ਰਫਤਾਰ ਦੇ ਇਸ ਦੌਰ ਵਿੱਚ ਜਿੱਥੇ ਫ਼ਿਲਮੀ ਖੇਤਰ ਵਿੱਚ ਓ.ਟੀ.ਟੀ. ਅਤੇ ਯੂ-ਟਿਊਬ ਪਲੇਟਫਾਰਮ ਨੇ ਆਪਣਾ ਮੁਕਾਮ ਬਣਾਇਆ ਹੈ ਉੱਥੇ ਬਹੁਤ ਸਾਰੇ ਅਦਾਕਾਰਾਂ, ਲੇਖਕਾਂ ਅਤੇ ਨਿਰਦੇਸ਼ਕਾਂ ਨੂੰ ਦਰਸ਼ਕਾਂ ਦੇ ਰੂ-ਬਰੂ ਕਰਵਾਇਆ ਹੈ। ਪੰਜਾਬੀ ਫਿਲਮ ਇੰਡਸਟਰੀ ਨੂੰ ਦਿਨੋ-ਦਿਨ ਅਜਿਹੇ ਕਲਾਕਾਰ ਅਤੇ ਲੇਖਕ-ਨਿਰਦੇਸ਼ਕ ਮਿਲ ਰਹੇ ਹਨ ਜਿਨ੍ਹਾਂ ਦੀ ਪੰਜਾਬੀ ਸਿਨੇਮੇ ਨੂੰ ਲੰਮੇ ਸਮੇਂ ਤੋਂ ਲੋੜ ਸੀ। ਅੱਜਕਲ੍ਹ ਅਜਿਹਾ ਹੀ ਇੱਕ ਨਾਮ ਚਰਚਾ ਵਿੱਚ ਆਇਆ ਹੈ। ਉਹ ਨਾਮ ਹੈ ਕਿਰਪਾਲ ਸੈਣ ਦਾ, ਜੋ ਆਪਣੀ ਨਵੀਂ ਵੈਬ ਸੀਰੀਜ਼ ਚੰਡੀਗੜ੍ਹ ਗਰਲਜ਼ ਲੈਕੇ ਆਇਆ ਹੈ। ਇਹਨੀ ਦਿਨੀ ਵਿੱਚ ਇਸ ਵੈਬਸੀਰੀਜ਼ ਦਾ ਟਰੇਲਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸੇ ਮਹੀਨੇ ਅਕੂਤਬਰ ਵਿੱਚ ਇਹ ਵੈਬਸੀਰੀਜ਼ ਪੰਜਾਬ ਦੀ ਪ੍ਰਸਿੱਧ ਮਿਊਜ਼ਿਕ ਕੰਪਨੀ ਸਿੰਗਲ ਟਰੈਕ ਸਟੂਡੀਓਜ਼ ਦੇ ਆਫੀਸ਼ਲ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੀ ਜਾਵੇਗੀ। ਕਿਰਪਾਲ ਸੈਣ ਇਸਤੋਂ ਪਹਿਲਾਂ 2 ਦਰਜਨ ਤੋਂ ਵੱਧ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕਾ ਹੈ।
ਪੰਜਾਬ ਦੇ ਜਿਲ੍ਹਾ ਬਰਨਾਲਾ ਦੀ ਮਿੱਟੀ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਜਨਮਿਆ ਹੈ। ਕਲਾਕਾਰਾਂ ਦਾ ਮੱਕਾ ਆਖੇ ਜਾਣ ਵਾਲੇ ਇਸ ਸ਼ਹਿਰ ਵਿੱਚ ਹੀ ਕਿਰਪਾਲ ਦਾ ਜਨਮ ਹੋਇਆ। ਇੱਥੇ ਹੀ ਉਹ ਖੇਡਿਆ ਪਲਿਆ ਅਤੇ ਜਵਾਨ ਹੋਇਆ। ਉਸਦੀ ਸਕੂਲ ਪੜ੍ਹਾਈ ਆਮ ਬੱਚਿਆਂ ਦੀ ਤਰ੍ਹਾਂ ਹੀ ਰਹੀ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਸਨੇ ਇਲਾਕੇ ਦੇ ਮਸ਼ਹੂਰ ਕਾਲਜ ਐਸ. ਡੀ. ਕਾਲਜ ਬਰਨਾਲਾ ਵਿਖੇ ਦਾਖਲਾ ਲਿਆ। ਇੱਥੇ ਹੀ ਉਹ ਪਹਿਲੀ ਵਾਰ ਸਾਹਿਤਿਕ ਗਤੀਵਿਧੀਆਂ ਨਾਲ ਜੁੜਿਆ ਅਤੇ ਉਹ ਅੰਦਰ ਇੱਕ ਕਲਾਕਾਰ ਵਾਲੀ ਚੇਟਕ ਪੈਦਾ ਹੋਈ। ਉਸਨੇ ਰੰਗਮੰਚ ਵਿੱਚ ਬਤੌਰ ਅਦਾਕਾਰ ਪੈਰ ਰੱਖਦਿਆਂ ਆਪਣੇ ਸੁਪਨਿਆਂ ਦੀ ਪਰਵਾਜ਼ ਭਰੀ।
