”ਮੈਂ ਤੇਰੀ, ਤੂੰ ਮੇਰਾ” ਸਧਾਰਨ ਕਿਸਮ ਦੀ ਠੇਠ ਪੰਜਾਬੀ ਫ਼ਿਲਮ ਹੈ। ਜੋ ਪੰਜਾਬ ਦੇ ਇਕ ਪਛੜੇ ਜਿਹੇ ਪਿੰਡ ਦੇ ਸਧਾਰਨ ਜਿਹੇ ਪਰਿਵਾਰ ਦੀ ਕਹਾਣੀ ਬਿਆਨ ਕਰਦੀ ਹੈ। ਘਰ ‘ਚ ਮਾਂ ਹੈ ਜਿਸ ਦੀ ਨੂੰਹ ਨਾਲ ਬਣਦੀ ਨਹੀਂ। ਵੱਡਾ ਮੁੰਡਾ ਹੈ, ਜੋ ਘਰਵਾਲੀ ਦੀ ਬੋਲੀ ਬੋਲਦੈ। ਛੋਟਾ ਹੈ, ਜਿਸ ਦਾ ਵਿਆਹ ਨਹੀਂ ਹੋ ਰਿਹੈ……। ਇਹ ਛੋਟਾ ਅਮਰੂ ਹੀ ਫ਼ਿਲਮ ਦਾ ਮੁੱਖ ਪਾਤਰ ਹੈ, ਜਿਸ ਦੁਆਲੇ ਇਹ ਫ਼ਿਲਮ ਘੁੰਮਦੀ ਹੈ। ਇਹੋ ਜਿਹੀਆਂ ਸਧਾਰਨ ਤੇ ਪੇਂਡੂ ਪਿਛੋਕੜ ਦੀਆਂ ਕਹਾਣੀਆਂ ‘ਤੇ ਦੋ ਦਹਾਕੇ ਪਹਿਲਾਂ ਪੰਜਾਬੀ ਫ਼ਿਲਮਾਂ ਬਣਦੀਆਂ ਹਨ। ਸਭ ਕੁਝ ਗਲੋਬਲ ਹੋਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਹਿੰਦੀ ਸਿਨੇਮੇ ਦੇ ਪ੍ਰਭਾਵ ਅਧੀਨ ਬਣਨ ਲੱਗੀਆਂ, ਜਿਨ•ਾਂ ‘ਚੋਂ ਪੰਜਾਬੀਆਂ ਦਾ ਸਹੁਜ ਸੁਆਦ ਗਾਇਬ ਹੁੰਦਾ ਗਿਆ। ਖੇਤਰੀ ਸਿਨੇਮੇ ਦਾ ਵਜੂਦ ਗੁਆਚਣ ਲੱਗਾ। ‘ਅੰਗਰੇਜ਼’ ਦੀ ਸਫ਼ਲਤਾ ਤੋਂ ਬਾਅਦ ਸਾਡੇ ਫ਼ਿਲਮ ਮੇਕਰਾਂ ਨੂੰ ਮੁੜ ਪੁਰਾਣੇ ਪੰਜਾਬ ਦਾ ਹੇਰਵਾ ਜਾਗਿਆ। ਇਕ ਨੁਕਤੇ ਤੋਂ ਪੰਜਾਬੀ ਸਿਨੇਮੇ ਲਈ ਇਹ ਸ਼ੁਭ ਸਗਨ ਵੀ ਹੈ। ਇਸ ਫ਼ਿਲਮ ਦਾ ਆਈਡੀਆ ਬੇਹੱਦ ਕਮਾਲ ਦਾ ਹੈ, ਪਰ ਨਿਰਦੇਸ਼ਕ ਇਸ ਨੂੰ ਕਨਸੀਵ ਕਰਨ ‘ਚ ਗੜਬੜ ਕਰ ਗਿਆ। ਨਿਰਦੇਸ਼ਕ ਸਿਤਿਜ਼ ਚੌਧਰੀ ਨੇ ਇਸ ਫ਼ਿਲਮ ਜ਼ਰੀਏ ਪੰਜਾਬ ਦੇ ਰੀਤੀ ਰਿਵਾਜਾਂ ਨੂੰ ਪ੍ਰਣਾਏ ਅਜਿਹੇ ਵੀ ਇਕ ਪਰਿਵਾਰ ਦੀ ਕਹਾਣੀ ਨੂੰ ਪਰਦੇ ‘ਤੇ ਰੂਪਮਾਨ ਕਰਨ ਦਾ ਜਤਨ ਕੀਤਾ ਹੈ। ਜਿਸ ‘ਚ ਰੌਸ਼ਨ ਪ੍ਰਿੰਸ ਨੇ ਅਮਰੂ ਦਾ ਕਿਰਦਾਰ ਇਮਾਨਦਾਰੀ ਨਾਲ ਅਦਾ ਕੀਤਾ ਹੈ। ਇਹ ਕਿਰਦਾਰ ਕਈ ਥਾਵਾਂ ‘ਤੇ ਪਿੰਡਾਂ ਦੇ ਉਹਨਾਂ ਮੁੰਡਿਆਂ ਦੀ ਬੋਲੀ ਬੋਲਦੈ, ਜੋ ਉਮਰ ਵਧਦੀ ਜਾਣ ਕਾਰਨ ਵਿਆਹ ਲਈ ਕਿਸੇ ਕਿਸਮ ਦਾ ਵੀ ਸਮਝੌਤਾ ਕਰਨ ਲਈ ਤਿਆਰ ਹਨ। ਪਰ ਘਰ ‘ਚ ਮਾਂ ਅਤੇ ਭਾਬੀ ‘ਚ ਬਣਦੀ ਨਾ ਹੋਣ ਕਾਰਨ ਇਸ ਕਲੇਸ਼ ਦਾ ਸ਼ਿਕਾਰ ਹੋ ਰਹੇ ਹਨ। ਭਾਬੀ ਨੂੰ ਮੁਫਤ ਦਾ ਸੇਵਾਦਾਰ ਮਿਲਿਆ ਹੋਇਆ ਹੈ, ਪਰ ਮਾਂ ਪੁੱਤ ਦੇ ਵਿਆਹ ਲਈ ਫਿਕਰਮੰਦ ਹੈ। ਬਹੁਤ ਥਾਵਾਂ ‘ਤੇ ਅਮਰੂ ‘ਤੇ ਸ਼ਹਿਰੀਕਰਨ ਦਾ ਪ੍ਰਭਾਵ ਵੀ ਦਿਖਾਇਆ ਗਿਆ ਹੈ। ਪਿੰਡਾਂ ‘ਚ ਵੱਸਦੇ ਬਹੁਤੇ ਅਨਪੜ• ਮੁੰਡਿਆਂ ਦੀ ਸਥਿਤੀ ਅਮਰੂ ਵਾਲੀ ਹੀ ਹੈ। ਫ਼ਿਲਮ ਦੇ ਸਕਰੀਨਪਲੇ ‘ਚ ਕਾਫੀ ਗੜਬੜ ਹੋਣ ਦੇ ਬਾਵਜੂਦ ਰੌਸ਼ਨ ਨੇ ਆਪਣੇ ਕਿਰਦਾਰ ਨੂੰ ਸੰਜੀਦਗੀ ਨਾਲ ਅਦਾ ਕਰਕੇ ਇਕ ਵਧੀਆ ਕਲਾਕਾਰ ਹੋਣ ਦਾ ਸਬੂਤ ਦਿੱਤਾ ਹੈ। ਅਮਰੂ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਨੀਤਾ ਦੇਵਗਣ ਨੇ ਫ਼ਿਲਮ ‘ਚ ਖੂਬ ਰੰਗ ਭਰਿਆ ਹੈ। ਜਿਨ•ਾਂ ਚਿਰ ਕਹਾਣੀ ਫ਼ਿਲਮ ਦੇ ਪਰਿਵਾਰ ਦੇ ਅੰਦਰ ਰਹੀ, ਉਦੋਂ ਤੱਕ ਫ਼ਿਲਮ ਦੀ ਖੂਬਸੂਰਤੀ ਵੀ ਵੱਖਰੀ ਹੀ ਨਜ਼ਰ ਆਈ। ਹਰਿੰਦਰ ਭੁੱਲਰ ਅਤੇ ਸੁੱਖੀ ਪ੍ਰਵਾਰ (ਮੰਨਤ ਸਿੰਘ) ਨੇ ਵੀ ਫ਼ਿਲਮ ਭੁੰਜੇ ਡਿੱਗਣ ਨਹੀਂ ਦਿੱਤੀ। ਦੋਵਾਂ ਦੀ ਅਦਾਕਾਰੀ ਸ਼ਲਾਘਾਯੋਗ ਹੈ। ਫ਼ਿਲਮ ਦੀ ਹੀਰੋਇਨ ਜੈਜ਼ ਸੋਢੀ ਨਾਂ ਦੀ ਕੁੜੀ ਲਈ ਗਈ ਹੈ।
