5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਅਫ਼ਸਰ’ ਦੇ ਟ੍ਰੇਲਰ ਨੇ ਇਹ ਸਾਫ਼ ਜ਼ਾਹਰ ਕਰ ਦਿੱਤਾ ਹੈ ਕਿ ਇਹ ਫ਼ਿਲਮ ਨਿਰੋਲ ਰੂਪ ‘ਚ ਪੇਂਡੂ ਸੱਭਿਆਚਾਰ ਨਾਲ ਲਿਬਰੇਜ ਇਕ ਪਰਿਵਾਰਕ ਡਰਾਮਾ ਫ਼ਿਲਮ ਹੈ। ਇਸ ਦਾ ਸੰਗੀਤ ਵੀ ਦਰਸ਼ਕਾਂ ਦੀ ਪਸੰਦ ਬਣ ਰਿਹਾ ਹੈ। ਜੱਸ ਗਰੇਵਾਲ ਦੀ ਲਿਖੀ ਅਤੇ ਗੁਲਸ਼ਨ ਸਿੰਘ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਤਰਸੇਮ ਜੱਸੜ ਅਤੇ ਗਾਇਕਾ ਨਿਮਰਤ ਖਹਿਰਾ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਉਨ•ਾਂ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ ਅਤੇ ਪੁਖਰਾਜ ਭੱਲਾ ਨੇ ਅਹਿਮ ਭੂਮਿਕਾ ਨਿਭਾਈ ਗਈ ਹੈ। ਇਸ ਫ਼ਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ, ਜਿਸ ਦੇ ਦੁਆਲੇ ਹੀ ਫ਼ਿਲਮ ਦੀ ਮੁੱਖ ਕਹਾਣੀ ਘੁੰਮਦੀ ਹੈ।

ਫ਼ਿਲਮ ‘ਚ ਪਟਵਾਰੀ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਬੇਸ਼ੱਕ ਕਾਨੂੰਨਗੋ ਪਟਵਾਰੀ ਤੋਂ ਵੱਡਾ ਅਫ਼ਸਰ ਹੁੰਦਾ ਹੈ। ਪਰ ਪਟਵਾਰੀ ਦੀ ਅਸਾਮੀ ਨਾਲ ਲੋਕਾਂ ਦਾ ਸਿੱਧਾ ਵਾਸਤਾ ਹੁੰਦਾ ਹੈ। ਇਸ ਲਈ ਪਿੰਡਾਂ ਦੇ ਲੋਕਾਂ ਲਈ ਪਟਵਾਰੀ ਰੱਬ ਤੋਂ ਘੱਟ ਨਹੀਂ ਹੁੰਦਾ। ਭਾਵੇਂ ਪਟਵਾਰੀ ਨੂੰ ਬਹੁਤ ਸਾਰੇ ਕੰਮ ਕਾਨੂੰਨਗੋ ਦੀ ਸਲਾਹ ਅਤੇ ਇਜਾਜਤ ਨਾਲ ਕਰਨੇ ਪੈਂਦੇ ਹਨ ਪਰ ਆਮ ਲੋਕਾਂ ਲਈ ਪਟਵਾਰੀ ਹੀ ਸਭ ਤੋਂ ਵੱਡਾ ਅਫ਼ਸਰ ਹੁੰਦਾ ਹੈ। ਇਹ ਫ਼ਿਲਮ ਇਸ ਭੰਬਲਬੂਸੇ ‘ਤੇ ਅਧਾਰਿਤ ਹੈ।

ਫ਼ਿਲਮ ‘ਚ ਕਾਨੂੰਨਗੋ ਦੀ ਪੋਸਟ ‘ਤੇ ਬੈਠੇ ਤਰਸੇਮ ਜੱਸੜ ਦਾ ਜਦੋਂ ਇਕ ਅਧਿਆਪਕ ਕੁੜੀ ਯਾਨੀ ਫ਼ਿਲਮ ਦੀ ਨਾਇਕਾ ਨਾਲ ਰਿਸ਼ਤਾ ਹੋਣ ਲੱਗਦਾ ਹੈ ਤਾਂ ਉਸਦੇ ਪਿਤਾ ਦਾ ਜਾਣਕਾਰ ਪਟਵਾਰੀ ਭਾਨੀ ਮਾਰ ਦਿੰਦਾ ਹੈ ਕਿ ਕਾਨੂੰਨਗੋ ਵੀ ਕੋਈ ਅਫ਼ਸਰ ਹੋਇਆ, ਪਟਵਾਰੀ ਤੋਂ ਵੱਧ ਟੌਹਰ ਕਿਸ ਦੀ ਹੁੰਦੀ ਹੈ। ਇਸ ਤੋਂ ਬਾਅਦ ਦੋਹਾਂ ਦਾ ਵਿਆਹ ਇਸ ਗੱਲ ‘ਤੇ ਟਿਕ ਜਾਂਦਾ ਹੈ ਕਿ ਮੁੰਡਾ ਪਹਿਲਾਂ ਪਟਵਾਰੀ ਲੱਗੇ। ਫ਼ਿਲਮ ਦੇ ਨਾਇਕ ਨੂੰ ਫਿਰ ਆਪਣੇ ਤੋਂ ਹੇਠਲੀ ਪੋਸਟ ਯਾਨੀ ਪਟਵਾਰੀ ਬਣਨ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਹਨ। ਇਹ ਇਸ ਫ਼ਿਲਮ ਦਾ ਹਾਸਲ ਹੈ। ਫ਼ਿਲਮ ‘ਚ ਕਰਮਜੀਤ ਅਨਮੋਲ ਪਟਵਾਰੀ ਅਤੇ ਗੁਰਪ੍ਰੀਤ ਘੁੱਗੀ ਸਕੂਲ ਅਧਿਆਪਕ ਦੇ ਰੂਪ ‘ਚ ਨਜ਼ਰ ਆਉਂਣਗੇ। ਇਕ ਵੱਖਰੇ ਤੇ ਦਿਲਚਸਪ ਵਿਸ਼ੇ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਅਮੀਕ ਸਿੰਘ ਵਿਰਕ ਅਤੇ ਮਨਪ੍ਰੀਤ ਸਿੰਘ ਜੌਹਲ ਹਨ।



