ਪਿਛਲੇ ਇਕ-ਦੋ ਸਾਲਾਂ ਤੋਂ ਵੈੱਬ ਸੀਰੀਜ਼ ਦਾ ਦੌਰ ਤੇਜ਼ੀ ਨਾਲ ਵਧਿਆ ਹੈ। ਯੂਟਿਊਬ ਤੇ ਨੈੱਟਫਲਿਕਸ ਵਰਗੇ ਪਲੇਟਫਾਰਮਜ਼ ‘ਤੇ ਵੈੱਬ ਸੀਰੀਜ਼ ਧੜੱਲੇ ਨਾਲ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦਰਸ਼ਕ ਪਸੰਦ ਵੀ ਕਰਦੇ ਹਨ। ਇਸੇ ਦੌਰ ਨੂੰ ਪੰਜਾਬੀ ਇੰਡਸਟਰੀ ਨੇ ਵੀ ਅਪਣਾ ਲਿਆ ਹੈ। ‘ਯਾਰ ਜਿਗਰੀ ਕਸੂਤੀ ਡਿਗਰੀ’ ਪੰਜਾਬੀ ‘ਚ ਬਣੀ ਪਹਿਲੀ ਵੈੱਬ ਸੀਰੀਜ਼ ਹੈ। ਹੁਣ ਇਕ ਨਵੀਂ ਵੈੱਬ ਸੀਰੀਜ਼ ਪੰਜਾਬੀ ‘ਚ ਬਣਨ ਜਾ ਰਹੀ ਹੈ, ਜਿਸ ਦਾ ਨਾਂ ਹੈ ‘ਗੈਂਗਲੈਂਡ ਇਨ ਮਦਰਲੈਂਡ’। ਜੀ. ਕੇ. ਸਟੂਡੀਓਜ਼ ਤੇ ਦਿ ਥਿਏਟਰ ਆਰਮੀ ਫਿਲਮਜ਼ ਵਲੋਂ ਬਣਾਈ ਜਾ ਰਹੀ ਇਸ ਵੈੱਬ ਸੀਰੀਜ਼ ਨੂੰ ਡਾਇਰੈਕਟ ਗੱਬਰ ਸੰਗਰੂਰ ਕਰ ਰਹੇ ਹਨ।

ਇਸ ਦੀ ਕਹਾਣੀ ਗੱਬਰ ਸੰਗਰੂਰ ਨੇ ਬਲਜੀਤ ਨੂਰ ਨਾਲ ਮਿਲ ਕੇ ਲਿਖੀ ਹੈ। ਵੈੱਬ ਸੀਰੀਜ਼ ਦਾ ਪਹਿਲਾ ਸੀਜ਼ਨ ਨਵੰਬਰ ‘ਚ ਰਿਲੀਜ਼ ਹੋਣ ਦੀ ਉਮੀਦ ਹੈ, ਜਿਸ ਦੇ ਕੁਲ 5 ਐਪੀਸੋਡਸ ਹੋਣਗੇ। ਇਸ ਵੈੱਬ ਸੀਰੀਜ਼ ਰਾਹੀਂ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ‘ਚ ਦਿਖਾਇਆ ਜਾਵੇਗਾ ਕਿ ਕਿਵੇਂ ਕਾਲਜ ‘ਚ ਪੜ੍ਹਦੇ ਵਿਦਿਆਰਥੀ ਗੈਂਗਸਟਰਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਤੇ ਇਸ ਦੇ ਨਤੀਜੇ ਕੀ ਨਿਕਲਦੇ ਹਨ।

‘ਗੈਂਗਲੈਂਡ ਇਨ ਮਦਰਲੈਂਡ’ ਵੈੱਬ ਸੀਰੀਜ਼ ‘ਚ ਕਈ ਮਸ਼ਹੂਰ ਪੰਜਾਬੀ ਸਿਤਾਰੇ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ‘ਚ ਨਿਸ਼ਾਨ ਭੁੱਲਰ, ਜੌਨ ਵਿਕਟਰ, ਜੱਸ ਮਾਣਕ, ਗੁਰੀ, ਮਹਿਤਾਬ ਵਿਰਕ, ਨਵਦੀਪ ਕਲੇਰ, ਸਿੱਪੀ ਸਿੰਘ ਤੇ ਹੋਰ ਸ਼ਾਮਲ ਹਨ। ਇਸ ਦੀ ਸ਼ੂਟਿੰਗ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ ਤੇ ਦਰਸ਼ਕਾਂ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ ਇਸ ਦਾ ਦੂਜਾ ਸੀਜ਼ਨ ਬਣਾਇਆ ਜਾਵੇਗਾ।



