fbpx

‘ਹੇਟ ਸਟੋਰੀ 4’ ਫ਼ੇਮ ਇਹਾਨਾ ਢਿੱਲੋਂ ਨੇ ‘ਬਲੈਕੀਆ’ ਨੂੰ ਲੈ ਕੀਤਾ ਖ਼ੁਲਾਸਾ

Posted on April 24th, 2019 in Article

ਬਾਲੀਵੁੱਡ ਦੀ ਬਹੁਚਰਚਿਤ ਫ਼ਿਲਮ ‘ਹੇਟ ਸਟੋਰੀ 4’ ਰਾਹੀਂ ਚਰਚਾ ‘ਚ ਆਈ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਇਹਾਨਾ ਢਿੱਲੋਂ ਅੱਜ ਕੱਲ• ਆਪਣੀ ਫ਼ਿਲਮ ‘ਬਲੈਕੀਆ’ ਨੂੰ ਲੈ ਕੇ ਸੁਰਖੀਆ ਵਿੱਚ ਹੈ। ਇਸ ਫਿਲਮ ਵਿੱਚ ਇਹਾਨਾ ਢਿੱਲੋਂ ਆਪਣੀਆਂ ਹੁਣ ਤੱਕ ਦੀਆਂ ਫਿਲਮਾਂ ਨਾਲੋਂ ਸਭ ਤੋਂ ਵੱਖਰੀ ਨਜ਼ਰ ਆ ਰਹੀ ਹੈ। 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਸਬੰਧੀ ਗੱਲ ਕਰਦਿਆਂ ਇਹਾਨਾ ਢਿੱਲੋਂ ਨੇ ਖੁਲਾਸਾ ਕੀਤਾ ਹੈ ਕਿ ਨਿਰਮਾਤਾ ਵਿਵੇਕ ਓਹਰੀ ਦੀ ਇਸ ਫ਼ਿਲਮ ਵਿੱਚ ਕੰਮ ਕਰਨ ਉਸ ਲਈ ਕਾਫੀ ਕਠਿਨ ਪਰ ਚੁਣੌਤੀਪੂਰਵਕ ਸੀ। ਫ਼ਿਲਮ ਦੇ ਟ੍ਰੇਲਰ ਵਿੱਚ ਦਰਸ਼ਕ ਉਸ ਦੀ ਲੁੱਕ ਦੇਖ ਚੁੱਕੇ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਉਸ ਨੂੰ ਕਰੀਬ 40 ਸਾਲਾਂ ਪਹਿਲਾਂ ਦੇ ਸੱਭਿਆਚਾਰ ਮੁਤਾਬਕ ਖੁਦ ਨੂੰ ਢਾਲਣਾ ਪਿਆ। ਉਸ ਦੀ ਇਹ ਫਿਲਮ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਵਿੱਚ ਉਹ ਇਕ ਆਮੀਰ ਪਰਿਵਾਰ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਕਾਲਜ ਵਿੱਚ ਪੜ•ਦੀ ਇਹ ਕੁੜੀ ਬੇਹੱਦ ਨਖਰੀਲੀ ਹੈ। ਉਸ ਦੇ ਪਹਿਰਾਵੇ ਅਤੇ ਅੰਦਾਜ਼ ‘ਤੇ ਸਭ ਫ਼ਿਦਾ ਹਨ। ਓਹਰੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਸੁਖਮੰਦਰ ਧੰਜਲ ਦੀ ਇਸ ਐਕਸ਼ਨ ਤੇ ਪੀਰੀਅਡ ਡਰਾਮਾ ਫ਼ਿਲਮ ਵਿੱਚ ਉਹ ਕਲਾਸਿਕ ਪਹਿਰਾਵੇ ‘ਚ ਇਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਵੇਗੀ।

ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਪੰਜਾਬੀ ਅਤੇ ਹਿੰਦੀ ਸਿਨੇਮੇ ਦੀ ਇਹ ਖੂਬਸੂਰਤ ਹੀਰੋਇਨ ਆਪਣੀ ਇਸ ਫ਼ਿਲਮ ਨੂੰ ਲੈ ਕੇ ਖੂਬ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਉਸਦਾ ਹੀਰੋ ਦੇਵ ਖਰੌੜ ਹੈ। ਇੰਦਰਪਾਲ ਸਿੰਘ ਦੀ ਲਿਖੀ ਇਸ ਫ਼ਿਲਮ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਉਹ ਦੱਸਦੀ ਹੈ ਕਿ ਉਹ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਨਾਲ ਸਬੰਧਿਤ ਹੈ। ਚੰਡੀਗੜ• ਅਤੇ ਯੂ ਐਸ ਏ ਤੋਂ ਪੜ•ੀ ਇਹਾਨਾ ਨੇ ਆਪਣੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਫ਼ਿਲਮ ਨਗਰੀ ਮੁੰਬਈ ‘ਚ ਉਸ ਨੇ ਕਈ ਨਾਮੀਂ ਕੰਪਨੀਆਂ ਲਈ ਮਾਡਲਿੰਗ ਕੀਤੀ। ਬਹੁਤ ਸਾਰੇ ਫ਼ੈਸ਼ਨ ਸ਼ੋਅਜ਼ ‘ਚ ਹਿੱਸਾ ਲਿਆ। ਫੈਸ਼ਨ ਇੰਡਸਟਰੀ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਫ਼ਿਲਮ ਇੰਡਸਟਰੀ ‘ਚ ਆਉਣ ਦਾ ਫ਼ੈਸਲਾ ਲਿਆ। ਬੈਰੀ ਜ਼ੌਹਨ ਦੇ ਐਕਟਿੰਗ ਸਕੂਲ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਅਜੇ ਆਪਣਾ ਫ਼ੋਟੋਸ਼ੂਟ ਕਰਵਾਉਣ ਬਾਰੇ ਸੋਚ ਰਹੀ ਸੀ ਕਿ ਉਸ ਨੂੰ ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਦੀ ਆਫ਼ਰ ਹੋ ਗਈ। ਨਾਮਵਰ ਫ਼ਿਲਮ ਡਾਇਰੈਕਟਰ ਸਿਮਰਜੀਤ ਸਿੰਘ ਦੀ ਇਸ ਫ਼ਿਲਮ ‘ਚ ਉਸ ਨੇ ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਨਾਲ ਮੁੱਖ ਭੂਮਿਕਾ ਨਿਭਾਈ। ਅਜੇ ਉਸ ਨੇ ਇਕ ਫ਼ਿਲਮ ਹੀ ਕੀਤੀ ਸੀ ਕਿ ਉਸ ਨੂੰ ਮੁੜ ਫ਼ੈਸ਼ਨ ਇੰਡਸਟਰੀ ਵੱਲ ਧਿਆਨ ਦੇਣਾ ਪਿਆ। ਨਿਊਯਾਰਕ, ਕੈਨੇਡਾ, ਅਸਟ੍ਰੇਲੀਆ ਤੇ ਅਮਰੀਕਾ ਵਰਗੇ ਮੁਲਕਾਂ ਦੀਆਂ ਨਾਮੀਂ ਕੰਪਨੀਆਂ ਲਈ ਫ਼ੋਟੋਸ਼ੂਟ ਕਰਵਾ ਚੁੱਕੀ ਇਹਾਨਾ ਇਸ ਦੌਰਾਨ ਸਿੱਪੀ ਗਿੱਲ ਦੀ ਫ਼ਿਲਮ ‘ਟਾਈਗਰ’ ਵਿੱਚ ਵੀ ਨਜ਼ਰ ਆਈ। ਇਸ ਫ਼ਿਲਮ ਤੋਂ ਬਾਅਦ ਉਸ ਨੇ ਪੱਕੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦਾ ਮਨ ਬਣਾਇਆ ਹੈ।

