fbpx

‘ਅੜਬ ਮੁਟਿਆਰਾਂ’ ਵਿੱਚ ਸੋਨਮ ਬਾਜਵਾ ਨਾਲ ਨਜ਼ਰ ਆਵੇਗਾ ਨਵਾਂ ਹੀਰੋ ਅਜੇ ਸਰਕਾਰੀਆ

Posted on October 14th, 2019 in Article

ਪੰਜਾਬੀ ਫਿਲਮਾਂ ਦੀ ਗਿਣਤੀ ਵਧਣ ਨਾਲ ਜਿਥੇ ਪੰਜਾਬੀ ਦੇ ਨਾਮੀਂ ਅਦਾਕਾਰ ਬੇਹੱਦ ਸਰਗਰਮ ਹੋ ਗਏ ਹਨ ਉਥੇ ਹੀ ਬਹੁਤ ਸਾਰੇ ਨਵੇਂ ਹੋਣਹਾਰ ਤੇ ਕਾਬਲ ਅਦਾਕਾਰਾਂ ਦਾ ਸੰਘਰਸ਼ ਵੀ ਰੰਗ ਲਿਆਉਣ ਲੱਗਾ ਹੈ। ਇਨ•ਾਂ ਨਵੀਆਂ ਪ੍ਰਤਿਭਾਵਾਂ ‘ਚੋਂ ਉਭਰਕੇ ਸਾਹਮਣੇ ਆਇਆ ਅਦਾਕਾਰ ਅਜੇ ਸਰਕਾਰੀਆ ਅੱਜ ਕੱਲ• ਹਰ ਪਾਸੇ ਚਰਚਾ ਵਿੱਚ ਹੈ। ਰਾਜਨੀਤਿਕ ਪਰਿਵਾਰ ਨਾਲ ਸਬੰਧਿਤ ਇਹ ਨੌਜਵਾਨ ਛੇਤੀ ਹੀ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਜਾ ਰਿਹਾ ਹੈ। ਬਤੌਰ ਹੀਰੋ ਉਸਦੀ ਪਹਿਲੀ ਫਿਲਮ ‘ਅੜਬ ਮੁਟਿਆਰਾਂ’ ਰਿਲੀਜ਼ ਲਈ ਤਿਆਰ ਹੋ ਚੁੱਕੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ ਲਾਅ ਅਤੇ ਨਿਊਯਾਰਕ ਦੇ ਇਕ ਨਾਮਵਰ ਐਕਟਿੰਗ ਸਕੂਲ ਤੋਂ ਅਦਾਕਾਰੀ ਦਾ ਡਿਪਲੋਮਾ ਕਰ ਚੁੱਕਿਆ ਅਜੇ ਸਰਕਾਰੀਆ ਆਪਣੀ ਇਸ ਫਿਲਮ ਨਾਲ ਆਪਣਾ ਸੁਪਨਾ ਸਾਕਾਰ ਕਰਨ ਜਾ ਰਿਹਾ ਹੈ। ਅਜੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਈ ਸਾਲ ਇਸ ਗੱਲ ਵਿੱਚ ਉਲਝਿਆ ਰਿਹਾ ਕਿ ਉਹ ਬਤੌਰ ਅਦਾਕਾਰ ਆਪਣਾ ਕੈਰੀਅਰ ਸ਼ੁਰੂ ਕਰੇ ਜਾਂ ਫਿਰ ਫ਼ਿਲਮ ਨਿਰਮਾਤਾ ਵਜੋਂ। ਦਰਅਸਲ ਉਹ ਬਚਪਨ ਵਿੱਚ ਕਾਫੀ ਮੋਟਾ ਸੀ, ਜਿਸ ਕਾਰਨ ਉਸ ਦਾ ਕਦੇ ਹੌਸਲਾ ਨਹੀਂ ਪਿਆ ਸੀ ਕਿ ਉਹ ਖੁਦ ਨੂੰ ਬਤੌਰ ਅਦਾਕਾਰ ਲੋਕਾਂ ਸਾਹਮਣੇ ਪੇਸ਼ ਕਰ ਸਕੇ। ਸ਼ੁਰੂਆਤ ਵਿੱਚ ਉਸਨੇ ਆਪਣੇ ਇਕ ਡਾਇਰੈਕਟਰ ਦੋਸਤ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ਪਰ ਸਭ ਨੇ ਉਸਨੂੰ ਅਦਾਕਾਰ ਵਜੋਂ ਹੀ ਸਰਗਰਮ ਹੋਣ ਦੀ ਸਲਾਹ ਦਿੱਤੀ। ਅਜੇ ਨੇ ਸਭ ਤੋਂ ਪਹਿਲਾਂ ਖੁਦ ਨੂੰ ਸਰੀਰਿਕ ਤੌਰ ‘ਤੇ ਫਿੱਟ ਕੀਤਾ ਅਤੇ ਫਿਰ ਅਦਾਕਾਰੀ ਦੇ ਖੇਤਰ ‘ਚ ਕੁੱਦਣ ਤੋਂ ਪਹਿਲਾਂ ਇਸ ਬਾਰੇ ਬਕਾਇਦਾ ਟਰੇਨਿੰਗ ਲੈਣ ਬਾਰੇ ਸੋਚਿਆ। ਉਸਨੇ ਨਿਊਯਾਰਕ ਦੀ ਸਭ ਤੋਂ ਵੱਡੀ ਫ਼ਿਲਮ ਐਕਡਮੀ ਨਿਊਯਾਰਕ ਐਕਟਿੰਗ ਸਕੂਲ ਤੋਂ ਬਕਾਇਦਾ ਐਕਟਿੰਗ ਦਾ ਡਿਪਲੋਮਾ ਕੀਤਾ, ਜਿਸ ਮਗਰੋਂ ਉਹ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਿਆ। ਮੁੰਬਈ ਵਿੱਚ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਲਈ ਅਡੀਸ਼ਨ ਦਿੱਤੇ। ਉਸਨੂੰ ਹੌਲੀ ਹੌਲੀ ਕੰਮ ਮਿਲਣਾ ਸ਼ੁਰੂ ਹੋਇਆ।

ਦਰਜਨਾਂ ਨਾਮੀਂ ਕੰਪਨੀਆਂ ਲਈ ਬਤੌਰ ਮਾਡਲ ਪ੍ਰਚਾਰ ਕਰ ਚੁੱਕੇ ਅਜੇ ਦੀ ਮੁਲਾਕਾਤ ਪੰਜਾਬੀ ਫ਼ਿਲਮ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਨਾਲ ਹੋਈ ਤਾਂ ਉਸਨੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫ਼ੈਸਲਾ ਲਿਆ। ਗੁਨਬੀਰ ਸਿੰਘ ਸਿੱਧੂ ਦੀ ਸਲਾਹ ‘ਤੇ ਹੀ ਉਸਨੇ ਚੰਡੀਗੜ• ਆ ਕੇ ‘ਵਾਈਟ ਹਿੱਲ ਸਟੂਡੀਓ’ ਵਿੱਚ ਆਪਣਾ ਅਡੀਸ਼ਨ ਰਿਕਾਰਡ ਕਰਵਾਇਆ। ਕਰੀਬ ਛੇ ਮਹੀਨਿਆਂ ਬਾਅਦ ਉਸਨੂੰ ਫ਼ੋਨ ਆਇਆ ਕਿ ਉਸਦੀ ਚੋਣ ਇਕ ਪੰਜਾਬੀ ਫਿਲਮ ਲਈ ਕੀਤੀ ਗਈ ਹੈ। ਮੁੰਬਈ ਤੋਂ ਚੰਡੀਗੜ• ਆ ਕੇ ਉਸਨੇ ਇਸ ਫਿਲਮ ‘ਅੜਬ ਮੁਟਿਆਰਾਂ’ ਦੀ ਕਹਾਣੀ ਸੁਣੀ। ਉਸ ਲਈ ਇਹ ਸਭ ਕੁਝ ਕਿਸੇ ਸੁਪਨੇ ਵਾਂਗ ਹੀ ਸੀ।
ਧੀਰਜ ਰਤਨ ਦੀ ਲਿਖੀ ਅਤੇ ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਉਹ ਸੋਨਮ ਬਾਜਵਾ ਨਾਲ ਬਤੌਰ ਹੀਰੋ ਕੰਮ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਨਿੰਜਾ ਅਤੇ ਮਹਿਰੀਨ ਪੀਰਜਾਦਾ ਸਮੇਤ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿਨ•ਾਂ ਦੀ ਸੰਗਤ ਵਿੱਚ ਉਸਨੂੰ ਫ਼ਿਲਮਾਂ ਅਤੇ ਅਦਾਕਾਰੀ ਬਾਰੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਆਪਣੀ ਇਸ ਪਲੇਠੀ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਇਹ ਫ਼ਿਲਮ ਅਜੌਕੀ ਨੌਜਵਾਨ ਪੀੜ•ੀ ‘ਤੇ ਅਧਾਰਿਤ ਹੈ ਜੋ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਤਰੀਕੇ ਨਾਲ ਜਿਉਣਾ ਪਸੰਦ ਕਰਦੀ ਹੈ। ਇਹ ਫ਼ਿਲਮ ਖਾਸ ਤੌਰ ‘ਤੇ ਨੌਜਵਾਨ ਕੁੜੀਆਂ ‘ਤੇ ਅਧਾਰਿਤ ਹੈ ਜੋ ਪੜ• ਲਿਖਕੇ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਓਂ ਰਹੀਆਂ ਹਨ। ਇਸ ਵਿੱਚ ਉਹ ਇਕ ਬਾਣੀਆ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਬਿਜਨਸਮੈਨ ਹੈ ਅਤੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ। ਇਹ ਅੰਤਰਜਾਤੀ ਵਿਆਹ ਅਜੌਕੇ ਸਮਾਜ ਦੇ ਚਿਹਰੇ ਤੋਂ ਕਈ ਪਰਦੇ ਚੁੱਕੇਗਾ।
ਅਜੇ ਮੁਤਾਬਕ ਇਹ ਫ਼ਿਲਮ ਉਸਦਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪਹਿਲਾ ਕਦਮ ਹੈ। ਟ੍ਰਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸਦੇ ਕੰਮ ਦੀ ਸ਼ਲਾਘਾ ਹੋ ਰਹੀ ਹੈ। ਲੋਕ ਉਸਨੂੰ ਪਹਿਚਾਨਣ ਲੱਗੇ ਹਨ। 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਉਸਨੂੰ ਆਪਣੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪੜ•ਾਈ ਤੋਂ ਬਾਅਦ ਇਹ ਫ਼ਿਲਮ ਉਸਦੇ ਕੈਰੀਅਰ ਦਾ ਐਂਟਰਸ ਟੈਸਟ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਹੀ ਉਹ ਮੁੱਖ ਇਮਤਿਹਾਨ ਵਿੱਚ ਬੈਠ ਸਕੇਗਾ।

Comments & Feedback