਕ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਮਲੋਟ ਦੇ ਪਿੰਡ ਗੁਰੂਸਰ ਮੜੀਆ ਨਾਲ ਸਬੰਧਿਤ ਮਿੰਟੂ ਗੁਰੂਸਰੀਆ ਕਿਸੇ ਵੇਲੇ ਨਸ਼ਿਆਂ ‘ਚ ਗਲਤਾਨ ਸੀ, ਉਹ ਲੁੱਟਾਂ ਖੋਹਾਂ ਕਰਦਾ, ਕਬਜ਼ੇ ਲੈਂਦਾ ਤੇ ਹੋਰ ਸਾਰੇ ਸਮਾਜ ਵਿਰੋਧੀ ਕੰਮਾਂ ‘ਚ ਭਾਗੀਦਾਰ ਹੁੰਦਾ। ਅਚਾਨਕ ਉਸਦੀ ਜ਼ਿੰਦਗੀ ‘ਚ ਤਬਦੀਲੀ ਆਈ, ਉਸ ਨੇ ਆਪਣੀ ਮਨੋ ਸ਼ਕਤੀ ਨਾਲ ਖੁਦ ਨੂੰ ਇਸ ਦਲਦਲ ‘ਚ ਕੱਢਿਆ ਅਤੇ ਇਕ ਆਮ ਨਾਗਰਿਕ ਵਜੋਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਇਹ ਫ਼ਿਲਮ ਉਸ ਦੀ ਇਸੇ ਜ਼ਿੰਦਗੀ ‘ਤੇ ਹੈ, ਜੋ ਨਸ਼ਿਆਂ ‘ਚ ਗਲਤਾਨ ਨੌਜਵਾਨ ਅਤੇ ਉਹਨਾਂ ਦੇ ਮਾਪਿਆਂ ਲਈ ਰਾਹ ਦੁਸੇਰਾ ਬਣ ਸਕਦੀ ਹੈ। ਫ਼ਿਲਮ ‘ਚ ਮਿੰਟੂ ਗੁਰੂਸਰੀਆ ਦਾ ਕਿਰਦਾਰ ਦੇਵ ਖਰੌੜ ਨੇ ਨਿਭਾਇਆ ਹੈ।


