ਆਰਮੀ ਪਰਿਵਾਰ ਨਾਲ ਸਬੰਧਿਤ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਪੰਜਾਬੀ ਫ਼ਿਲਮ ‘ਨੌਕਰ ਵਹੁਟੀ ਦਾ’ ਜ਼ਰੀਏ ਪੰਜਾਬੀ ਸਿਨੇਮੇ ‘ਚ ਵਾਪਸੀ ਕਰਨ ਜਾ ਰਹੀ ਹੈ। ਉਹ ਕਰੀਬ ਤਿੰਨ ਸਾਲਾਂ ਬਾਅਦ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ। ਉਸਦੀ ਆਖਰੀ ਫ਼ਿਲਮ ‘ਨਿਧੀ ਸਿੰਘ’ ਸੀ। ਸਾਲ 2016 ਵਿੱਚ ਆਈ ਉਸਦੀ ਇਹ ਫਿਲਮ ਬੁਰੀ ਤਰ•ਾਂ ਫ਼ਲਾਪ ਰਹੀ ਸੀ, ਜਿਸ ਤੋਂ ਬਾਅਦ ਉਹ ਪੰਜਾਬੀ ਫਿਲਮਾਂ ‘ਚੋਂ ਗਾਇਬ ਹੋ ਗਈ। ਉਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪੰਜਾਬੀ ਸਿਨੇਮੇ ‘ਚ ਮੁੜ ਵਾਪਸੀ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ।

ਚੰਗੀ ਸਕਰਿਪਟ ਦੀ ਭਾਲ ‘ਚ ਕੁਲਰਾਜ ਹੁਣ ਬੀਨੂੰ ਢਿੱਲੋਂ ਨਾਲ ‘ਨੌਕਰ ਵੁਹਟੀ ਦਾ’ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸ ਫਿਲਮ ਲਈ ਪਹਿਲਾਂ ਕਵਿਤਾ ਕੌਸ਼ਿਕ ਨੂੰ ਚੁਣਿਆ ਗਿਆ ਸੀ। ਨਿਰਦੇਸ਼ਕ ਸਮੀਪ ਕੰਗ ਦੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ ਦੇਹਰਾਦੂਨ ‘ਚ ਪੈਦਾ ਹੋਈ 36 ਸਾਲਾ ਇਸ ਅਦਾਕਾਰਾ ਨੇ ਸਾਲ 2006 ਵਿੱਚ ਪੰਜਾਬੀ ਫਿਲਮ ‘ਮੰਨਤ’ ਜ਼ਰੀਏ ਆਪਣੀ ਸ਼ੁਰੂਆਤ ਕੀਤੀ ਸੀ।

ਕੁਲਰਾਜ ਦੀ ਇਹ ਪੰਜਵੀਂ ਪੰਜਾਬੀ ਫਿਲਮ ਹੋਵੇਗੀ। ਬਾਲੀਵੁੱਡ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਜ਼ਰੀਏ ਵੱਡੀ ਚਰਚਾ ‘ਚ ਆਈ ਮੰਨਤ ਚਾਰ ਦੇ ਕਰੀਬ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਟੈਲੀਵਿਜ਼ਨ ਇੰਡਸਟਰੀ ਦਾ ਵੀ ਹਿੱਸਾ ਰਹੀ ਹੈ। ਬਹੁਤ ਸਾਰੇ ਲੋਕ ਅੱਜ ਵੀ ਉਸ ਨੂੰ ਹਿੰਦੀ ਸੀਰੀਅਲ ‘ਕਰੀਨਾ ਕਰੀਨਾ’ ਸਦਕਾ ਜਾਣਦੇ ਹਨ।


