fbpx

ਪੰਜਾਬੀ ਫਿਲਮਾਂ ਦੀ “ਮਾਂ” ਰੁਿਪੰਦਰ ਰੂਪੀ

Posted on November 18th, 2018 in Fivewood Special

ਪਿਛਲੇ ਅਰਸੇ ਦੌਰਾਨ ਬਣੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ ਵਿਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਸੱਚਮੁੱਚ ਮਾਂ ਵਰਗੀ ਹੈ। ਮਾਂ ਦੇ ਵਧੇਰੇ ਕਿਰਦਾਰ ਪੇਸ਼ ਕਰਨ ਕਾਰਨ ਉਸ ਦੇ ਚਿਹਰੇ ਅਤੇ ਗੱਲਬਾਤ ਵਿਚ ਅਜਿਹੀ ਸਹਿਜਤਾ ਆ ਗਈ ਹੈ ਕਿ ਹਰੇਕ ਨੂੰ ਉਸ ਵਿਚੋਂ ਮਮਤਾ ਝਲਕਦੀ ਪ੍ਰਤੀਤ ਹੁੰਦੀ ਹੈ। ਰੂਪੀ ਦੀ ਪੂਰੀ ਜ਼ਿੰਦਗੀ ਅਦਾਕਾਰੀ ਨਾਲ ਜੁੜੀ ਹੋਈ ਹੈ। ਫ਼ਿਲਮਾਂ ਤੋਂ ਪਹਿਲਾਂ ਉਹ ਰੰਗ ਮੰਚ ਦੀ ਉੱਘੀ ਅਦਾਕਾਰਾ ਸੀ। ਰੰਗਮੰਚ ਨੂੰ ਉਸਨੇ ਹਮੇਸ਼ਾਂ ਪਿਆਰ ਕੀਤਾ ਹੈ। ਅੱਧੀ-ਅੱਧੀ ਰਾਤ ਤਕ ਨਾਟਕ ਖੇਡਣ ਜਾਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਉਹ ਰੰਗਮੰਚ ਨੂੰ ਮੁਹੱਬਤ ਦਾ ਹੀ ਦੂਜਾ ਨਾਂ ਮੰਨਦੀ ਹੈ।
ਉਸ ਨੇ ਕਦੇ ਪੈਸੇ ਨੂੰ ਤਰਜੀਹ ਦੇ ਕੇ ਅਦਾਕਾਰੀ ਨਹੀਂ ਕੀਤੀ, ਪਰ ਇਹ ਗੱਲ ਪੱਕੀ ਹੈ ਕਿ ਉਸ ਦੀ ਅਦਾਇਗੀ ਕਰਕੇ ਪੈਸਾ ਉਸ ਦੇ ਪਿੱਛੇ-ਪਿੱਛੇ ਤੁਰਿਆ ਆਉਂਦਾ ਵੇਖਿਆ ਜਾ ਸਕਦਾ ਹੈ। ਉਸ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਭੁਪਿੰਦਰ ਬਰਨਾਲਾ ਵਰਗਾ ਮੰਝਿਆ ਹੋਇਆ ਭੰਗੜਚੀ ਅਤੇ ਅਦਾਕਾਰ ਜੀਵਨ ਸਾਥੀ ਦੇ ਰੂਪ ਵਿਚ ਮਿਲਿਆ ਹੈ। ਦੋਵਾਂ ਦੀ ਜੋੜੀ ਦੇ ਜਲਵੇ ਵੀ ਸੈਂਕੜੇ ਗੀਤਾਂ ਵਿਚ ਪੰਜਾਬੀਆਂ ਨੇ ਵੇਖੇ ਹਨ। ਰੂਪੀ ਦੱਸਦੀ ਹੈ ਕਿ ਕਿਸੇ ਵੀ ਫ਼ਿਲਮ ਲਈ ਕੰਮ ਕਰਨ ਤੋਂ ਪਹਿਲਾਂ ਉਹ ਸਮੁੱਚੀ ਕਹਾਣੀ ਦਾ ਲਗਾਤਾਰ ਅਧਿਐਨ ਕਰਦੀ ਹੈ ਅਤੇ ਤਸੱਲੀ ਹੋ ਜਾਣ ’ਤੇ ਕੈਮਰੇ ਅੱਗੇ ਜਾਂਦੀ ਹੈ। ਕਿਸੇ ਵੀ ਫ਼ਿਲਮ ਦੇ ਹਿੱਟ ਜਾਂ ਫਲਾਪ ਹੋਣ ਨਾਲ ਰੂਪੀ ਦੇ ਮਨੋਬਲ ਨੂੰ ਕਦੇ ਫ਼ਰਕ ਨਹੀਂ ਪੈਂਦਾ ਸਗੋਂ ਉਹ ਸਿਰਫ਼ ਆਪਣੀ ਅਦਾਕਾਰੀ ਵਿਚ ਆਏ ਨਿਖਾਰ ਨੂੰ ਕੰਮ ਦਾ ਪੈਮਾਨਾ ਸਵੀਕਾਰ ਕਰਦੀ ਹੈ। ਜ਼ਿੰਦਗੀ ਦੇ ਇਕ-ਇਕ ਪਲ ਨੂੰ ਉਹ ਬੜੇ ਉਤਸ਼ਾਹ ਨਾਲ ਜਿਊਂਦੀ ਹੈ।


