ਇਹ ਪੰਜਾਬੀ ਫ਼ਿਲਮ ‘ਨਾਢੂ ਖਾ’ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਪਰ ਇਸ ਫ਼ਿਲਮ ਦੀ ਚਰਚਾ ਇਸ ਦੀ ਫ਼ਸਟ ਲੁੱਕ ਸਾਹਮਣੇ ਆਉਂਦਿਆਂ ਹੀ ਸ਼ੁਰੂ ਹੋ ਗਈ ਸੀ। ਅਦਾਕਾਰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਪੰਜਾਬੀ ਦੀਆਂ ਬਿਹਤਰੀਨ ਤੇ ਯਾਦ ਰੱਖਣ ਯੋਗ ਫ਼ਿਲਮਾਂ ‘ਚ ਸ਼ੁਮਾਰ ਹੋਣ ਜਾ ਰਹੀ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਇੱਕਠਿਆਂ ਦੀ ਇਹ ਪਹਿਲੀ ਫ਼ਿਲਮ ਹੈ। ਇਹੀ ਨਹੀਂ ਦੋਵੇਂ ਜਣੇ ਪਹਿਲੀ ਵਾਰ ਕਿਸੇ ਪੀਰੀਅਡ ਡਰਾਮਾ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਸ ਫ਼ਿਲਮ ਨੂੰ ਲੈ ਕੇ ਆਮ ਲੋਕਾਂ ਦੇ ਨਾਲ ਨਾਲ ਫ਼ਿਲਮ ਜਗਤ ਦੀਆਂ ਨਜ਼ਰਾਂ ਵੀ ਇਸ ‘ਤੇ ਟਿਕੀਆਂ ਹੋਈਆਂ ਹਨ।
ਗੁਆਂਢੀ ਸੂਬੇ ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ਦੇ ਨਾਲ ਨਾਲ ਵਿਸ਼ਾਲ ਸੈੱਟ ਲਗਾਕੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ਼ ਹਨ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਇਸ ਫ਼ਿਲਮ ਨੂੰ ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਦੀ ਇਸ ਫ਼ਿਲਮ ਵਿੱਚ ਹਰੀਸ਼ ਤੇ ਵਾਮਿਕਾ ਦੇ ਨਾਲ ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਬਨਿੰਦਰ ਬਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁੱਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਅਤੇ ਮਲਕੀਤ ਰੌਣੀ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਇਕ ਪੀਰੀਅਡ ਡਰਾਮਾ ਫ਼ਿਲਮ ਹੈ।
ਫ਼ਿਲਮ ‘ਚ ਜਿਥੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੈ, ਉਥੇ ਹੀ ਫ਼ਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਇਸ ਫ਼ਿਲਮ ‘ਚ ਦਰਸ਼ਕ ਪੁਰਾਣੇ ਸਮੇਂ ‘ਚ ਹੁੰਦੀਆਂ ਭਲਵਾਨਾਂ ਦੀਆਂ ਛਿੰਜਾਂ ਵੀ ਦੇਖ ਸਕਣਗੇ। ਪੰਜਾਬੀ ਸਿਨੇਮੇ ਦਾ ਪੱਧਰ ਹੋਰ ਉੱਚਾ ਚੁੱਕਣ ਜਾ ਰਹੀ ਇਸ ਫ਼ਿਲਮ ਦੀ ਅਡਵਾਂਸ ਬੁੱਕਿੰਗ ਵੀ ਛੇਤੀ ਸ਼ੁਰੂ ਹੋਣ ਜਾ ਰਹੀ ਹੈ।