ਰੱਜ ਕੇ ਸਾਊ, ਮਿਲਣਸਾਰ ਤੇ ਮਿਹਨਤੀ ਸੁਭਾਅ ਦੇ ਨੌਜਵਾਨ ਫ਼ਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ ‘ਸ਼ੁਕਰ ਦਾਤਿਆ’ ਨਾਂ ਦੀ ਸ਼ਾਰਟ ਫ਼ਿਲਮ ਬਣਾਈ ਹੈ। ਇਹ ਫ਼ਿਲਮ ਭਾਵੇ ਅਜੇ ਰਿਲੀਜ਼ ਨਹੀਂ ਹੋਈ, ਪਰ ਇਸ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਖੂਬ ਚੱਲ ਰਹੀ ਹੈ। ਰਾਣਾ ਰਣਬੀਰ ਅਤੇ ਜਰਨੈਲ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਨਜੋਤ ਦਾ ਇਕ ਸਾਰਥਿਕ ਉਪਰਾਲਾ ਕਹੀ ਜਾ ਸਕਦੀ ਹੈ। ਇਸ ਫ਼ਿਲਮ ਦੀ ਕਹਾਣੀ ਲੋਕ ਮਨਾਂ ਦੀ ਕਹਾਣੀ ਹੈ। ਇਸ ਲਈ ਇਸ ਕਹਾਣੀ ‘ਤੇ ਕਿਸੇ ਦਾ ਅਧਿਕਾਰ ਨਹੀਂ ਜਤਾਇਆ ਗਿਆ। ਜਨਜੋਤ ਨੇ ਇਸ ਫ਼ਿਲਮ ਜ਼ਰੀਏ ਜੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਸੁਨੇਹਾ ਏਨਾ ਕੁ ਸਾਰਥਿਕ ਹੈ ਕਿ ਹਰ ਬੰਦੇ ਦੇ ਮਨ ਨੂੰ ਟੁੰਬੇਗਾ। ਫ਼ਿਲਮ ਦੀ ਪਟਕਥਾ ਵਿਸ਼ਵਾਸ ‘ਤੇ ਅਧਾਰਿਤ ਹੈ। ਇਹ ਵਿਸ਼ਵਾਸ ਗੁਰੂ ਤੇ ਚੇਲੇ ਦਰਮਿਆਨ ਦਾ ਹੈ। ਇਹ ਵਿਸ਼ਵਾਸ ਸਵੇਰ ਸ਼ਾਮ ਗੁਰੂ ਦਾ ਨਾਮ ਜਪਣ ਵਾਲੇ ਬੰਦੇ ਦਾ ਹੈ। ਇਹ ਵਿਸ਼ਵਾਸ ਉਸ ਰਹਿਬਰ ਤੇ ਤੁਹਾਡੇ ਦਰਮਿਆਨ ਦਾ ਹੈ, ਜਿਸ ਦਾ ਕਿਹਾ ਹਰ ਅੱਖਰ ਤੁਹਾਡੇ ਲਈ ਜ਼ਿੰਦਗੀ ਵਾਂਗ ਹੈ। ਇਸ ਸੂਖਮ ਵਿਸ਼ੇ ਨੂੰ ਇਕ ਬੱਸ ਕੰਡਕਟਰ ਅਤੇ ਇਕ ਸਵਾਰੀ ਦੇ ਮਾਧਿਆਮ ਜ਼ਰੀਏ ਸੁਨੇਹੇ ਦੇ ਰੂਪ ‘ਚ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ। ‘ਵਾਈਟ ਹਿੱਲ ਪ੍ਰੋਡਕਸ਼ਨ’ ਦੀ ਇਹ ਪੇਸ਼ਕਸ਼ 9 ਦਸੰਬਰ ਤੋਂ ਤੁਸੀਂ ਯੂ ਟਿਊਬ ‘ਤੇ ਦੇਖ ਸਕਦੇ ਹੋ। ਇਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਕ ਜਨਜੋਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਫ਼ਿਲਮਸਾਜ਼ੀ ‘ਚ ਸਰਗਰਮ ਹੈ। ਨਿਰਦੇਸ਼ਕ ਰੋਹਿਤ ਜੁਗਰਾਜ ਨਾਲ ‘ਜੱਟ ਜੇਮਸ ਬਾਂਡ’ ਫ਼ਿਲਮ ਜ਼ਰੀਏ ਸਹਾਇਕ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਕਰਨ ਵਾਲਾ ਜਨਜੋਤ ਮੁੰਡੇ ਕਮਾਲ ਦੇ, ਸੀਐਮ ਸਾਹਬ, ਸਰਦਾਰ ਜੀ 1 ਅਤੇ ਸਰਦਾਰ ਜੀ ਟੂ ਦਾ ਸਹਾਇਕ ਨਿਰਦੇਸ਼ਕ ਰਹਿ ਚੁੱਕਾ ਹੈ। ਨਿਰਦੇਸ਼ਕ ਵਜੋਂ ਇਹ ਉਸ ਦਾ ਪਹਿਲਾ ਉਪਰਾਲਾ ਹੈ, ਜੋ ਵਿਅਰਥ ਨਹੀਂ ਜਾਵੇਗਾ।