ਬਰਨਾਲਾ ਸ਼ਹਿਰ ਵਿਚ ਰਹਿਣ ਵਾਲੀ ਰੁਪਿੰਦਰ ਦੱਸਦੀ ਹੈ ਕਿ ਉਸ ਦੇ 95 ਫ਼ੀਸਦੀ ਰੋਲ ਸਮਾਜ ਨੂੰ ਕੋਈ ਨਾ ਕੋਈ ਸਾਰਥਿਕ ਸੇਧ ਦੇਣ ਵਾਲੇ ਹੁੰਦੇ ਹਨ। ਉਸਦਾ ਇਸ ਵੇਲੇ ਅਕਸ ਹੀ ਐਨਾ ਵੱਡਾ ਹੋ ਗਿਆ ਹੈ ਕਿ ਸਿਰਫ਼ ਉਸ ਦੇ ਕੱਦ ਵਾਲੇ ਗੀਤ ਤੇ ਫ਼ਿਲਮਾਂ ਹੀ ਉਸ ਨੂੰ ਮਿਲਦੀਆਂ ਹਨ। ਹੁਣ ਆਲਮ ਇਹ ਹੈ ਕਿ ਨਿਰਦੇਸ਼ਕਾਂ ਨੂੰ ਉਸਦੇ ਦਿਨ ਵਿਹਲੇ ਵੇਖ ਕੇ ਆਪਣੀ ਸ਼ੂਟਿੰਗ ਨਿਰਧਾਰਤ ਕਰਨੀ ਪੈਂਦੀ ਹੈ। ਬੇਸ਼ੱਕ ਉਸ ਦੀਆਂ ਕਈ ਸਮਕਾਲੀ ਅਦਾਕਾਰਾਂ ਵੀ ਮਾਂ ਦੇ ਕਿਰਦਾਰ ਲਈ ਜਾਣੀਆਂ ਜਾਂਦੀਆਂ ਹਨ, ਪਰ ਉਸ ਦਾ ਬਦਲ ਹਾਲੇ ਤਕ ਕੋਈ ਵੀ ਪੇਸ਼ ਨਹੀਂ ਕਰ ਸਕੀ। ਮਾਂ ਦੇ ਪ੍ਰਭਾਵਸ਼ਾਲੀ ਅਤੇ ਗੰਭੀਰ ਕਿਰਦਾਰ ਉਸਦੇ ਕਰੀਅਰ ਨੂੰ ਅੱਗੇ ਲਿਜਾਣ ਵਿਚ ਸਹਾਈ ਸਿੱਧ ਹੋਏ ਹਨ।
ਉਸ ਦੀਆਂ ਭੂਮਿਕਾਵਾਂ ਵਾਲੀਆਂ ਹਿੱਟ ਫ਼ਿਲਮਾਂ ਦੀ ਸੰਖਿਆ 70 ਤੋਂ ਵਧੇਰੇ ਹੈ, ਜਿਨ੍ਹਾਂ ਵਿਚ ਹਰਭਜਨ ਮਾਨ ਦੀ ‘ਗਦਾਰ’, ਰਾਣਾ ਰਣਬੀਰ ਦੀ ‘ਅਸੀਸ’, ਕ੍ਰਿਸ਼ਨ ਸਾਹਨੀ ਦੀ ‘ਲਲਕਾਰਾ ਜੱਟੀ ਦਾ’, ਮਨੋਜ ਪੁੰਜ ਦੀ ‘ਵਾਰਿਸ ਸ਼ਾਹ ਇਸ਼ਕ ਦਾ ਵਾਰਿਸ’, ਗੁਰਵੀਰ ਗਰੇਵਾਲ ਦੀ ‘ਮੰਨਤ’, ਨਵਨੀਤ ਜੌਹਲ ਦੀ ‘ਤੇਰਾ ਮੇਰਾ ਕੀ ਰਿਸ਼ਤਾ’, ਸਿਮਰਜੀਤ ਦੀ ‘ਚੱਕ ਜਵਾਨਾ’, ‘ਹਾਣੀ’, ‘ਯਾਰ ਅਣਮੁੱਲੇ’, ‘ਦੇਸੀ ਮੁੰਡੇ’, ‘ਯਾਰ ਪਰਦੇਸੀ’, ‘ਰਹੇ ਚੜ੍ਹਦੀ ਕਲਾ ਪੰਜਾਬ ਦੀ’, ‘ਗੇਲੋ’, ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਏਕਮ’ ਆਦਿ ਕਾਬਿਲੇ ਜ਼ਿਕਰ ਹਨ। ਇਸ ਤੋਂ ਇਲਾਵਾ ਹਿੰਦੀ ਫ਼ਿਲਮਾਂ ‘ਸ਼ਹੀਦ ਭਗਤ ਸਿੰਘ’, ‘ਹਵਾਏਂ’ ਅਤੇ ‘ਕੌਫੀ ਹਾਊਸ’ ਵਿਚ ਉਸ ਵੱਲੋਂ ਨਿਭਾਏ ਗਏ ਕਿਰਦਾਰ ਦਰਸ਼ਕਾਂ ਨੂੰ ਅੱਜ ਤਕ ਯਾਦ ਹਨ।


