ਨਾਮਵਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਇਕ ਵਾਰ ਫਿਰ ਤੋਂ ਪਰਦੇ ‘ਤੇ ਅਦਾਕਾਰੀ ਕਰਦੇ ਨਜ਼ਰ ਆਉਂਣਗੇ। ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਵੇਗੀ ਕਿ ਸਮੀਪ ਕੰਗ ਨਿਰਦੇਸ਼ਕ ਬਣਨ ਤੋਂ ਪਹਿਲਾਂ ਬਤੌਰ ਹੀਰੋ ਇਸ ਖ਼ੇਤਰ ‘ਚ ਆਏ ਸਨ। ਮਰਹੂਮ ਜਸਪਾਲ ਭੱਟੀ ਦੀ ਫ਼ਿਲਮ ‘ਮਾਹੌਲ ਠੀਕ’ ਹੈ ਜ਼ਰੀਏ ਉਹਨਾਂ ਦੀ ਪਹਿਚਾਣ ਬਣੀ ਸੀ। ਇਸ ਫ਼ਿਲਮ ‘ਚ ਉਹਨਾਂ ਚਾਂਦਨੀ ਤੂਰ ਨਾਂ ਦੀ ਹੀਰੋਇਨ ਨਾਲ ਬਤੌਰ ਹੀਰੋ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਕਈ ਕਾਮੇਡੀ ਟੈਲੀਫ਼ਿਲਮਾਂ ਨਿਰਦੇਸ਼ਤ ਵੀ ਕੀਤੀਆਂ ਤੇ ਉਹਨਾਂ ‘ਚ ਕੰਮ ਵੀ ਕੀਤਾ। ਨਿਰਦੇਸ਼ਕ ਅਮਿਤੋਜ ਮਾਨ ਦੀ ਹਿੰਦੀ ਫ਼ਿਲਮ ‘ਕਾਫ਼ਲਾ’ ਵਿੱਚ ਵੀ ਸਮੀਪ ਕੰਗ ਦਿਖਾਈ ਦਿੱਤੇ। ‘ਕਾਫ਼ਲਾ’ ਫ਼ਿਲਮ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਮੋਟਾਪੇ ਦਾ ਸ਼ਿਕਾਰ ਹੋਣ ਲੱਗੇ ਸਨ। ‘ਕਾਫ਼ਲਾ’ ਤੋਂ ਬਾਅਦ ਉਹ ਪੱਕੇ ਤੌਰ ‘ਤੇ ਡਾਇਰੈਕਸ਼ਨ ‘ਚ ਆ ਗਏ। ਗਿੱਪੀ ਗਰੇਵਾਲ ਨੂੰ ਲੈ ਕੇ ‘ਕੈਰੀ ਆੱਨ ਜੱਟਾ’ ਬਣਾਈ। ਇਹ ਫ਼ਿਲਮ ਸੁਪਰਹਿੱਟ ਰਹੀ। ਸਮੀਪ ਦਾ ਨਾਂ ਚੋਟੀ ਦੇ ਫ਼ਿਲਮ ਨਿਰਦੇਸ਼ਕਾਂ ‘ਚ ਆ ਗਿਆ। ਉਹਨਾਂ ਕਈ ਪੰਜਾਬੀ ਫ਼ਿਲਮਾਂ ਬਣਾਈਆਂ ਆਪਣੀ ਫ਼ਿਲਮ ‘ਲੱਕੀ ਦੀ ਅਣਲੱਕੀ ਸਟੋਰੀ’ ਵਿੱਚ ਉਹਨਾਂ ਛੋਟੀ ਜਿਹੀ ਭੂਮਿਕਾ ਵੀ ਨਿਭਾਈ। ਕਦੇ ਸਲਿੱਮ ਟਰਿੰਮ ਦਿਖਣ ਵਾਲੇ ਸਮੀਪ ਕੰਗ ਹੁਣ ਆਪਣੇ ਭਾਰੇ ਸਰੀਰ ਨਾਲ ਹੀ ਹੀਰੋ ਵਾਂਗ ਮੁੜ ਪਰਦੇ ‘ਤੇ ਐਂਟਰੀ ਮਾਰਨ ਜਾ ਰਹੇ ਹਨ। 14 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਲੌਕ’ ਦਾ ਸਮੀਪ ਕੰਗ ਨਾ ਕੇਵਲ ਡਾਇਰੈਕਟਰ ਹੈ, ਬਲਕਿ ਹੀਰੋ ਵੀ ਆਪ ਹੀ ਹੈ। ‘ਸ਼ਟਰ’ ਨਾਂ ਦੀ ਫ਼ਿਲਮ ਤੋਂ ਪ੍ਰਭਾਵਤ ਇਸ ਫ਼ਿਲਮ ਦੀ ਕਹਾਣੀ ਵੀ ਸਮੀਪ ਨੇ ਲਿਖੀ ਹੈ, ਜਦਕਿ ਡਾਇਲਾਗ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਦੇ ਹਨ। ਬੇਸ਼ੱਕ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਵਰਗੇ ਕਈ ਕਲਾਕਾਰਾਂ ਸਮੇਤ ਗਿੱਪੀ ਗਰੇਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਪਰ ਫ਼ਿਲਮ ਦਾ ਮੁੱਖ ਪਾਤਰ ਯਾਨੀਕਿ ਹੀਰੋ ਸਮੀਪ ਕੰਗ ਖੁਦ ਹੈ। ਇਹ ਫ਼ਿਲਮ ਇਕ ਅੱਧਖੜ ਉਮਰ ਦੇ ਵਿਅਕਤੀ ਦੀ ਹੈ। ਪੰਜਾਬੀ ਦੀ ਇਹ ਅਜਿਹੀ ਫ਼ਿਲਮ ਹੈ, ਜਿਸ ਨੂੰ ਬੋਲਡ ਫ਼ਿਲਮ ਦਾ ਦਰਜ ਦਿੱਤਾ ਜਾ ਸਕਦਾ ਹੈ। ਇਹ ਅੱਧਖੜ ਉਮਰ ਦਾ ਵਿਅਕਤੀ ਇਕ ਕੁੜੀ ੯ਗੀਤਾ ਬਸਰਾ’ ਨੂੰ ਕਿਉਂ ਬੁਲਾਉਂਦਾ ਹੈ ਅਤੇ ਪੂਰੀ ਰਾਤ ਕੀ ਵਾਪਰਦਾ ਹੈ। ਇਹ ਦੇਖਣਯੋਗ ਹੋਵੇਗਾ। ਵੈਸੇ ਇਹ ਫ਼ਿਲਮ ਇਕ ਰਾਤ ਦੀ ਹੀ ਕਹਾਣੀ ਹੈ। ਆਸ ਹੈ ਸਮੀਪ ਕੰਗ ਨਿਰਦੇਸ਼ਨ ਦੇ ਨਾਲ ਨਾਲ ਇਸ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ‘ਚ ਵੀ ਕਾਮਯਾਬ ਹੋਵੇਗਾ। ਵੈਸੇ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਸਮੀਪ ਕੰਗ ਇਕ ਕਾਬਲ ਅਦਾਕਾਰ ਤੇ ਸੂਝਵਾਨ ਨਿਰਦੇਸ਼ਕ ਹੈ।



