fbpx

ਸਿਆਸਤ ਅਤੇ ਸਿਤਾਰੇ

Posted on May 18th, 2019 in Fivewood Special

ਭਾਰਤੀ ਫ਼ਿਲਮ ਜਗਤ ਦਾ ਨਾਮਵਰ ਸਿਤਾਰਾ ਸਨੀ ਦਿਓਲ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ। ਗੁਰਦਾਸਪੁਰ ਤੋਂ ਪਹਿਲਾਂ ਵੀ ਨਾਮਵਰ ਫ਼ਿਲਮੀ ਸਿਤਾਰਾ ਵਿਨੋਦ ਖੰਨਾ ਚੋਣ ਲੜਦਾ ਰਿਹਾ ਹੈ। ਭਾਜਪਾ ਨੇ ਖੰਨਾ ਨੂੰ 1997 ਵਿਚ ਸਿਆਸਤ ’ਚ ਉਤਾਰਿਆ ਸੀ। ਗੁਰਦਾਸਪੁਰ ਤੋਂ ਤਿੰਨ ਵਾਰ ਚੋਣ ਲੜ ਚੁੱਕੇ ਵਿਨੋਦ ਖੰਨਾ ਕੇਂਦਰ ਵਿਚ ਮੰਤਰੀ ਵੀ ਰਹੇ ਹਨ। ਭਾਜਪਾ ਵੱਲੋਂ ਸਨੀ ਦਿਓਲ ਦੇ ਪਿਤਾ ਧਰਮਿੰਦਰ ਨੂੰ ਵੀ 2004 ਵਿਚ ਬੀਕਾਨੇਰ ਤੋਂ ਚੋਣ ਲੜਾਈ ਗਈ ਸੀ ਜਿੱਥੋਂ ਉਹ ਲੋਕ ਸਭਾ ਮੈਂਬਰ ਬਣੇ ਸਨ। ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ 2003 ਤੋਂ 2009 ਤਕ ਅਤੇ 2011 ਤੋਂ 12 ਤਕ ਰਾਜ ਸਭਾ ਮੈਂਬਰ ਰਹੀ।
ਸਿਆਸਤ ਅਤੇ ਫ਼ਿਲਮਾਂ ਦਾ ਰਿਸ਼ਤਾ ਪੁਰਾਣਾ ਹੈ। ਜਿੱਥੇ ਦਰਜਨਾਂ ਫ਼ਿਲਮਾਂ ਭਾਰਤੀ ਰਾਜਨੀਤੀ ਅਤੇ ਸਿਆਸੀ ਆਗੂਆਂ ’ਤੇ ਬਣ ਚੁੱਕੀਆਂ ਹਨ ਉੱਥੇ ਹੀ ਦਰਜਨਾਂ ਫ਼ਿਲਮੀ ਸਿਤਾਰੇ ਸਿਆਸਤ ਵਿਚ ਕਿਸਮਤ ਅਜ਼ਮਾ ਚੁੱਕੇ ਹਨ। ਉਹ ਵੱਖਰੀ ਗੱਲ ਹੈ ਕਿ ਇਹ ‘ਖੇਡ’ ਸਭ ਨੂੰ ਰਾਸ ਨਹੀਂ ਆਈ। ਉਂਜ ਕਲਾਕਾਰਾਂ ਦੀ ਸਿਆਸਤ ਵਿਚ ਦਿਲਚਸਪੀ ਕੋਈ ਨਵੀਂ ਗੱਲ ਨਹੀਂ ਹੈ। ਆਜ਼ਾਦੀ ਤੋਂ ਬਾਅਦ ਕਲਾਕਾਰ ਲਗਾਤਾਰ ਕੇਂਦਰੀ ਸਿਆਸਤ ਤੋਂ ਲੈ ਕੇ ਪਿੰਡ ਪੱਧਰ ਦੀ ਰਾਜਨੀਤੀ ’ਚ ਹਿੱਸਾ ਲੈਂਦੇ ਆ ਰਹੇ ਹਨ। ਕਲਾਕਾਰਾਂ ਦੀਆਂ ਸਰਪੰਚ ਤੋਂ ਲੈ ਕੇ ਵਿਧਾਨ ਸਭਾ ਅਤੇ ਵਜ਼ੀਰ ਤੋਂ ਲੈ ਕੇ ਮੁੱਖ ਮੰਤਰੀ ਬਣਨ ਤਕ ਦੀਆਂ ਕਈ ਮਿਸਾਲਾਂ ਵੀ ਹਨ। ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਜਿੱਥੇ ਦਲੀਪ ਕੁਮਾਰ ਕਾਂਗਰਸ ਦੀਆਂ ਸਿਆਸੀ ਸਟੇਜਾਂ ’ਤੇ ਅਕਸਰ ਨਜ਼ਰ ਆਉਂਦੇ ਰਹੇ ਉੱਥੇ ਇੰਦਰਾ ਗਾਂਧੀ ਵੇਲੇ ਸੁਨੀਲ ਦੱਤ ਅਤੇ ਮਨੋਜ ਕੁਮਾਰ ਵਰਗੇ ਉਸ ਦੌਰ ਦੇ ਮਕਬੂਲ ਅਦਾਕਾਰ ਵੀ ਕਾਂਗਰਸ ਦੀਆਂ ਸਟੇਜਾਂ ਦੀ ‘ਸ਼ੋਭਾ’ ਬਣੇ। ਸੁਨੀਲ ਦੱਤ ਦੇ ਪੱਕੇ ਤੌਰ ’ਤੇ ਸਿਆਸਤ ’ਚ ਸ਼ਾਮਲ ਹੋਣ ਤੋਂ ਬਾਅਦ ਅਦਾਕਾਰਾਂ ਦਾ ਸਿਆਸਤ ’ਚ ਰੁਝਾਨ ਤੇਜ਼ੀ ਨਾਲ ਵਧਿਆ। 1984 ’ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਦੇ ਕਹਿਣ ’ਤੇ ਅਮਿਤਾਭ ਬੱਚਨ ਨੇ ਵੀ ਸਿਆਸਤ ਦਾ ਪੱਲਾ ਫੜਿਆ ਅਤੇ ਇਲਾਹਾਬਾਦ ਤੋਂ ਲੋਕ ਸਭਾ ਦੀ ਚੋਣ ਜਿੱਤੀ। ਦੱਖਣੀ ਫ਼ਿਲਮਾਂ ਦੇ ਸਟਾਰ ਐੱਨ. ਟੀ. ਰਾਮਾ ਰਾਓ ਨੇ ਆਂਧਰਾ ਪ੍ਰਦੇਸ ਤੋਂ ਚੋਣ ਲੜੀ ਤੇ ਸਿੱਧੇ ਮੁੱਖ ਮੰਤਰੀ ਬਣੇ। ਐੱਮ. ਜੀ. ਰਾਮਾਚੰਦਰਨ ਨੇ ਵੀ ਤਾਮਿਲ ਨਾਡੂ ਤੋਂ ਚੋਣ ਲੜੀ ਅਤੇ ਮੁੱਖ ਮੰਤਰੀ ਬਣਕੇ ਸਿਤਾਰਿਆਂ ਨੂੰ ਸਿਆਸਤ ’ਚ ਆਉਣ ਲਈ ਉਤਸ਼ਾਹਤ ਕੀਤਾ। ਜਦੋਂ ਜੈ ਲਲਿਤਾ ਮੁੱਖ ਮੰਤਰੀ ਬਣੀ ਤਾਂ ਸਿਆਸਤ ’ਚ ਸ਼ਾਮਲ ਹੋਣ ਦੀ ਇਹ ਲਹਿਰ ਸੁਮੱਚੇ ਦੇਸ਼ ਵਿਚ ਫੈਲ ਗਈ। ਰਾਮਰਾਵ, ਰਾਮਾਚੰਦਨ ਤੇ ਰਵੀ ਕ੍ਰਿਸ਼ਨ ਤੋਂ ਲੈ ਕੇ ਬੌਲੀਵੁੱਡ ਦੇ ਸ਼ਤਰੂਘਨ ਸਿਨਹਾ, ਜ਼ੀਨਤ ਅਮਾਨ, ਧਰਮਿੰਦਰ, ਰਾਜ ਬੱਬਰ, ਵਿਨੋਦ ਖੰਨਾ, ਪੂਨਮ ਢਿੱਲੋਂ, ਗੋਵਿੰਦਾ, ਸ਼ਕਤੀ ਕਪੂਰ, ਦਾਰਾ ਸਿੰਘ, ਓਮ ਪੁਰੀ, ਹੇਮਾ ਮਾਲਿਨੀ, ਜੈ ਪ੍ਰਯਦਾ, ਭੱਪੀ ਲਹਿਰੀ, ਸ਼ਬਾਨਾ ਆਜ਼ਮੀ, ਨਗਮਾ, ਅਮੀਸ਼ਾ ਪਟੇਲ, ਉਰਮਿਲਾ ਮਾਤੋਂਡਕਰ ਅਤੇ ਮਹਿਮਾ ਚੌਧਰੀ ਵਰਗੇ ਕਲਾਕਾਰਾਂ ਸਮੇਤ ਛੋਟੇ ਅਤੇ ਵੱਡੇ ਪਰਦੇ ਦੇ ਸਿਤਾਰਿਆਂ ਦੀ ਲੰਮੀ ਸੂਚੀ ਹੈ ਜੋ ਇਕ ਤੋਂ ਬਾਅਦ ਇਕ ਰਾਜਨੀਤੀ ਵਿਚ ਸ਼ਾਮਲ ਹੁੰਦੇ ਗਏ। ਚੰਡੀਗੜ੍ਹ ਤੋਂ ਬੌਲੀਵੁੱਡ ਅਦਾਕਾਰਾ ਕਿਰਨ ਖੇਰ ਵੀ ਇਸ ਵੇਲੇ ਚੋਣ ਮੈਦਾਨ ’ਚ ਹੈ। ਉਨ੍ਹਾਂ ਸਾਲ 2014 ਵਿਚ ਸਰਗਰਮ ਸਿਆਸਤ ’ਚ ਕੁੱਦਦਿਆਂ ਚੰਡੀਗੜ੍ਹ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜਦਿਆਂ ਜਿੱਤ ਹਾਸਲ ਕੀਤੀ ਸੀ।
ਪੰਜਾਬ ਦੀ ਸਿਆਸਤ ਵੀ ਇਸ ਰੁਝਾਨ ਤੋਂ ਅਭਿੱਜ ਨਹੀਂ ਰਹੀ। ਪੰਜਾਬ ਵਿਚ ਵੀ ਬਹੁਤ ਸਾਰੇ ਕਲਾਕਾਰ ‘ਨੇਤਾ’ ਬਣੇ ਹਨ। ਇਸ ਮਾਮਲੇ ’ਚ ਸਭ ਤੋਂ ਪਹਿਲਾਂ ਧੰਨਾ ਸਿੰਘ ਗੁਲਸ਼ਨ ਦਾ ਜ਼ਿਕਰ ਆਉਂਦਾ ਹੈ। ਆਪਣੇ ਸਮੇਂ ਦੇ ਮਸ਼ਹੂਰ ਢਾਡੀ ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ’ਚ ਸ਼ਾਮਲ ਹੋ ਕੇ ਲੋਕ ਸਭਾ ਮੈਂਬਰ ਬਣੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਬੇਟੀ ਪਰਮਜੀਤ ਕੌਰ ਗੁਲਸ਼ਨ ਵੀ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਬਲਵੰਤ ਸਿੰਘ ਰਾਮੂਵਾਲੀਆ ਵੀ ਪਹਿਲਾਂ ਢਾਡੀ ਹੀ ਸਨ। ਮਰਹੂਮ ਕੁਲਦੀਪ ਮਾਣਕ ਵੀ ਆਪਣੇ ਕਰੀਅਰ ਦੇ ਸਿਖਰ ਦੌਰਾਨ ਰਾਜਨੀਤੀ ਵਿਚ ਆਏ। ਰਾਜ ਗਾਇਕ ਹੰਸ ਰਾਜ ਹੰਸ ਨੇ ਵੀ ਜਲੰਧਰ ਹਲਕੇ ਤੋਂ 2009 ਦੀ ਲੋਕ ਸਭਾ ਚੋਣ ਲੜੀ ਸੀ, ਪਰ ਜਿੱਤ ਨਸੀਬ ਨਾ ਹੋਈ। ਹੁਣ ਉਹ ਦਿੱਲੀ ਦੇ ਨੌਰਥ ਵੈਸਟ ਇਲਾਕੇ ਤੋਂ ਚੋਣ ਲੜ ਰਹੇ ਹਨ। ਹੰਸ ਰਾਜ ਹੰਸ ਨੇ ਆਪਣੇ ਕੁੜਮ ਅਤੇ ਨਾਮਵਰ ਗਾਇਕ ਦਲੇਰ ਮਹਿੰਦੀ ਨੂੰ ਵੀ ਸਿਆਸਤ ’ਚ ਲਿਆਉਂਦਿਆਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਵਾਇਆ ਹੈ। ਮਸ਼ਹੂਰ ਕਾਮੇਡੀਅਨ ਭਗਵੰਤ ਮਾਨ ਨੇ ਵੀ ਪੀਪਲਜ਼ ਪਾਰਟੀ ਆਫ ਪੰਜਾਬ ’ਚ ਸ਼ਾਮਲ ਹੋ ਕੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਚੋਣ ਲੜੀ ਸੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਬਣੇ। ਇਸ ਵਾਰ ਵੀ ਉਹ ਸੰਗਰੂਰ ਤੋਂ ਹੀ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਪੰਜਾਬੀ ਗਾਇਕ ਬਲਕਾਰ ਸਿੱਧੂ ਤੇ ਜੱਸੀ ਜਸਰਾਜ ਵੀ ਚੋਣ ਲੜ ਚੁੱਕੇ ਹਨ, ਪਰ ਜਿੱਤ ਨੇ ਉਨ੍ਹਾਂ ਦੇ ਕਦਮ ਨਹੀਂ ਚੁੰਮੇ। ਬਲਵੰਤ ਰਾਮੂਵਾਲੀਆ ਨੇ ਗਾਇਕ ਹਰਭਜਨ ਮਾਨ ਨੂੰ ਵੀ ਪੈਰਾਸ਼ੂਟ ਰਾਹੀਂ ਰਾਜਨੀਤੀ ’ਚ ਉਤਾਰਿਆ ਸੀ, ਪਰ ਉਹ ਬੜੀ ਛੇਤੀ ਇਸ ਤੋਂ ਕਿਨਾਰਾ ਕਰ ਗਏ। ਗਾਇਕ ਮੁਹੰਮਦ ਸਦੀਕ ਵੀ ਆਪਣੀ ਗਾਇਕੀ ਦੇ ਆਖਰੀ ਪੜਾਅ ’ਤੇ ਰਾਜਨੀਤੀ ’ਚ ਆਏ ਅਤੇ ਹਲਕਾ ਭਦੌੜ ਤੋਂ ਵਿਧਾਇਕ ਬਣੇ। ਹੁਣ ਉਹ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਚੋਣ ਲੜ ਰਹੇ ਹਨ। ਗਾਇਕ ਸੁਰਜੀਤ ਭੁੱਲਰ ਅਤੇ ਸਤਵਿੰਦਰ ਬੁੱਗਾ ਵੀ ਪਿੰਡ ਪੱਧਰ ਦੀ ਸਿਆਸਤ ’ਚ ਸਰਗਰਮ ਹਨ। ਦੋਵੇਂ ਆਪੋ ਆਪਣੇ ਪਿੰਡਾਂ ਦੇ ਸਰਪੰਚ ਰਹੇ ਹਨ। ਗਾਇਕਾ ਮਿਸ ਪੂਜਾ ਵੀ ਪਿਛਲੀਆਂ ਚੋਣਾਂ ਦੇ ਸੀਜ਼ਨ ਦੌਰਾਨ ਭਾਜਪਾ ’ਚ ਸ਼ਾਮਲ ਹੋਈ ਸੀ। ਨਾਮਵਾਰ ਗਾਇਕ ਲਾਭ ਜੰਜੂਆਂ ਤੇ ਕੇ ਐੱਸ ਮੱਖਣ ਨੇ ਵੀ ‘ਨੇਤਾ’ ਵਾਲੀ ਟੌਪੀ ਪਾਈ, ਪਰ ਰਾਸ ਨਹੀਂ ਆਈ।

ਭੀੜ ਜਟਾਉਣ ਦਾ ਜ਼ਰੀਆ

