ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਸਨੂੰ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਲਈ ਮਾਨਸਿਕਾ ਪੀੜਾ ਦਾ ਸਾਹਮਣਾ ਕਰਨਾ ਪਿਆ ਹੈ।ਹਾਲ ਹੀ ‘ਚ ਦਿੱਤੇ ਇਕ ਇੰਟਰਵਿਊ ਦੌਰਾਨ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਹੈ ਕਿ ”ਬਾਲੀਵੁੱਡ ‘ਚ ‘ਅਸ਼ਲੀਲ ਅਨੁਭਵ’ ਕਾਰਨ ਮੈਂ ਬਾਲੀਵੁੱਡ ਫਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ।” ਦਰਅਸਲ, ਇੰਟਰਵਿਊ ਦੌਰਾਨ ਜਦੋਂ ਨੀਰੂ ਬਾਜਵਾ ਤੋਂ ਪੁੱਛਿਆ ਗਿਆ ਕਿ ਤੁਸੀਂ ਬਾਲੀਵੁੱਡ ‘ਚ ਆਪਣੀ ਕਿਸਮਤ ਕਿਉਂ ਨਹੀਂ ਅਜ਼ਮਾਈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨੀਰੂ ਬਾਜਵਾ ਨੇ ਕਿਹਾ, ”ਮੈਂ ਬਿਨਾਂ ਕਿਸੇ ਦਾ ਨਾਂ ਲਏ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਿੰਦੀ ਫਿਲਮਾਂ ਨੂੰ ਲੈ ਕੇ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਬਹੁਤ ਹੀ ਅਸ਼ਲੀਲ ਅਨੁਭਵਾਂ ਤੋਂ ਲੰਘੀ ਹਾਂ। ਮੈਨੂੰ ਕਿਹਾ ਗਿਆ ਸੀ ਕਿ ਇਥੇ ਬਣੇ ਰਹਿਣ ਲਈ ਤੁਹਾਨੂੰ ਇਹ ਸਭ ਕੁਝ ਕਰਨਾ ਹੋਵੇਗਾ। ਇਸ ਨਾਲ ਮੈਂ ਕਾਫੀ ਹਿੱਲ ਗਈ ਸੀ ਤੇ ਬਹੁਤ ਅਸਹਿਜ ਮਹਿਸੂਸ ਕਰਨ ਲੱਗੀ।”

‘ਮੇਲ ਕਰਾਦੇ ਰੱਬਾ’ ਤੇ ‘ਜਿਹਨੇ ਮੇਰਾ ਦਿਲ ਲੁੱਟਿਆ’ ਵਰਗੀਆਂ ਫਿਲਮਾਂ ‘ਚ ਅਭਿਨੈ ਨਾਲ ਕਈ ਐਵਾਰਡਜ਼ ਆਪਣੇ ਨਾਂ ਕਰਨ ਵਾਲੀ ਅਦਾਕਾਰਾ ਨੇ ਅੱਗੇ ਕਿਹਾ, ”ਮੈਂ ਇਹ ਨਹੀਂ ਆਖ ਰਹੀ ਹਾਂ ਕਿ ਇੰਡਸਟਰੀ ਅਜਿਹੇ ਹੀ ਕੰਮ ਕਰਦੀ ਹੈ ਪਰ ਮੈਂ ਉਨ•ਾਂ ਅਭਿਨੇਤਰੀਆਂ ‘ਚੋਂ ਹਾਂ, ਜਿਨ•ਾਂ ਨੂੰ ਅਜਿਹੇ ਕੌੜੇ ਅਨੁਭਵਾਂ ਤੋਂ ਗੁਜ਼ਰਨਾ ਪਿਆ। ਇਸ ਤੋਂ ਬਾਅਦ ਮੈਂ ਬਾਲੀਵੁੱਡ ‘ਚ ਆਪਣੀ ਕਿਸਮਤ ਨਹੀਂ ਅਜ਼ਮਾਈ ਤੇ ਨਾ ਹੀ ਕਦੇ ਅਜ਼ਮਾਵਾਂਗੀ। ਮੈਂ ਆਪਣੇ ਪੰਜਾਬੀ ਸਿਨੇਮਾ ‘ਚ ਬਹੁਤ ਖੁਸ਼ ਹਾਂ।” ਦੱਸਣਯੋਗ ਹੈ ਕਿ ਬੀਤੇ ਦਿਨੀਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੇ 4 ਸਾਲ ਬਾਅਦ ਪੰਜਾਬੀ ਫਿਲਮ ‘ਛੜਾ’ ਨਾਲ ਪਰਦੇ ‘ਤੇ ਧਮਾਕੇਦਾਰ ਐਂਟਰੀ ਮਾਰੀ ਹੈ।

ਦੱਸ ਦਈਏ ਕਿ ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਿਤ ਹੈ। ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ। ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਹੀ ਇਕ ਗਰੋਸਰੀ ਸਟੋਰ ‘ਤੇ ਅਕਾਊਂਟੈਂਟ ਦਾ ਕੰਮ ਕਰਦੀ ਸੀ। ਕੈਨੇਡਾ ਤੋਂ ਉਹ ਮੁੰਬਈ ਬਾਲੀਵੁੱਡ ਵਿੱਚ ਕਿਸਮਤ ਅਜਮਾਉਣ ਆਈ ਸੀ। ਉਸਦੀ ਪਹਿਲੀ ਫ਼ਿਲਮ ਹੀ ਹਿੰਦੀ ਸੀ, ਪਰ ਉਸ ਨੂੰ ਇਹ ਇੰਡਸਟਰੀ ਰਾਸ ਨਹੀਂ ਆਈ ਜਿਸ ਤੋਂ ਬਾਅਦ ਉਸਨੇ ਪੰਜਾਬੀ ਸਿਨੇਮੇ ਵੱਲ ਰੁਖ ਕੀਤਾ। ਸਭ ਤੋਂ ਪਹਿਲਾਂ ਉਹ ਗਾਇਕ ਕਮਲ ਹੀਰ ਦੇ ਇਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ। ਉਸ ਨੂੰ ਪਹਿਲੀ ਬ੍ਰੇਕ ਹਰਭਜਨ ਮਾਨ ਦੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ’ ਦਾ ਜ਼ਰੀਏ ਮਿਲੀ ਸੀ।


