ਪੰਜਾਬੀ ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਫ਼ਿਲਮਾਂ ਵੱਲ ਆਏ ਕੁਲਵਿੰਦਰ ਬਿੱਲਾ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਪ੍ਰਹੁਣਾ’ ਨੂੰ ਫ਼ਿਲਮ ਖਿੜਕੀ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਉਸਦੀ ਇਸ ਫ਼ਿਲਮ ਨੇ ਵੀਕੈਂਡ ‘ਚ ਦਰਸ਼ਕਾਂ ਦਾ ਸ਼ਾਨਦਾਰ ਰਿਸਪਾਂਸ ਹਾਸਲ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਇਸ ਫ਼ਿਲਮ ਦੀ ਕੁਲੈਕਸ਼ਨ 1 ਕਰੋੜ 60 ਲੱਖ ਅਤੇ ਸ਼ਨਿੱਚਰਵਾਰ 1 ਕਰੋੜ 85 ਲੱਖ ਰੁਪਏ ਰਹੀ ਹੈ।
ਨਿਰਦੇਸ਼ਕ ਅੰਮਿਤ ਰਾਜ ਚੱਢਾ ਦੀ ਸਾਹਬ ਬਹਾਦਰ ਤੋਂ ਬਾਅਦ ਬਤੌਰ ਨਿਰਦੇਸ਼ਕ ਇਹ ਦੂਜੀ ਫ਼ਿਲਮ ਸੀ। ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰ ਬੀ ਸੰਘਾ, ਹੌਬੀ ਧਾਲੀਵਾਲ, ਅਨੀਤਾ ਮੀਤ, ਨਵਦੀਪ ਕਲੇਰ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗਰੁਪ੍ਰੀਤ ਭੰਗੂ ਅਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਨਿਰਮਾਤਾ ਮੋਹਿਤ ਬਨਵੈਨ, ਮਨੀ ਧਾਲੀਵਾਲ ਅਤੇ ਸੁਮਿਤ ਸਿੰਘ ਦੀ ਇਹ ਫ਼ਿਲਮ ਇਕ ਵਿਆਹ ‘ਚ ਪ੍ਰਣਪਦੀ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ। ਸੁਖਰਾਜ ਸਿੰਘ, ਅਮਨ ਸਿੱਧੂ ਅਤੇ ਟਾਟਾ ਬੈਨੀਪਾਲ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦਾਂ ਵਾਲੀ ਇਸ ਫ਼ਿਲਮ ਦਾ ਨਾਇਕ ਯਾਨੀ ਕੁਲਵਿੰਦਰ ਬਿੱਲਾ ਪੰਜਾਬੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫ਼ੈਨ ਹੈ। ਉਹ ਉਸ ਵਰਗੀ ਹੀ ਕਿਸੇ ਕੁੜੀ ਨਾਲ ਵਿਆਹ ਕਰਵਾਉਂਣਾ ਚਾਹੁੰਦਾ ਹੈ। ਉਸਦੇ ਹੀ ਪਿੰਡ ਦਾ ਉਸਦਾ ਇਕ ਦੋਸਤ ਯਾਨੀ ਕਰਮਜੀਤ ਅਨਮੋਲ ਉਸਨੂੰ ਦੱਸਦਾ ਹੈ ਕਿ ਉਸਦੀ ਸਾਲੀ ਬਿਲਕੁਲ ਪ੍ਰੀਤੀ ਸਪਰੂ ਵਰਗੀ ਹੈ। ਜਦੋਂ ਉਹ ਉਸਦੇ ਨਾਲ ਉਸਦੇ ਸਾਲੇ ਦੇ ਵਿਆਹ ‘ਤੇ ਜਾਂਦਾ ਹੈ ਤਾਂ ਉਥੇ ਉਸ ਨੂੰ ਪ੍ਰੀਤੀ ਸਪਰੂ ਵਰਗੀ ਉਸੇ ਕੁੜੀ ਮਾਣੋ ਯਾਨੀ ਵਾਮਿਕਾ ਗੱਬੀ ਮਿਲਦੀ ਹੈ। ਮਾਣੋ ਨੂੰ ਹਾਸਲ ਕਰਨ ਲਈ ਜੰਟਾ ਯਾਨੀ ਕੁਲਵਿੰਦਰ ਬਿੱਲਾ ਕੀ ਕੀ ਪਾਪੜ ਵੇਲਦਾ ਹੈ ਅਤੇ ਵਿਆਹ ‘ਚ ਕੀ ਕੀ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ, ਇਹ ਇਸਦਾ ਹਾਸਲ ਹੈ।
ਕੁਲਵਿੰਦਰ ਬਿੱਲਾ ਭਾਵੇਂ ਇਸ ਤੋਂ ਪਹਿਲਾਂ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਅਹਿਮ ਭੂਮਿਕਾ ਨਿਭਾ ਚੁਕਿਆ ਹੈ, ਪਰ ਬਤੌਰ ਹੀਰੋ ਇਹ ਉਸਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੇ ਬਿੱਲੇ ਦੇ ਹੌਂਸਲੇ ਹੋਰ ਵਧਾ ਦਿੱਤੇ ਹਨ। ਇਸ ਵੇਲੇ ਉਹ ਆਪਣੀ ਦੂਜੀ ਫ਼ਿਲਮ ‘ਟੈਲੀਵਿਜ਼ਨ’ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ‘ਚ ਉਸਦੀ ਹੀਰੋਇਨ ਮੈਂਡੀ ਤੱਖਰ ਹੈ।
in News
ਕੁਲਵਿੰਦਰ ਬਿੱਲੇ ਦੀ ਪਹਿਲੀ ਫ਼ਿਲਮ ‘ਪ੍ਰਹੁਣਾ’ ਨੂੰ ਮਿਲਿਆ ਸ਼ਾਨਦਾਰ ਹੁੰਗਾਰਾ