ਪਿਛਲੇ ਸਾਲ ਉਸ ਦੀ ਫ਼ਿਲਮ ‘ ਠੱਗ ਲਾਈਫ’ ਰਿਲੀਜ਼ ਹੋਈ ਸੀ, ਜਿਸ ਵਿੱਚ ਉਸ ਨੇ ਹਰੀਸ਼ ਵਰਮਾ, ਜੱਸ ਬਾਜਵਾ ਤੇ ਰਾਜੀਵ ਠਾਕੁਰ ਨਾਲ ਇਕ ਸਟਗਲਰ ਐਕਟਰਸ ਦੀ ਭੂਮਿਕਾ ਨਿਭਾਈ ਸੀ। ਇਸੇ ਸਾਲ ਹੀ ਉਹ ਬਾਲੀਵੁੱਡ ਦੀ ਚਰਚਿਤ ਫ਼ਿਲਮ ‘ਹੇਟ ਸਟੋਰੀ 4’ ਵਿੱਚ ਵੀ ਦਿਖਾਈ ਦਿੱਤੀ। ਉਸਦੀ ਇਕ ਫ਼ਿਲਮ ‘ਗੁੰਡੇ’ ਵੀ ਰਿਲੀਜ਼ ਲਈ ਤਿਆਰ ਹੈ। ਇਸ ਸਾਲ ਉਹ ‘ਬਲੈਕੀਆ’ ਰਾਹੀਂ ਆਪਣੀ ਅਦਾਕਾਰੀ ਦਾ ਜਾਦੂ ਬਿਖੇਰੇਗੀ। ਇਹਾਨਾ ਮੁਤਾਬਕ ਇਹ ਫ਼ਿਲਮ ਉਸਦੇ ਕਰੀਅਰ ਨੂੰ ਹੁਲਾਰਾ ਦੇਵੇਗੀ। ਭਵਿੱਖ ‘ਚ ਉਹ ਅਜਿਹੀਆਂ ਚੁਣੌਤੀਭਰਪੂਰ ਫ਼ਿਲਮਾਂ ‘ਚ ਹੀ ਕੰਮ ਕਰਨ ਦੀ ਇੱਛਾ ਰੱਖਦੀ ਹੈ। ਉਹ ਰੁਮਾਂਟਿਕ ਫ਼ਿਲਮਾਂ ‘ਚ ਕੰਮ ਕਰਨ ਦੀ ਜ਼ਿਆਦਾ ਇੁਛੱਕ ਹੈ। ਉਹ ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ। ਮਾਧੁਰੀ ਦੀਕਸ਼ਤ ਨੂੰ ਆਪਣਾ ਅਦਾਰਸ਼ ਮੰਨਦੀ ਇਹਾਨਾ ਹੌਲੀ ਹੌਲੀ ਆਪਣੀਆਂ ਪਸੰਦੀਦਾ ਫ਼ਿਲਮਾਂ ਵੱਲ ਵੱਧ ਰਹੀ ਹੈ। ਉਸ ਨੂੰ ਲਗਾਤਾਰ ਪੰਜਾਬੀ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ। ਉਹ ਪੰਜਾਬੀ ਫ਼ਿਲਮਾਂ ‘ਚ ਮਹਿਜ ਕਠਪੁਤਲੀ ਵਜੋਂ ਕੰਮ ਨਹੀਂ ਕਰਨਾ ਚਾਹੁੰਦੀ ਬਲਕਿ ਹੀਰੋਇਨ ਬੇਸਡ ਫ਼ਿਲਮਾਂ ਉਸ ਦੀ ਪਹਿਲੀ ਪਸੰਦ ਹੋਣਗੀਆਂ।
ਮਨਦੀਪ ਕੌਰ

 

Comments & Feedback