ਥੋੜੇ ਸਮੇਂ ਵਿੱਚ ਦੁਨੀਆਂ ਭਰ ਵਿੱਚ ਆਪਣੇ ਨਾਂ ਦਾ ਡੰਕਾ ਵਜਵਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਤੌਰ ਹੀਰੋ ਪਹਿਲੀ ਫ਼ਿਲਮ ਮੂਸਾ ਜੱਟ 1 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਖਾਸ ਤੌਰ ਤੇ ਸੋਸ਼ਲ ਮੀਡੀਆ ਉੱਤੇ ਸਿੱਧੂ ਦੇ ਕਰੋੜਾਂ ਫੈਨ ਫ਼ਿਲਮ ਦਾ ਬੇਸਬਰੀ ਨਾਲ ਇਤਜਾਰ ਕਰ ਰਹੇ ਹਨ। ਇਸ ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਜਿਸ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲਿਆ।
ਪੰਜਾਬੀ ਫ਼ਿਲਮ ਇੰਡਸਟਰੀ ਦੇ ਸਥਾਪਿਤ ਬੈਨਰ ਫਰਾਈਡੇਅ ਰਸ਼ ਮੋਸ਼ਨ ਪਿਕਚਰ ਦੀ ਪੇਸ਼ਕਸ਼ ਨਿਰਮਾਤਾ ਰੂਪਾਲੀ ਗੁਪਤਾ ਅਤੇ ਦੀਪਕ ਗੁਪਤਾ ਦੀ ਇਸ ਫ਼ਿਲਮ ਨੂੰ ਟਰੂਮੇਕਰਜ ਵਾਲੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ। ਗੁਰਿੰਦਰ ਡਿੰਪੀ ਦੀ ਲਿਖੀ ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਮਰਹੂਮ ਰਾਜ ਬਰਾੜ ਦੀ ਬੇਟੀ ਸਵਿਤਾਜ ਬਰਾੜ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
ਫ਼ਿਲਮ ਦੀ ਨਿਰਮਾਤਾ ਰੂਪਾਲੀ ਗੁਪਤਾ ਨੇ ਦੱਸਿਆ ਕਿ ਇਹ ਫ਼ਿਲਮ ਕਈ ਪੱਖਾਂ ਤੋਂ ਆਮ ਪੰਜਾਬੀ ਫਿਲਮਾਂ ਨਾਲੋਂ ਹਟਵੀਂ ਫ਼ਿਲਮ ਹੈ। ਇਸ ਫਿਲਮ ਜ਼ਰੀਏ ਸਿੱਧੂ ਮੂਸੇਵਾਲ ਦਾ ਇਕ ਹੋਰ ਪੱਖ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਫ਼ਿਲਮ ਦੀ ਕਹਾਣੀ ਬਾਰੇ ਦਰਸ਼ਕ ਇਸ ਦੇ ਟ੍ਰੇਲਰ ਤੋਂ ਅੰਦਾਜ਼ਾ ਲਗਾ ਸਕਦੇ ਹਨ। ਇਸ ਫ਼ਿਲਮ ਸਿੱਧੂ ਮੂਸੇਵਾਲਾ ਅਤੇ ਸਵਿਤਾਜ ਬਰਾੜ ਦੇ ਨਾਲ ਮਹਾਂਵੀਰ ਭੁੱਲਰ, ਤਰਸੇਮ ਪਾਲ, ਭਾਨਾ ਸਿੱਧੂ, ਸੰਜੂ ਸੋਲੰਕੀ, ਯਾਦ ਗਰੇਵਾਲ, ਸੁਰਿੰਦਰ ਬਾਠ, ਸਮੀਪ ਸਿੰਘ ਰਣੌਤ, ਪਰਦੀਪ ਬਰਾੜ ਤੇ ਹਰਕਿਰਤ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਸ ਫ਼ਿਲਮ ਦੇ ਗੀਤ ਸਿੱਧੂ ਮੂਸੇਵਾਲਾ, ਬਲਕਾਰ ਅਣਖੀਲਾ, ਮਨਿੰਦਰ ਗੁਲਸ਼ਨ ਤੇ ਸਵਿਤਾਜ ਬਰਾੜ ਨੇ ਗਾਏ ਹਨ। ਫ਼ਿਲਮ ਦਾ ਮਿਊਜ਼ਿਕ ਦਾ ਕਿਡ ਅਤੇ ਦੇਸੀ ਰੂਟਜ ਨੇ ਤਿਆਰ ਕੀਤਾ ਹੈ। ਫ਼ਿਲਮ ਲਈ ਗੀਤ ਸਿੱਧੂ ਮੂਸੇਵਾਲਾ, ਮਨਿੰਦਰ ਕੈਲੇ ਤੇ ਬੱਬੂ ਬਰਾੜ ਨੇ ਲਿਖੇ ਹਨ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਮਿਲੇ ਰਹੇ ਸ਼ਾਨਦਾਰ ਹੁੰਗਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਫ਼ਿਲਮ ਦੀ ਬੰਪਰ ਓਪਨਿੰਗ ਤੈਅ ਹੈ।