ਦੇਸ਼ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਮਸ਼ਹੂਰ ਅਦਾਕਾਰਾਂ ਤੇ ਗਾਇਕਾਂ ਨੂੰ ਸਿਰਫ਼ ਭੀੜ ਇਕੱਠੀ ਕਰਨ ਦੀ ‘ਮਸ਼ੀਨ’ ਹੀ ਸਮਝਦੀਆਂ ਹਨ। ਇਸ ਤੋਂ ਵੱਧ ਉਨ੍ਹਾਂ ਦੀਆਂ ਨਜ਼ਰਾਂ ’ਚ ਕਲਾਕਾਰਾਂ ਦੀ ਕੋਈ ਬਹੁਤੀ ਮਹੱਤਤਾ ਨਹੀਂ ਹੈ। ਚੋਣਾਂ ਦੌਰਾਨ ਅਜਿਹੇ ਕਲਾਕਾਰਾਂ ਦੀ ਖ਼ੂਬ ਵਰਤੋਂ ਕੀਤੀ ਜਾਂਦੀ ਹੈ। ਕਲਾਕਾਰ ਵੀ ਆਪਣੀ ਮਕਬੂਲੀਅਤ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਸਮਰਥਕਾਂ ’ਚ ਬਦਲਣ ਲਈ ਫ਼ਿਲਮੀ ਨੁਕਤੇ ਹੀ ਵਰਤਦੇ ਹਨ। ਹੇਮਾ ਮਾਲਿਨੀ ਅਕਸਰ ਸਿਆਸੀ ਸਟੇਜਾਂ ਤੋਂ ਆਪਣੀ ਚਰਚਿਤ ਫ਼ਿਲਮ ‘ਸ਼ੋਅਲੇ’ ਦੇ ਡਾਇਲਾਗ ਦੁਹਰਾਉਂਦੀ ਹੈ, ‘ਅਬ ਆਪ ਕੀ ਬਸੰਤੀ ਕੀ ਇੱਜ਼ਤ ਕਾ ਸੁਆਲ ਹੈ, ਆਈਏ ਆਗੇ ਬੜੀਏ ਔਰ… ਕੋ ਵੋਟ ਡਾਲੀਏ।’ ਇਸ ਸਭ ਦੇ ਬਾਵਜੂਦ ਪਾਰਟੀ ’ਚ ਉਨ੍ਹਾਂ ਦੀ ਗਿਣਤੀ ਕਾਬਲ ਲੀਡਰਾਂ ’ਚ ਨਹੀਂ ਹੁੰਦੀ। ਸਨੀ ਦਿਓਲ ਦੇ ਗੁਰਦਾਸਪੁਰ ’ਚ ਪਹਿਲੇ ਗੇੜੇ ਦੌਰਾਨ ਵੀ ਕਾਫ਼ੀ ਭੀੜ ਦੇਖੀ ਗਈ।

ਸਿਆਸਤ ਦੇ ਮੁਹਾਜ਼ ’ਤੇ ਫੇਲ੍ਹ

ਸਪਨ ਮਨਚੰਦਾ

ਬਹੁਤ ਸਾਰੇ ਨਾਮਵਾਰ ਫ਼ਿਲਮੀ ਸਿਤਾਰੇ ਅਜਿਹੇ ਹਨ ਜੋ ਰਾਜਨੀਤੀ ਦੇ ਅੰਬਰ ’ਤੇ ਧੁੰਦਲੇ ਪੈ ਗਏ। ਕਈ ਨਾਮੀਂ ਅਦਾਕਾਰਾਂ ਨੂੰ ਸਿਆਸਤ ਰਾਸ ਹੀ ਨਹੀਂ ਆਈ। ਉਹ ਰਾਜਨੀਤੀ ’ਚ ਆ ਤਾਂ ਗਏ, ਪਰ ਹਮੇਸ਼ਾਂ ਆਪਣੇ ਫ਼ੈਸਲੇ ਨੂੰ ਕੋਸਦੇ ਰਹੇ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਦੇ ਹੱਥ ’ਚ ਕਾਂਗਰਸ ਦੀ ਡੋਰ ਆਈ ਤਾਂ ਉਨ੍ਹਾਂ ਆਪਣੇ ਮਿੱਤਰ ਅਮਿਤਾਭ ਬੱਚਨ ਨੂੰ ਰਾਜਨੀਤੀ ’ਚ ਉਤਾਰ ਦਿੱਤਾ। ਅਮਿਤਾਭ ਦਾ ਨਾਂ ਜਦੋਂ ਬੋਫਰਜ਼ ਕਾਂਡ ’ਚ ਆਇਆ ਤਾਂ ਉਨ੍ਹਾਂ ਨੂੰ ਰਾਜਨੀਤੀ ਤੋਂ ਤੁਰੰਤ ਕਿਨਾਰਾ ਕਰਨਾ ਪਿਆ। ਧਰਮਿੰਦਰ ਦੇ ਪੱਲੇ ਵੀ ਰਾਜਨੀਤੀ ’ਚ ਨਿਰਾਸ਼ਾ ਹੀ ਪਈ। ਬੀਕਾਨੇਰ ਤੋਂ ਚੋਣ ਲੜਨ ਵਾਲੇ ਧਰਮਿੰਦਰ ਚੋਣ ਜਿੱਤ ਤਾਂ ਗਏ, ਪਰ ਰਾਜਨੀਤੀ ਦੇ ਚਿੱਕੜ ’ਚ ਪੈਰ ਜਮ੍ਹਾ ਕੇ ਨਹੀਂ ਰੱਖ ਸਕੇ। ਗੋਵਿੰਦਾ, ਦੀਪਿਕਾ ਚਿਖਲੀਆ, ਨਿਤਿਸ਼ ਭਾਰਦਵਾਜ, ਨਗਮਾ, ਅਰਵਿੰਦ ਦ੍ਰਿਵੇਦੀ, ਲਤਾ ਮੰਗੇਸ਼ਕਰ, ਮਰਹੂਮ ਦਾਰਾ ਸਿੰਘ, ਮਰਹੂਮ ਕੁਲਦੀਪ ਮਾਣਕ, ਗੁਲ ਪਨਾਗ, ਹਰਭਜਨ ਮਾਨ, ਬਲਕਾਰ ਸਿੱਧੂ, ਹੰਸ ਰਾਜ ਹੰਸ ਸਮੇਤ ਕਰੀਬ ਦੋ ਦਰਜਨ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਸਿਆਸਤ ਰਾਸ ਨਹੀਂ ਆਈ।
ਸਿਆਸਤ ਵਿਚ ਅਦਾਕਾਰਾਂ ਅਤੇ ਕਲਾਕਾਰਾਂ ਦੀ ਸ਼ਮੂਲੀਅਤ ਕਈ ਸੁਆਲ ਵੀ ਖੜ੍ਹੇ ਕਰਦੀ ਹੈ। ਅਦਾਕਾਰਾਂ ਦੀ ਸਿਆਸਤ ’ਚ ਆਉਣ ਦਾ ਆਖਰ ਅਸਲ ਮਕਸਦ ਕੀ ਹੈ ? ਕੀ ਉਹ ਦੇਸ਼ ਸੇਵਾ ਲਈ ਇਸ ਪਾਸੇ ਰੁਖ਼ ਕਰਦੇ ਹਨ ਜਾਂ ਫਿਰ ਇਸ ਦਿਲਚਸਪੀ ਪਿੱਛੇ ਦੁੱਗਣੀ ਸ਼ੋਹਰਤ, ਪੈਸਾ, ਸੱਤਾ ਦਾ ਨਸ਼ਾ ਅਤੇ ਇਸ ਵਰਗੇ ਕਈ ਹੋਰ ਕਾਰਨ ਹਨ ? ਸਿਆਸੀ ਪਾਰਟੀਆਂ ਵੀ ਇਨ੍ਹਾਂ ਸ਼ਖ਼ਸੀਅਤਾਂ ਨੂੰ ਖਿੜੇ ਮੱਥੇ ਆਪਣੇ ’ਚ ਸ਼ਾਮਲ ਕਰਕੇ ਚੋਣ ਮੈਦਾਨ ’ਚ ਉਤਾਰਦੀਆਂ ਹਨ। ਇਸ ਨਾਲ ਜਿੱਥੇ ਸਿਆਸੀ ਪਾਰਟੀਆਂ ਨੂੰ ਸਟਾਰ ਪ੍ਰਚਾਰਕ ਮਿਲ ਜਾਂਦੇ ਹਨ, ਉੱਥੇ ਇਹ ਵੀ ਆਸ ਬੱਝ ਜਾਂਦੀ ਹੈ ਕਿ ਖ਼ਬਰੇ ਇਨ੍ਹਾਂ ਸ਼ਖ਼ਸੀਅਤਾਂ ਦੀ ਹਰਮਨ ਪਿਆਰਤਾ ਤੇ ਪ੍ਰਸ਼ੰਸਕਾਂ ਦਾ ਜਨੂੰਨ ਵੋਟ ਬੈਂਕ ’ਚ ਤਬਦੀਲ ਹੋ ਜਾਵੇ। ਅਦਾਕਾਰ ਵੀ ਆਪਣੇ ਪ੍ਰਸ਼ੰਸਕਾਂ ਦਾ ਖ਼ੂਬ ਇਸਤੇਮਾਲ ਕਰਦੇ ਹਨ। ਜਿਹੜੇ ਅਦਾਕਾਰ ਸਿਆਸਤ ਦੀ ਖੇਡ ਖੇਡਣ ’ਚ ਕਾਮਯਾਬ ਹੋ ਜਾਂਦੇ ਹਨ ਭਾਵ ਕਿਸੇ ਸਿਆਸੀ ਅਹੁਦੇ ’ਤੇ ਪਹੁੰਚ ਜਾਂਦੇ ਹਨ, ਉਨ੍ਹਾਂ ਦੇ ਸੁਭਾਅ ਅਤੇ ਵਾਅਦਿਆਂ ਤੇ ਦਾਅਵਿਆਂ ’ਚ ਬੜੀ ਤੇਜ਼ੀ ਨਾਲ ਫ਼ਰਕ ਆਉਂਦਾ ਹੈ। ਕਿੰਨੇ ਕੁ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਸਿਆਸਤਦਾਨ ਹੁੰਦਿਆਂ ਲੋਕ ਮੁੱਦਿਆਂ ’ਤੇ ਗੱਲ ਕੀਤੀ ਹੈ। ਲੋਕ ਮੁੱਦੇ ਤਾਂ ਦੂਰ ਬਹੁਤੇ ਅਦਾਕਾਰ ਤਾਂ ਸੱਤਾ ’ਚ ਹੁੰਦਿਆਂ ਵੀ ਆਪਣੇ ਭਾਈਚਾਰੇ ਦੇ ਹੱਕ ’ਚ ਵੀ ਆਵਾਜ਼ ਉਠਾਉਣ ’ਚ ਕਾਮਯਾਬ ਨਹੀਂ ਹੋਏ। ਕੇਂਦਰੀ ਮੰਤਰੀ ਦੇ ਅਹੁਦੇ ’ਤੇ ਪਹੁੰਚੇ ਮਰਹੂਮ ਸੁਨੀਲ ਦੱਤ, ਵਿਨੋਦ ਖੰਨਾ ਅਤੇ ਸ਼ਤਰੂਘਨ ਸਿਨਹਾ ਕਦੇ ਵੀ ਕੋਈ ਮੁੱਦਾ ਨਹੀਂ ਉਠਾ ਸਕੇ। ਇੱਥੋਂ ਤਕ ਕਿ ਇਹ ਮਨੋਰੰਜਨ ਟੈਕਸ, ਪਾਇਰੇਸੀ ਅਤੇ ਫ਼ਿਲਮਾਂ ’ਚ ਵਰਤੇ ਜਾਣ ਵਾਲੇ ਉਪਕਰਨਾਂ ਦੇ ਟੈਕਸਾਂ ਦਾ ਮੁੱਦਾ ਵੀ ਨਹੀਂ ਉਭਾਰ ਸਕੇ, ਜਦੋਂ ਕਿ ਫ਼ਿਲਮ ਇੰਡਸਟਰੀ ਨੂੰ ਆਸਾਂ ਸਨ ਕਿ ਉਨ੍ਹਾਂ ਦੇ ਇਹ ਸਾਥੀ ਕਲਾਕਾਰ ਉਨ੍ਹਾਂ ਦੇ ਕਿੱਤੇ ਸਬੰਧੀ ਕੋਈ ਭਲਾ ਜ਼ਰੂਰ ਕਰਨਗੇ। ਐੱਮ.ਜੀ. ਰਾਮਚੰਦਨ, ਜੈ ਲਲਿਤਾ ਤੇ ਰਾਮਾਰਾਵ ਵਰਗੇ ਅਦਾਕਾਰ ਤਾਂ ਮੁੱਖ ਮੰਤਰੀ ਵੀ ਬਣੇ, ਪਰ ਉਹ ਇਸ ਅਹੁਦੇ ’ਤੇ ਹੁੰਦੇ ਹੋਏ ਵੀ ਆਪਣੀ ਇੰਡਸਟਰੀ ਦਾ ਕੁਝ ਨਹੀਂ ਸਵਾਰ ਸਕੇ। ਪੰਜਾਬ ਵਿਧਾਨ ਸਭਾ ’ਚ ਪੁੱਜੇ ਗਾਇਕ ਮੁਹੰਮਦ ਸਦੀਕ ਵੀ ਅਜੇ ਤਕ ਆਪਣੇ ਸਾਥੀ ਗਾਇਕਾਂ ਦੀ ਕੋਈ ਸਮੱਸਿਆ ਨਹੀਂ ਉਠਾ ਸਕੇ।