ਐੱਮ.ਏ. ਥੀਏਟਰ ਅਤੇ ਪੰਜਾਬੀ ਵਿਦਿਅਕ ਯੋਗਤਾ ਰੱਖਣ ਵਾਲੀ ਰੁਪਿੰਦਰ ਤੇ ਭੁਪਿੰਦਰ ਨੇ ਕੁਝ ਸਮਾਜਿਕ ਲਘੂ ਫ਼ਿਲਮਾਂ ਵੀ ਬਣਾਈਆਂ ਹਨ, ਜਿਨ੍ਹਾਂ ਦੀ ਚਰਚਾ ਸੂਝਵਾਨ ਲੋਕਾਂ ਵਿਚ ਅਕਸਰ ਚੱਲਦੀ ਰਹਿੰਦੀ ਹੈ। ਬੇਟੀ ਇਬਾਦਤ ਅਤੇ ਬੇਟੇ ਸੁਰਖ਼ਾਬ ਨਾਲ ਖ਼ੂਬਸੂਰਤ ਜ਼ਿੰਦਗੀ ਬਸਰ ਕਰ ਰਹੀ ਰੂਪੀ ਦਾ ਬੇਟਾ ਬੇਸ਼ੱਕ ਹਾਲੇ ਛੋਟਾ ਹੈ, ਪਰ ਉਹ ਪਰਦੇ ’ਤੇ ਆਪਣੀ ਕਲਾ ਦੇ ਜੌਹਰ ਵਿਖਾਉਣ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰੁਪਿੰਦਰ ਪੰਜਾਬੀ ਫ਼ਿਲਮਾਂ ਦੇ ਵਧ ਰਹੇ ਦਾਇਰੇ ’ਤੇ ਖੁਸ਼ ਹੈ, ਪਰ ਉਸ ਦਾ ਕਹਿਣਾ ਹੈ ਕਿ ਇਹ ਹਾਲੇ ਬਣਦੇ ਮਿਆਰ ਅਤੇ ਮੰਜ਼ਿਲ ਤਕ ਨਹੀਂ ਪੁੱਜ ਸਕਿਆ।

ਜਿਸ ਵੇਲੇ ਜਲੰਧਰ ਦੂਰਦਰਸ਼ਨ ਇਕੱਲਾ ਹੀ ਪੰਜਾਬੀ ਬੋਲੀ ਵਿਚ ਮਨੋਰੰਜਨ ਪ੍ਰਦਾਨ ਕਰਨ ਵਾਲਾ ਚੈਨਲ ਸੀ, ਉਸ ਵੇਲੇ ਦੀਆਂ ਅਣਗਿਣਤ ਸਕਿੱਟਾਂ ਅਤੇ ਲੜੀਵਾਰਾਂ ਵਿਚ ਰੂਪੀ ਦੀ ਤੂਤੀ ਬੋਲਦੀ ਸੀ। ਰੂਪੀ ਦੀ ਖਾਸੀਅਤ ਹੈ ਕਿ ਉਹ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਦੀ ਰਹਿੰਦੀ ਹੈ। ਜੇਕਰ ਕਿਸੇ ਰੋਲ ਦੀ ਮੰਗ ਮੁਤਾਬਿਕ ਭਾਰ ਵਧਾਉਣਾ ਪਿਆ ਤਾਂ ਕੰਮ ਮੁਕੰਮਲ ਹੋਣ ਉਪਰੰਤ ਉਹ ਪਹਿਲੇ ਰੂਪ ਵਿਚ ਆਉਣ ਲਈ ਦਿਨ-ਰਾਤ ਇਕ ਕਰ ਦਿੰਦੀ ਹੈ। ਨਵੇਂ ਚਿਹਰਿਆਂ ਨੂੰ ਉਹ ਆਪਣੀ ਉਮੀਦ ਦੱਸਦੀ ਹੈ, ਪਰ ਰਾਤੋ-ਰਾਤ ਸਟਾਰ ਬਣਨ ਦੀ ਦੌੜ ਵਿਚ ਨਾ ਪੈਣ ਦਾ ਸੁਨੇਹਾ ਵੀ ਜ਼ਰੂਰ ਦਿੰਦੀ ਹੈ।
ਅਜੀਤਪਾਲ ਜੀਤੀ: 70091-05785

Comments & Feedback