ਕਹਿੰਦੇ ਆ ਘਰ ਦੇ ਭਾਗ ਡਿਓੜੀ ਦੱਸ ਦਿੰਦੀ ਹੈ। ਉਵੇਂ ਹੀ ਫ਼ਿਲਮ ਦਾ ਟਰੇਲਰ ਦੱਸ ਦਿੰਦੈ ਕਿ ਤਿਲਾਂ ‘ਚ ਕਿੰਨਾ ਕੁ ਤੇਲ ਹੈ। ‘ਦਾਰਾ’ ਫ਼ਿਲਮ ਦਾ ਜਦੋਂ ਟਰੇਲਰ ਆਇਆ ਸੀ, ਫ਼ਿਲਮ ਦੀ ‘ਪੱਤਰੀ’ ਉਦੋਂ ਹੀ ਤਿਆਰ ਹੋ ਗਈ ਸੀ। ਪਰ ਇਹ ਫ਼ਿਲਮ ਸਾਡੇ ਸਿਰਮੌਰ ਕਹਾਣੀਕਾਰ ਬਲਦੇਵ ਸਿੰਘ ਸੜਕਨਾਮਾ ਦੀ ਇਕ ਕਹਾਣੀ ‘ਤੇ ਬਣੇ ਹੋਣ ਅਤੇ ਮੇਰੇ ਬੇਹੱਦ ਅਜ਼ੀਜ਼ ਵੱਡੇ ਬਾਈ ਗਾਇਕ ਪੰਮੀ ਬਾਈ ਜੀ ਦੀ ਬਤੌਰ ਅਦਾਕਾਰ ਇਹ ਪਹਿਲੀ ਫ਼ਿਲਮ ਹੋਣ ਕਾਰਨ, ਇਸ ਨੂੰ ਦੇਖਣ ਦੀ ਉਤਸੁਕਤਾ ਬਣੀ ਹੋਈ ਸੀ।
ਸੜਕਨਾਮਾ ਜੀ ਦੀ ਇਕ ਕਹਾਣੀ ‘ਤੇ ਬਣੀ ਇਸ ਫ਼ਿਲਮ ਦਾ ਸਕਰੀਨਪਲੇ ਪ੍ਰਵੀਨ ਕੁਮਾਰ ਦੇ ਲਿਖਿਆ ਹੈ, ਉਹੀ ਫ਼ਿਲਮ ਦਾ ਡਾਇਰੈਕਟਰ ਹੈ। ਪੰਮੀ ਬਾਈ ਦੇ ਨਾਲ ਗੁਰਪ੍ਰੀਤ ਘੁੱਗੀ, ਕਰਤਾਰ ਚੀਮਾ,ਗਾਇਕ ਹੈਪੀ ਰਾਏਕੋਟੀ ਤੇ ਸ਼ਵਿੰਦਰ ਮਾਹਲ ਨੇ ਅਹਿਮ ਭੂਮਿਕਾ ਨਿਭਾਈ ਹੈ। ਉਂਝ ਫ਼ਿਲਮ ‘ਚ ਰਾਣਾ ਰਣਬੀਰ ਤੇ ਕਰਮਜੀਤ ਅਨਮੋਲ ਵੀ ਹਨ। ਇਕ ਦੋ ਥਾਵਾਂ ‘ਤੇ ਸਾਡੇ ਸਤਿਕਾਰਯੋਗ ਕਵੀ ਸੁਰਜੀਤ ਪਾਤਰ ਸਾਹਬ ਵੀ ਨਜ਼ਰ ਪੈਂਦੇ ਹਨ। ਸਰਦਾਰੀ ਸੋਹੀ ਵੀ ਫ਼ਿਲਮ ‘ਚ ਹੈ, ਪਰ ਉਹ ਵੀ ਨਾ ਹੋਇਆ ਵਰਗਾ ਹੀ ਹੈ। ਉਸ ਨੂੰ ਫ਼ੌਜੀ ਬਣਾ ਛੱਡਿਆ, ਪਰ ਕਿਉਂ? ਫ਼ਿਲਮ ਚਾਰ ਭਾਰਵਾਂ ‘ਤੇ ਹੈ। ਇਸ ਲਈ ਚਾਰਾਂ ਲਈ ‘ਸਾਥਣ’ ਵੀ ਲਾਜ਼ਮੀ ਸੀ। ਸੋ ਫ਼ਿਲਮ ‘ਚ ਰਾਜ ਧਾਲੀਵਾਲ, ਮਨਪ੍ਰੀਤ ਸੁੱਗੂ, ਪ੍ਰੀਤ ਸਿਮਰਨ ਸੰਧੂ ਤੇ ਮਨਵੀਰ ਕੌਰ ਰਾਏ ਨੇ ਇਹ ਸਾਥਣ ਵਾਲੀ ਭੂਮਿਕਾ ਨਿਭਾਈ ਹੈ। ਤਿੰਨ ਕੁੜੀਆਂ ਦੀ ਫ਼ੀਲ ਚਾਹੇ ਹੀਰੋਇਨ ਵਾਲੀ ਸੀ, ਪਰ ਇਹਨਾਂ ਤਿੰਨਾਂ ਨਵੀਆਂ ਕੁੜੀਆਂ ‘ਚੋਂ ਹੀਰੋਇਨ ਦੇ ਦਰਜੇ ਦੀ ਕੋਈ ਵੀ ਕੁੜੀ ਨਹੀਂ ਹੈ। ਫ਼ਿਲਮ ਦਾ ਵਿਸ਼ਾ ਵਧੀਆ ਸੀ, ਪਰ ਉਸ ਦੀ ਜੋ ਜੱਖਣਾ ਪੱਟੀ ਗਈ ਹੈ, ਉਹ ਬੇਹੱਦ ‘ਦਰਦਨਾਕ’ ਹੈ। ਫ਼ਿਲਮ ਦੇ ਪਹਿਲੇ ਦੋ ਸੀਨ• ਹੀ ਦੱਸ ਦਿੰਦੇ ਹਨ, ਕਿ ਜੋ ਕੁਝ ਇਹ ਦੋ ਸੀਨ•ਾਂ ‘ਚ ਹੋਇਆ, ਪੂਰੀ ਫ਼ਿਲਮ ‘ਚ ਇਹੀ ‘ਕੜੀ ਘੁਲਣੀ’ ਹੈ। ਗੁਰਪ੍ਰੀਤ ਘੁੱਗੀ ਨੂੰ ਫ਼ਿਲਮ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਿਦਿਆਰਥੀ ਦਿਖਾਇਆ ਗਿਆ ਹੈ। ਕੀ ਉਹ ਕਿਸੇ ਪਾਸਿਓਂ ਵਿਦਿਆਰਥੀ ਲੱਗਦੈ?? ਬਿਗਨਿਗ ‘ਚ ਪੰਮੀ ਬਾਈ ਖ਼ੇਤ ਨੂੰ ਜਾਂਦੈ ਤੇ ਸੀਰੀਆਂ ਨੂੰ ਗੀਤ ਗਾ ਕੇ ਉਠਾਉਂਦੈ। ਬੱਸ ਇਹੀ ਸੀਨ• ਦੱਸ ਦਿੰਦੈ ਕਿ ਫ਼ਿਲਮ ਦਾ ‘ਹਸ਼ਰ’ ਕੀ ਹੋਣ ਵਾਲਾ। ਸਭ ਨੂੰ ਪਤਾ ਪੰਮੀ ਪਾਈ ਪੰਜਾਬੀ ਸੱਭਿਆਚਾਰ ਦੇ ਦਾਇਰੇ ‘ਚ ਰਹਿ ਕੇ ਗਾਉਂਦਾ ਹੈ। ਉਸ ਦੀ ਆਪਣੀ ਇਕ ਪਹਿਚਾਣ ਹੈ। ਫਿਰ ਵੀ…… ਡਾਇਰੈਕਟਰ ਨੂੰ ਇਹ ਨਹੀਂ ਪਤਾ ਕਿ ਫ਼ਿਲਮ ‘ਚ ਪੰਮੀ ਬਾਈ ਨੂੰ ਲਿਆ ਹੈ ਜਾਂ ਫ਼ਿਲਮ ‘ਚ ਅਦਾਕਾਰੀ ਕਰ ਰਿਹਾ ਬੰਦਾ ਪੰਮੀ ਬਾਈ ਹੈ। ਫ਼ਿਲਮ ਦੇ ਪਹਿਲੇ ਹਾਫ਼ ‘ਚ ਤਾਂ ਸਮਝ ਹੀ ਨਹੀਂ ਆਉਂਦਾ ਕਿ ਇਹ ਹੋ ਕੀ ਰਿਹਾ ਹੈ? ਕਿਉਂ ਹੋ ਰਿਹਾ ਹੈ?? ਅੱਛਾ ਸਮਝ ਦੂਜੇ ਹਾਫ਼ ‘ਚ ਵੀ ਨਹੀਂ ਲੱਗਦਾ, ਇਹ ਤਾਂ ਮਾੜਾ ਮੋਟਾ ਤੁਹਾਨੂੰ ਆਪ ਨੂੰ ਹੀ ਅੰਦਾਜ਼ਾ ਲਾਉਣਾ ਪਵੇਗਾ। ਆਖਰੀ ਪੰਦਰ ਵੀਹ ਮਿੰਟਾਂ ਦੀ ਹੀ ਸਮਝ ਆਉਂਦੀ ਹੈ ਕਿ ਇਕ ਪਾਰਟੀ ਨੇ ਦੂਜੀ ਪਾਰਟੀ ਦਾ ਬੰਦਾ ਮਾਰਤਾ, ਹੁਣ ਇਹ ਬਦਲਾ ਲੈਣਗੇ। ਬੱਸ ੧ ਜੇ ਕਿਧਰੇ ਮਾੜੀ ਜਿਹੀ ਸਟੋਰੀ ਤੁਰਨ ਲੱਗਦੀ ਹੈ ਤਾਂ ਗੀਤ ਬਰੇਕਾਂ ਲਾ ਦਿੰਦੈ ਆ। ਫ਼ਿਲਮ ‘ਚ ਏਨੇ ਗੀਤ ਹਨ ਕਿ ਪੁੱਛੋ ਨਾ, ਉਹ ਵੀ ਬੇਮਤਲਬ, ਕਈ ਵਾਰ ਤਾਂ ‘ਦਾਰਾ’ ਫ਼ਿਲਮ ਘੱਟ, ਬਲਕਿ ਪੰਮੀ ਬਾਈ ਦੇ ਗੀਤਾਂ ਦਾ ਫ਼ਿਲਮੀ ਗੁਲਦਸਤਾ ਜ਼ਿਆਦਾ ਲੱਗਦੀ ਹੈ। ਉਤੋਂ ਫ਼ਿਲਮ ਦੇ ਗੀਤਾਂ ਦਾ ਟਰੀਟਮੈਂਟ ਫ਼ਿਲਮ ਮੁਤਾਬਕ ਨਹੀਂ ਬਲਕਿ ਮਿਊਜ਼ਿਕ ਵੀਡੀਓ ਵਾਲਾ ਹੈ। ਗਾਇਕ ਹੈਪੀ ਰਾਏਕੋਟੀ ਪਹਿਲੀ ਵਾਰ ਕਿਸੇ ਫ਼ਿਲਮ ‘ਚ ਨਜ਼ਰ ਆਇਆ ਹੈ। ਪਰ ਉਹ ਕਿਉਂ ਹੈ ਫ਼ਿਲਮ ‘ਚ? ਇਸ ਦਾ ਸ਼ਾਇਦ ਹੈਪੀ ਨੂੰ ਵੀ ਨਹੀਂ ਪਤਾ ਹੋਣਾ। ਹੈਪੀ ਕਿਸੇ ਪਰਲੀ ਦੁਨੀਆਂ ‘ਚੋਂ ਤਾਂ ਆਇਆ ਨਹੀਂ, ਸਭ ਨੂੰ ਪਤੈ ਉਹ ਗਾਇਕ ਹੈ। ਫਿਰ ਵੀ ਉਸ ਦੇ ਮੂੰਹੋਂ ਉਸੇ ਦੇ ਗੀਤ ਗਵਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਗਾਇਕ ਹੈਪੀ ਰਾਏਕੋਟੀ ਹੀ ਹੈ। ਕਰਤਾਰ ਚੀਮਾ ਵਧੀਆ ਅਦਾਕਾਰ ਹੈ ਪਰ ਫ਼ਿਲਮ ‘ਚ ਉਹ ਰੁਲਿਆ ਹੋਇਆ ਹੀ ਹੈ। ਕੁੜੀਆਂ ਦੇ ਮਾਮਲੇ ‘ਚ ਚੁੱਪ ਹੀ ਚੰਗੀ ਹੈ। ਰਾਜ ਧਾਲੀਵਾਲ ਤੇ ਮੈਡਮ ਨਿਰਮਲ ਰਿਸ਼ੀ ਨੂੰ ਛੱਡ ਕੇ ਸਭ ਦੇ ਇਕ ਦੂਜੀ ਤੋਂ ਮਾੜੇ ਤੋਂ ਮਾੜਾ ਅਕਸਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ‘ਚ ਸੁਖਵਿੰਦਰ ਰਾਜ ਨੂੰ ਖਲਨਾਇਕ ਵਜੋਂ ਉਭਾਰਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਫ਼ੋਕੇ ਖੁੰਘਾਰੇ ਮਾਰਨ ਤੋਂ ਇਲਾਵਾ ਕੁਝ ਵੀ ਨਹੀਂ ਕਰਦਾ। ਬਸ ਅੰਦਰੋਂ ਅੰਦਰ ਵਿਉ ਹੀ ਘੋਲੀ ਜਾਂਦੈ,,, ਅੰਤ ‘ਚ ਜਦੋਂ ਲੱਗਦੈ ਕਿ ਸ਼ਾਇਦ ਖੂਨ ਖੋਲ• ਗਿਆ ਹੋਵੇ, ਮਾਰਤਾ ਬੰਦਾ, ਪਰ ਕਾਤਲ ਕੋਈ ਹੋਰ ਨਿਕਲ ਜਾਂਦੈ। ਫ਼ਿਲਮ ਲਈ ਠੋਸ ਸਕਰੀਨਪਲੇ ਤੇ ਡਾਇਰੈਕਟਰ ਦੀ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ। ਸੱਭਿਆਚਾਰ ਦੇ ਨਾਂ ਦਾ ਲੌਲੀਪੌਪ ਫੜ•ਾ ਕੇ ਫ਼ਿਲਮ ਨਹੀਂ ਚਲਾਈ ਜਾ ਸਕਦੀ। ਸੋ ਫ਼ਿਲਮ ਦੀ ਕੁਲੈਕਸ਼ਨ ਜ਼ਰੀਏ ਦਰਸ਼ਕਾਂ ਨੇ ਆਪਣੇ ਫ਼ਤਵਾ ਦੇ ਦਿੱਤਾ ਹੈ। ਹੁਣ ਵੇਲਾ ਆਤਮ ਚਿੰਤਨ ਦਾ ਹੈ। ਆਸ ਹੈ ਫ਼ਿਲਮ ਦਾ ਡਾਇਰੈਕਟਰ ਆਪਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ‘ਚ ਇਕ ਵਧੀਆ ਫ਼ਿਲਮ ਲੈ ਕੇ ਮੁੜ ਪੇਸ਼ ਹੋਵੇਗਾ। ਸਪਨ ਮਨਚੰਦਾ
in Movie Review
ਪੰਮੀ ਬਾਈ ਦੇ ਗੀਤਾਂ ਦਾ ਫ਼ਿਲਮੀ ਗੁਲਦਸਤਾ ਹੈ ‘ਦਾਰਾ’