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਕਲਾਕਾਰਾਂ ਅਤੇ ਸਿਨਮਾ ਦੇ ਹਿੱਤ ’ਚ ਕੋਈ ਕਦਮ ਨਹੀਂ ਚੁੱਕਿਆ। ਭਾਜਪਾ ਤੋਂ ਕਾਂਗਰਸ ’ਚ ਸ਼ਾਮਲ ਹੁੰਦਿਆਂ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ’ਚ ਮੰਤਰੀ ਬਣੇ ਤਾਂ ਉਨ੍ਹਾਂ ਪੰਜਾਬੀ ਮਨੋਰੰਜਨ ਜਗਤ ਦੇ ਹਿੱਤ ’ਚ ਵੱਡੇ ਐਲਾਨ ਤਾਂ ਕੀਤੇ, ਪਰ ਉਹ ਸਿਰੇ ਨਹੀਂ ਚੜ੍ਹ ਸਕੇ। ਭਗਵੰਤ ਮਾਨ ਵੀ ਅਜੇ ਤਕ ਆਪਣੇ ਭਾਈਚਾਰੇ ਲਈ ਕੁਝ ਨਹੀਂ ਕਰ ਸਕਿਆ। ਦਰਅਸਲ, ਬਹੁਤੇ ਅਦਾਕਾਰ ਤਾਂ ਸਿਆਸਤ ’ਚ ਕਠਪੁਤਲੀ ਵਾਂਗ ਹੀ ਰਹੇ ਹਨ, ਪਾਰਟੀਆਂ ਉਨ੍ਹਾਂ ਦਾ ਇਸਤੇਮਾਲ ਸਿਰਫ਼ ਭੀੜ ਇਕੱਠੀ ਕਰਨ ਲਈ ਹੀ ਕਰਦੀਆਂ ਆ ਰਹੀਆਂ ਹਨ। ਬਹੁਤ ਸਾਰੇ ਅਦਾਕਾਰਾਂ ਨੇ ਤਾਂ ਸਿਆਸਤ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਹੈ, ਉਨ੍ਹਾਂ ਲਈ ਸਿਆਸਤ ਵੀ ਮਹਿਜ਼ ਫ਼ਿਲਮੀ ਹੀ ਹੈ। ਬਹੁਤ ਘੱਟ ਅਜਿਹੀਆਂ ਉਦਾਹਰਨਾਂ ਹਨ ਜਦੋਂ ਅਭਿਨੇਤਾ ਤੋਂ ਨੇਤਾ ਬਣੇ ਇਹ ਕਲਾਕਾਰ ਲੋਕ ਮੁੱਦਿਆਂ ’ਤੇ ਬੋਲੇ ਹੋਣ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਬੀੜਾ ਚੁੱਕਿਆ ਹੋਵੇ। ਪਾਰਟੀ ਵੱਲੋਂ ਤਿਆਰ ਕੀਤਾ ਗਿਆ ਭਾਸ਼ਨ ਸਟੇਜ ਤੋਂ ਬੋਲਣਾ ਬੜਾ ਸੌਖਾ ਕਾਰਜ ਹੈ, ਪਰ ਉਸ ਭਾਸ਼ਨ ਦੀ ਗਹਿਰਾਈ ’ਚ ਜਾ ਕੇ ਦੇਸ਼, ਲੋਕਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਕਰਕੇ ਉਨ੍ਹਾਂ ਦਾ ਹੱਲ ਲੱਭਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਅਦਾਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ‘ਭੀੜ’ ਨੂੰ ਨਹੀਂ ਬਲਕਿ ਉਨ੍ਹਾਂ ਦੀ ‘ਪੀੜ’ ਨੂੰ ਪਛਾਣਨ।

Comments & Feedback