fbpx

26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ‘ਨਾਢੂ ਖਾ’ ਵਿਚ ਕੀ  ਹੋਵੇਗਾ ਖਾਸ? ਜਾਣੋ

Posted on March 4th, 2019 in Article

ਇਹ ਪੰਜਾਬੀ ਫ਼ਿਲਮ ‘ਨਾਢੂ ਖਾ’ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਪਰ ਇਸ ਫ਼ਿਲਮ ਦੀ ਚਰਚਾ ਇਸ ਦੀ ਫ਼ਸਟ ਲੁੱਕ ਸਾਹਮਣੇ ਆਉਂਦਿਆਂ ਹੀ ਸ਼ੁਰੂ ਹੋ ਗਈ ਹੈ। ਅਦਾਕਾਰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਪੰਜਾਬੀ ਦੀਆਂ ਬਿਹਤਰੀਨ ਤੇ ਯਾਦ ਰੱਖਣ ਯੋਗ ਫ਼ਿਲਮਾਂ ‘ਚ ਸ਼ੁਮਾਰ ਹੋਣ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਇੱਕਠਿਆਂ ਦੀ ਇਹ ਪਹਿਲੀ ਫ਼ਿਲਮ ਹੈ। ਇਹੀ ਨਹੀਂ ਦੋਵੇਂ ਜਣੇ ਪਹਿਲੀ ਵਾਰ ਕਿਸੇ ਪੀਰੀਅਡ ਡਰਾਮਾ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਸ ਫ਼ਿਲਮ ਨੂੰ ਲੈ ਕੇ ਆਮ ਲੋਕਾਂ ਦੇ ਨਾਲ ਨਾਲ ਫ਼ਿਲਮ ਜਗਤ ਦੀਆਂ ਨਜ਼ਰਾਂ ਵੀ ਇਸ ‘ਤੇ ਟਿਕੀਆਂ ਹੋਈਆਂ ਹਨ। ਗੁਆਂਢੀ ਸੂਬੇ ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ਦੇ ਨਾਲ ਨਾਲ ਵਿਸ਼ਾਲ ਸੈੱਟ ਲਗਾਕੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ਼ ਹਨ। ਸੁਖਵਿੰਦਰ  ਸਿੰਘ ਬੱਬਲ ਦੀ ਲਿਖੀ ਇਸ ਫ਼ਿਲਮ ਨੂੰ ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਦੀ ਇਸ ਫ਼ਿਲਮ ਵਿੱਚ ਹਰੀਸ਼ ਤੇ ਵਾਮਿਕਾ ਦੇ ਨਾਲ ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਬਨਿੰਦਰ ਬਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁੱਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਅਤੇ ਮਲਕੀਤ ਰੌਣੀ ਨੇ ਅਹਿਮ ਭੂਮਿਕਾ ਨਿਭਾਈ ਹੈ।


ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਇਕ ਪੀਰੀਅਡ ਡਰਾਮਾ ਫ਼ਿਲਮ ਹੈ। ਫ਼ਿਲਮ ‘ਚ ਜਿਥੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੈ, ਉਥੇ ਹੀ ਫ਼ਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਇਸ ਫ਼ਿਲਮ ‘ਚ ਦਰਸ਼ਕ ਪੁਰਾਣੇ ਸਮੇਂ ‘ਚ ਹੁੰਦੀਆਂ ਭਲਵਾਨਾਂ ਦੀਆਂ ਛਿੰਜਾਂ ਵੀ ਦੇਖ ਸਕਣਗੇ। ਇਸ ਫ਼ਿਲਮ ਦਾ ਨਾਂ ‘ਨਾਢੂ ਖਾ’ ਕਿਉਂ ਰੱਖਿਆ ਗਿਆ ਹੈ ਅਤੇ ਫ਼ਿਲਮ ‘ਚ ਨਾਢੂ ਖਾ ਕੌਣ ਹੈ? ਇਹਨਾਂ ਸੁਆਲਾਂ ਦਾ ਜਵਾਬ ਫ਼ਿਲਮ ਦੇਖਣ ‘ਤੇ ਹੀ ਮਿਲ ਸਕੇਗਾ। ਫ਼ਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ਼ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਸਬਜੈਕਟ ‘ਤੇ ਉਨ•ਾਂ ਬੇਹੱਦ ਮਿਹਨਤ ਕੀਤੀ ਹੈ। ਬਤੌਰ ਨਿਰਦੇਸ਼ਕ ਉਸ ਦੀ ਇਹ ਦੂਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਉਸਨੇ ‘ਬਿੱਗ ਡੈਡੀ’ ਨਾਂ ਦੀ ਪੰਜਾਬੀ ਫ਼ਿਲਮ ਬਣਾਈ ਸੀ। ਕਈ ਸਾਲ ਮੁੰਬਈ ‘ਚ ਟੈਲੀਵਿਜ਼ਨ ਇੰਡਸਟਰੀ ਨਾਲ ਜੁੜੇ ਰਹੇ ਨਿਰਦੇਸ਼ਕ ਇਮਰਾਨ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਕਲਾਸਿਕ ਫ਼ਿਲਮ ਹੋਵੇਗੀ, ਜਿਸ ‘ਚ ਦਰਸ਼ਕਾਂ ਨੂੰ ਹਰ ਤਰ•ਾਂ ਦਾ ਰੰਗ ਦੇਖਣ ਨੂੰ ਮਿਲੇਗਾ।


ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦਾ ਨਾਮਵਰ ਸਿਨੇਮਾਟੋਗ੍ਰਾਫਰ ਸੋਨੀ ਸਿੰਘ ਇਸ ਫਿਲਮ ਦਾ ਕੈਮਰਾਮੈਨ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰਮਨ ਪਿਆਰਾ ਅਦਾਕਾਰ ਹਰੀਸ਼ ਵਰਮਾ ਉਰਫ ਜੱਟ ਟਿੰਕਾ ਇਸ ਫ਼ਿਲਮ ‘ਚ ਬਿਲਕੁਲ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗਾ।  ਇਹ ਫ਼ਿਲਮ ਉਸਦੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕੇਗੀ। ਹਰੀਸ਼ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਬਹੁਤ ਖੂਬਸੂਰਤ ਹੈ। ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।  ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੀ ਪਸੰਦ ਬਣੇਗਾ। ਫ਼ਿਲਮ ਦਾ  ਮਿਊਜ਼ਿਕ ਗੁਰਮੀਤ ਸਿੰਘ, ਕੁਲਦੀਪ ਸ਼ੁਕਲਾ ਅਤੇ ਗੈਗ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕ ਫ਼ਿਲਮ ‘ਚ ਨਿੰਜਾ, ਦਲੇਰ ਮਹਿੰਦੀ, ਹਰਦੀਪ ਸਿੰਘ, ਗੁਰਲੇਜ ਅਖ਼ਤਰ ਅਤੇ ਮੰਨਤ ਨੂਰ ਸਮੇਤ ਕਈ ਹੋਰ ਨਾਮੀਂ ਗਾਇਕਾਂ ਦੇ ਗੀਤ ਸੁਣ ਸਕਣਗੇ। 26 ਅਪ੍ਰੈਲ ਨੂੰ ‘ਵਾਈਟ ਹਿੱਲ ਸਟੂਡੀਓ’ ਵੱਲੋਂ ਕੌਮਾਂਤਰੀ ਪੱਧਰ ‘ਤੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Comments & Feedback