ਰੌਸ਼ਨ ਪ੍ਰਿੰਸ ਬਿਨਾਂ ਸ਼ੱਕ ਪੰਜਾਬੀਆਂ ਦਾ ਚੇਹਤਾ ਅਦਾਕਾਰ ਤੇ ਗਾਇਕ ਹੈ। ਉਸ ਦੇ ਮੁਕਾਬਲੇ ਇਕ ਕਾਬਲ ਹੀਰੋਇਨ (ਚਾਹੇ ਕੋਈ ਨਵਾਂ ਚਿਹਰਾ ਹੀ) ਦੀ ਲੋੜ ਸੀ। ਪਰ ਇਸ ਹੀਰੋਇਨ ਦਾ ਫ਼ਿਲਮ ‘ਚ ਕੋਈ ਗ੍ਰਾਫ ਨਹੀਂ ਹੈ, ਸਗੋਂ ਇਸ ਨਾਲ ਹੀਰੋ ਦਾ ਗ੍ਰਾਫ਼ ਥੱਲੇ ਆਇਆ ਹੈ। ਉਹ ਕਿਸੇ ਪੱਖ ਤੋਂ ਫ਼ਿਲਮ ਦੀ ਹੀਰੋਇਨ ਨਹੀਂ ਲੱਗਦੀ। ਉੱਤੋਂ ਉਸ ਨੂੰ ਕੈਨੇਡਾ ਤੋਂ ਪੜ• ਲਿਖ ਕੇ ਆਈ ਦਿਖਾਇਆ ਗਿਆ, ਜੋ ਕਿ ਉਹ ਮਾਸਾਂ ਵੀ ਨਹੀਂ ਲੱਗਦੀ। ਦੂਜੀ ਗਲਤੀ ਇਹ ਹੈ ਕਿ ਕੁੜੀ ਕੈਨੇਡਾ ਤੋਂ ਆਈ ਅਤੇ ਪਿੰਡ ‘ਚ ਰਹਿ ਰਹੀ ਹੈ। ਪੂਰੀ ਫ਼ਿਲਮ ‘ਚ ਉਸ ਦਾ ਪਰਿਵਾਰ ਨਹੀਂ ਹੈ। ਉਹ ਕੱਲੀ ਹੀ ਤੁਰੀ ਫਿਰਦੀ ਹੈ। ਜੇ ਉਸ ਨੂੰ ਫਿਲਮ ਦੀ ਹੀਰੋਇਨ ਦਾ ਦਰਜ ਦਿੱਤੈ ਤਾਂ ਘੱਟੋ ਘੱਟ ਉਸ ਦਾ ਕਰੈਕਟਰ ਤਾਂ ਸਟੈਬਲਿਸ਼ ਕਰਨਾ ਬਣਦਾ ਸੀ। ਉਸੇ ਦੇ ਚੱਕਰ ‘ਚ ਅਮਰੂ ਦਾ ਗ੍ਰਾਫ ਨਹੀਂ ਉੱਠਿਆ। ਫ਼ਿਲਮ ਦੀ ਦੂਜੀ ਹੀਰੋਇਨ ਯਾਮਨੀ ਮਲਹੋਤਰਾ ਦਾ ਕੰਮ ਚੰਗਾ ਹੈ। ਉਹ ਕੰਮੋ ਦੇ ਕਿਰਦਾਰ ‘ਚ ਜੱਚਦੀ ਵੀ ਪੂਰਾ ਹੈ, ਪਰ ਉਹ ਵੀ ਵਿਚਾਰੀ ਕੁਝ ਸੀਨ•ਾਂ ‘ਚ ‘ਆਂਟੀ’ ਲੱਗਦੀ ਹੈ। ਮਲਕੀਤ ਰੌਣੀ ਅਤੇ ਕਰਮਜੀਤ ਅਨਮੋਲ ਬਿਨਾਂ ਸ਼ੱਕ ਵਧੀਆ ਕਲਾਕਾਰ ਹਨ। ਦੋਵਾਂ ਨੇ ਫ਼ਿਲਮ ‘ਚ ਸ਼ਾਨਦਾਰ ਅਦਾਕਾਰੀ ਕੀਤੀ ਹੈ। ਇਸ ਫ਼ਿਲਮ ਜ਼ਰੀਏ ਮਨਕਿਰਤ ਔਲਖ ਵੀ ਪਰਦੇ ‘ਤੇ ਨਜ਼ਰ ਆਇਆ ਹੈ। ਮਨਕਿਰਤ ਔਲਖ ਵਧੀਆ ਗਾਇਕ ਅਤੇ ਇਨਸਾਨ ਹੈ। ਅੱਜ ਕੱਲ• ਉਸ ਦੇ ਨਾਂ ਦੀ ਚਰਚਾ ਹੈ, ਪਰ ਅਦਾਕਾਰੀ ਦੇ ਮਾਮਲੇ ‘ਚ ਉਹ ਮਾਰ ਖਾ ਗਿਆ। ਸ਼ਾਇਦ ਉਸ ਨੂੰ ਐਕਟਰ ਬਣਨ ਦੀ ਅਜੇ ਕਾਹਲੀ ਨਹੀਂ ਕਰਨੀ ਚਾਹੀਦੀ ਸੀ। ਮਨਕਿਰਤ ਦੇ ਬੋਲਣ ਦਾ ਆਪਣਾ ਇਕ ਲਹਿਜਾ ਹੈ। ਪਰ ਬੈਕਰਾਊਂਡ ਮਿਊਜ਼ਿਕ ਤੇ ਰਿਕਾਡਿੰਗ ਨੇ ਐਸੀ ਜੱਖਣਾ ਪੱਟੀ ਕਿ ਕੁਝ ਡਾਇਲਾਗ ਤਾਂ ਉਸਦੇ ਦੱਬ ਕੇ ਰਹਿ ਗਏ। ਆਵਾਜ਼ ‘ਚੋਂ ਟੈਂਪੂ ਹੀ ਗਾਇਬ ਹੋ ਜਾਂਦੈ। ਫ਼ਿਲਮ ਦਾ ਸੰਗੀਤ ਖੂਬਸੂਰਤ ਹੈ। ਆਰਟ ਵਰਕ ਵੀ ਸਾਲਹੁਣਯੋਗ ਹੈ। ਜੇ ਕਿਤੇ ਰੌਸ਼ਨ ਪ੍ਰਿੰਸ ਦੇ ਕਿਰਦਾਰ ਦੁਆਲੇ ਕੁਝ ਮਜ਼ਬੂਤ ਪਾਤਰ, ਘੱਟੋ ਘੱਟ ਇਕ ਵਧੀਆ ਐਕਟਰਸ ਤੇ ਟਕਰਾਅ ਲਈ ਕੋਈ ਵਧੀਆ ਕਲਾਕਾਰ ਲਏ ਹੁੰਦੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਣੀ ਸੀ। ਵੈਸੇ ਇਸ ਫ਼ਿਲਮ ਨਾਲ ਰੌਸ਼ਨ ਪ੍ਰਿੰਸ ਮੁੜ ਤੋਂ ਲਾਈਮਲਾਈਟ ‘ਚ ਆ ਗਿਆ। ਉਸ ਨੇ ਆਪਣੇ ਆਪ ਨੂੰ ਪਰਦੇ ‘ਤੇ ਸਾਬਤ ਕੀਤਾ ਹੈ। ਹੁਣ ਉਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਭਾਵੇ ਕਿ ਫ਼ਿਲਮਚੰਗੀਆਂ ਫ਼ਿਲਮਾਂ ‘ਚ ਗਿਣੀ ਜਾਣ ਵਾਲੀ ਹੈ, ਪਰ ਇੱਕ ਗੱਲ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਹੀ। ਇਸ ਫ਼ਿਲਮ ਦਾ ਆਈਡੀਆ ਏਨਾ ਕਮਾਲ ਦਾ ਹੈ ਪਰ…… ਕੀ ਇਸ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਸੱਚੀਓਂ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਦੇ ਲਿਖੇ ਹਨ? ਸਪਨ ਮਨਚੰਦਾ
in Movie Review
”ਮੈਂ ਤੇਰੀ, ਤੂੰ ਮੇਰਾ” : ਗਾਲਿਬ ਖ਼ਿਆਲ ਅੱਛਾ ਹੈ !!!