ਇਸਤੋਂ ਬਾਅਦ ਉਸਨੇ ਆਪਣੀ ਗ੍ਰੈਜੂਏਸ਼ਨ ਸੰਘੇੜਾ ਕਾਲਜ ਤੋਂ ਪੂਰੀ ਕੀਤੀ। ਇੱਥੇ ਵੀ ਉਹ ਰੰਗਮੰਚ ਨਾਲ ਜੁੜਿਆ ਰਿਹਾ। ਕਾਲਜ ਪੜ੍ਹਦੇ ਸਮੇਂ ਕਿਰਪਾਲ ਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ। ਇੱਕ ਮੱਧ ਵਰਗ ਨਾਲ ਸਬੰਧ ਰੱਖਣ ਵਾਲੇ ਕਿਰਪਾਲ ਕੋਲ ਕੈਮਰਾ ਲੈਣ ਲਈ ਐਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਚਾਅ ਪੂਰਦਾ। ਇਸਲਈ ਉਸਨੇ ਆਪਣੇ ਸ਼ੌਕ ਪੁਗਾਉਣ ਲਈ ਬਰਨਾਲਾ ਦੇ ਇੱਕ ਫੋਟੋਗ੍ਰਾਫਰ ਕੁਮਾਰ ਸਟੂਡੀਓਜ਼ ‘ਤੇ ਕੈਮਰੇ ਅਪਰੇਟਰ ਦੇ ਤੌਰ ‘ਤੇ ਕੰਮ ਦੀਆਂ ਬਰੀਕੀਆਂ ਨੂੰ ਸਿੱਖਿਆ। ਉਸਦਾ ਸ਼ੌਕ ਹੁਣ ਉਸਦਾ ਪ੍ਰੋਫੈਸ਼ਨ ਬਣਦਾ ਜਾ ਰਿਹਾ ਸੀ। ਕਿਰਪਾਲ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਜਾਂ ਤਾਂ ਉਹ ਕੈਮਰੇ ਦੇ ਅੱਗੇ ਹੋਵੇ ਨਹੀਂ ਤਾਂ ਫਿਰ ਕੈਮਰਾ ਉਸਦੇ ਹੱਥ ਵਿੱਚ ਜਾਂ ਅੱਖ ਵਿੱਚ ਹੋਵੇ। ਪ੍ਰਮਾਤਮਾ ਨੇ ਉਸਦੀ ਨੇੜੇ ਹੋਕੇ ਸੁਣੀ। ਕੁਝ ਦਿਨਾਂ ਬਾਅਦ ਉਸਦੇ ਦੋਸਤ ਲੱਖਾ ਚੂਹੜ ਚੱਕ ਦਾ ਫੋਨ ਆਇਆ ਕਿ ਉਹ ਉਸਦੇ ਗੀਤ ਦਾ ਮਿਊਜ਼ਿਕ ਵੀਡੀਓ ਕਰਕੇ ਦੇਵੇ। ਕਿਰਪਾਲ ਨੇ ਉਸਨੂੰ ਹਾਂ ਕਰ ਦਿੱਤੀ ਅਤੇ ਆਪਣੇ ਪ੍ਰੋਫੈਸ਼ਨ ਵਿੱਚ ਇਮਾਨਦਾਰੀ ਨਾਲ ਜੁਟ ਗਿਆ। ਉਸਤੋਂ ਬਾਅਦ ਉਸਨੇ ਪਿੱਛੇ ਮੁੜਕੇ ਨਹੀਂ ਦੇਖਿਆ।
ਕਿਰਪਾਲ ਹੁਣ ਤੱਕ ਦੋ ਦਰਜਨ ਮਿਊਜ਼ਿਕ ਵੀਡੀਓਜ਼ ਕਰ ਚੁੱਕਾ ਹੈ। ਜਿਨ੍ਹਾਂ ਵਿੱਚ ਉਹ ਅਨਮੋਲ ਗਗਨ ਮਾਨ, ਸ਼ਿਵਜੋਤ, ਸਨੀ ਕਾਹਲੋਂ, ਜਸ ਗਰੇਵਾਲ ਅਤੇ ਰਨਵੀਰ ਗਰੇਵਾਲ ਵਰਗੇ ਹੋਰ ਕਈ ਮਸ਼ਹੂਰ ਕਲਾਕਾਰਾਂ ਦੇ ਵੀਡੀਓਜ਼ ਸ਼ੂਟ ਕਰ ਚੁੱਕਾ ਹੈ। ਉਸਦੇ ਨਿਰਦੇਸ਼ਨ ਵਿੱਚ ਵਿਲੱਖਣਤਾ ਹੋਣ ਕਰਕੇ ਇੰਡਸਟਰੀਜ਼ ਵਿੱਚ ਉਸਦੇ ਕੰਮ ਦੀ ਤਾਰੀਫ ਹੋਣ ਲੱਗੀ। ਕੁਝ ਸਮਾਂ ਬਾਅਦ ਉਸਦੀ ਮੁਲਾਕਾਤ ਪੰਜਾਬ ਦੀ ਪ੍ਰਸਿੱਧ ਮਿਊਜ਼ਿਕ ਕੰਪਨੀ ਸਿੰਗਲ ਟਰੈਕ ਸਟੂਡੀਓਜ਼ ਦੇ ਮਾਲਕ ਸੱਜਣ ਦੁਹਾਨ ਨਾਲ ਮੁਲਾਕਾਤ ਹੋਈ। ਸੱਜਣ ਹੋਰਾਂ ਨੇ ਕਿਰਪਾਲ ਨਾਲ ਮਿਲਕੇ ਇੱਕ ਵੈਬ ਸੀਰੀਜ਼ ਦਾ ਪਲਾਨ ਕੀਤਾ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਇਸ ਉੱਪਰ ਕੰਮ ਸ਼ੁਰੂ ਕਰ ਲਿਆ। ਇਸ ਸੀਰੀਜ਼ ਨੂੰ ਚੰਡੀਗੜ੍ਹ ਖੇਤਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਇਆ ਗਿਆ ਹੈ।
ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਗਰਲਜ਼ ਦਾ ਟ੍ਰੇਲਰ ਆਇਆ ਹੈ ਜੋ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਜਾ ਰਿਹਾ ਹੈ। ਇਹ ਵੈਬ ਸੀਰੀਜ਼ ਸਿੰਗਲ ਟਰੈਕ ਕੰਪਨੀ ਵੱਲੋਂ ਆਪਣੇ ਯੂ-ਟਿਊਬ ਦੇ ਆਫੀਸ਼ੀਅਲ ਚੈਨਲ ‘ਤੇ ਪਾਈ ਜਾਵੇਗੀ ਜਿਥੋਂ ਦਰਸ਼ਕ ਇਸ ਨੂੰ ਨਿਸ਼ੁਲਕ ਦੇਖ ਸਕਣਗੇ। ਸੀਰੀਜ਼ ਦੀ ਕਹਾਣੀ ਮਰਡਰ ਮਿਸਟਰੀ ‘ਤੇ ਅਧਾਰਿਤ ਹੈ। ਇਸ ਸੀਰੀਜ਼ ਵਿੱਚ ਬਾਲੀਵੁੱਡ ਅਤੇ ਬਾਲੀਵੁੱਡ ਫ਼ਿਲਮਾਂ ਦੇ ਨਾਮੀ ਅਭਿਨੇਤਾ ਜਿੰਮੀ ਸ਼ਰਮਾ, ਪਾਲੀਵੁੱਡ ਦੇ ਮਸ਼ਹੂਰ ਚਿਹਰੇ ਸੋਨਪ੍ਰੀਤ ਜਵੰਧਾ, ਮਨਜੀਤ ਕੌਰ, ਦਿਵਜੋਤ, ਆਸ਼ਿਮਾ ਰਾਓ,ਕਨਕ ਸਿੱਧੂ ਅਤੇ ਅਭਿਮਨਿਊ ਕੰਬੋਜ਼ ਸਮੇਤ ਰੰਗ ਮੰਚ ਦੇ ਮੰਝੇ ਹੋਏ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਮਿਊਜ਼ਿਕ ਜਗਤ ਦੇ ਪ੍ਰਸਿੱਧ ਸਿੰਗਰ ਨੂਰਾਂ ਸਿਸਟਰਜ਼ ਅਤੇ ਅਮਰ ਸੰਧੂ ਨੇ ਇਸ ਸੀਰੀਜ਼ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ । ਇਸ ਸੀਰੀਜ਼ ਦੀ ਰਿਲੀਜ਼ ਤੋਂ ਬਾਅਦ ਕਿਰਪਾਲ ਜਲਦੀ ਹੀ ਇੱਕ ਨਵੀਂ ਵੈਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਬਤੌਰ ਨਿਰਦੇਸ਼ਕ ਉਸ ਕੋਲ ਦੋ ਹੋਰ ਫ਼ੀਚਰ ਫ਼ਿਲਮਾਂ ਪਾਈਪ ਲਾਈਨ ਵਿੱਚ ਹਨ ਜਿਨ੍ਹਾਂ ਵਿੱਚ ਫਿਲਮ ਇੰਡਸਟਰੀ ਦੇ ਪ੍ਰਸਿੱਧ ਚਿਹਰੇ ਦੇਖਣ ਨੂੰ ਮਿਲਣਗੇ। ਕਿਰਪਾਲ ਦੇ ਸ਼ਾਨਦਾਰ ਭਵਿੱਖ ਲਈ ਦੁਆ ਕਰਦਾ ਹਾਂ।
ਅਕਸ ਮਹਿਰਾਜ 9478884200