ਦਲਜੀਤ ਕਲਸੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਦਾ ਹੀਰੋ ਹੈ। ਇਸ ਫ਼ਿਲਮ ‘ਚ ਉਹ ਜੈਕੀ ਸ਼ਰਾਫ਼, ਗੱਗੂ ਗਿੱਲ, ਸਰਦਾਰ ਸੋਹੀ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਯਾਦ ਗਰੇਵਾਲ ਵਰਗੇ ਦਿੱਗਜ ਅਦਾਕਾਰਾਂ ਨਾਲ ਕੰਮ ਕਰ ਰਿਹਾ ਹੈ। ਬਤੌਰ ਹੀਰੋ ਇਹ ਉਸਦੀ ਪਹਿਲੀ ਫ਼ਿਲਮ ਹੈ। ਪੰਜਾਬੀ ਗਾਇਕ ਮਿੱਕਾ ਸਿੰਘ ਦੀ ਪੇਸ਼ਕਸ਼ ਤੇ ਨਿਰਦੇਸ਼ਕ ਅਮਿਤ ਪ੍ਰਸ਼ਾਰ ਦੀ ਇਸ ਫ਼ਿਲਮ ਨੇ ਦਲਜੀਤ ਦਾ ਵਰਿ•ਆ ਪੁਰਾਣਾ ਸੁਪਨਾ ਪੂਰਾ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ਦਾ ਰਹਿਣ ਵਾਲਾ ਤੇ ਨਾਮਵਰ ਕਾਰੋਬਾਰੀ ਦਲਜੀਤ ਆਪਣੇ ਇਸ ਸ਼ੌਕ ਨੂੰ ਕਈ ਸਾਲਾਂ ਤੋਂ ਸਮੇਂ ਦੀਆਂ ਮਜਬੂਰੀਆਂ ਹੇਠ ਦੱਬੀ ਬੈਠਾ ਸੀ। ਅਚਾਨਕ ਅਜਿਹਾ ਸਬੱਬ ਬਣਿਆ ਕਿ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ। ਦਲਜੀਤ ਕਲਸੀ ਦੱਸਦਾ ਹੈ ਕਿ ਉਹ ਬਚਪਨ ਤੋਂ ਹੀ ਫ਼ਿਲਮ ਲਾਈਨ ‘ਚ ਜਾਣਾ ਚਾਹੁੰਦਾ ਸੀ। ਪਹਿਲਾਂ ਉਸ ਦਾ ਸੁਪਨਾ ਡਾਇਰੈਕਟਰ ਬਣਨ ਦਾ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ 19 ਸਾਲਾਂ ਦੀ ਉਮਰ ‘ਚ ਘਰੋ ਭੱਜ ਕੇ ਮੁੰਬਈ ਗਿਆ ਸੀ। ਕਈ ਮਹੀਨੇ ਉਥੇ ਸੰਘਰਸ਼ ਕਰਨ ਤੋਂ ਬਾਅਦ ਜਦੋਂ ਕੁਝ ਹਾਸਲ ਨਾ ਹੋਇਆ ਤਾਂ ਉਹ ਵਾਪਸ ਘਰ ਆ ਗਿਆ। ਵਾਪਸ ਆ ਕੇ ਉਸ ਨੇ ਪਹਿਲਾਂ ਜ਼ਿੰਦਗੀ ਸੈੱਟ ਕਰਨ ਦਾ ਫ਼ੈਸਲਾ ਲਿਆ। ਮਾਰਕੀਟਿੰਗ ਬਿਜ਼ਨਸ ਸ਼ੁਰੂ ਕੀਤਾ। ਦੇਸ਼ ਦੇ ਵੱਖ ਵੱਖ ਹਿੱਸਿਆ ‘ਚ ਕਾਰਪੋਰੇਟ ਹਾਊਸ ਸ਼ੁਰੂ ਕੀਤੇ। ਪਰ ਇਸ ਦੇ ਨਾਲ ਨਾਲ ਉਹ ਸਿੱਧੇ ਅਤੇ ਅਸਿੱਧੇ ਤੌਰ ‘ਤੇ ਮਨੋਰੰਜਨ ਜਗਤ ਨਾਲ ਵੀ ਜੁੜਿਆ ਰਿਹਾ। ਮਿੱਕਾ ਸਿੰਘ,ਦਲੇਰ ਮਹਿੰਦੀ, ਅਸ਼ੋਕ ਮਸਤੀ ਅਤੇ ਯੋ ਯੋ ਹਨੀ ਸਿੰਘ ਵਰਗੇ ਦੇਸ਼ ਦੇ ਨਾਮੀ ਸਿਤਾਰਿਆਂ ਦੇ ਗੀਤ ਪ੍ਰੋਡਿਊਸ ਕੀਤੇ। ਉਸ ਦੀ ਕੰਪਨੀ ਦੇ ਸਲਾਨਾ ਸਮਾਗਮ ‘ਚ ਦੇਸ਼ ਦੀਆਂ ਨਾਮਵਰ ਫ਼ਿਲਮ ਹਸਤੀਆਂ ਸ਼ਿਰਕਤ ਕਰਨ ਲੱਗੀਆਂ। ਦਲਜੀਤ ਦੱਸਦਾ ਹੈ ਕਿ ਇਕ ਵਾਰ ਉਸ ਦੇ ਸਮਾਗਮ ‘ਚ ਜੈਕੀ ਸ਼ਰਾਫ਼ ਆਏ। ਉਹਨਾਂ ਨੇ ਉਸ ਨੂੰ ਡਾਇਰੈਕਸ਼ਨ ਦੀ ਥਾਂ ਐਕਟਿੰਗ ਵੱਲ ਆਉਣ ਲਈ ਕਿਹਾ। ਉਸ ਦਿਨ ਤੋਂ ਉਸ ਨੇ ਐਕਟਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਦੁਬਾਰਾ ਮੁੰਬਈ ਜਾ ਕੇ ਬੈਰੀ ਜ਼ੋਹਨ ਦੇ ਐਕਟਿੰਗ ਸਕੂਲ ਤੋਂ ਐਕਟਿੰਗ ਸਿੱਖੀ। ਦਲਜੀਤ ਮੁਤਾਬਕ ਜਿਸ ਕਿਸਮ ਦੀ ਉਸ ਦੀ ਪ੍ਰਸਨੈਲਟੀ ਹੈ, ਉਸ ਮੁਤਾਬਕ ਉਹ ਰੁਮਾਂਟਿਕ ਹੀਰੋ ਕੰਮ ਨਹੀਂ ਕਰ ਸਕਦਾ। ਉਹ ਸਿਰਫ਼ ਐਕਸ਼ਨ ਹੀਰੋ ਵਜੋਂ ਹੀ ਸਕਰੀਨ ‘ਤੇ ਆ ਸਕਦਾ ਹੈ। ਇਸ ਲਈ ਉਸ ਨੂੰ ਕਾਫ਼ੀ ਸਮਾਂ ਅਜਿਹੀ ਫ਼ਿਲਮ ਦੀ ਉਡੀਕ ਕਰਨੀ ਪਈ। ਸਰਦਾਰ ਸਾਹਬ ਨੇ ਉਸ ਦੀ ਇਹ ਉਡੀਕ ਪੂਰੀ ਕੀਤੀ। ਇਹ ਫ਼ਿਲਮ ਤਾਮਿਲ ਭਾਸ਼ਾ ਦੀ ਬਹੁ ਚਰਚਿਤ ਫ਼ਿਲਮ ‘ਥਲਾਈਵਾ’ ਦਾ ਅਫ਼ੀਸ਼ਲੀ ਰੀਮੇਕ ਹੈ। ਇਸ ਫ਼ਿਲਮ ‘ਚ ਉਸ ਨੇ ਦਲਜੀਤ ਸਿੰਘ ਬਾਜਵਾ ਨਾਂ ਦੇ ਨੌਜਵਾਨ ਦਾ ਕਿਰਦਾਰ ਅਦਾ ਕੀਤਾ ਹੈ। ਦਲਜੀਤ ਬਾਜਵਾ ਇਕ ਨਾਮਵਰ ਟਰਾਂਸਪੋਟਰ ਜੋਗਿੰਦਰ ਸਿੰਘ ਬਾਜਵਾ (ਜੈਕੀ ਸ਼ਰਾਫ਼) ਦਾ ਬੇਟਾ ਹੈ। ਜੋ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਲੜਾਈ ਲੜਦਾ ਹੈ।
ਦਲਜੀਤ ਮੁਤਾਬਕ ਇਹ ਕਿਰਦਾਰ ਉਸ ਲਈ ਬਿਲਕੁਲ ਢੁਕਵਾ ਸੀ। ਅਸਲ ਜ਼ਿੰਦਗੀ ‘ਚ ਵੀ ਉਹ ਇਸ ਕਿਰਦਾਰ ਦੇ ਹਾਣ ਦਾ ਹੈ। ਦਲਜੀਤ ਨੇ ਦੱਸਿਆ ਕਿ ਇਹ ਕਿਰਦਾਰ ਅਦਾ ਕਰਨ ਲਈ ਉਸ ਨੇ ਬਕਾਇਦਾ ਮੁੜ ਤੋਂ ਥੀਏਟਰ ਵਰਕਸ਼ਾਪ ਲਾਈ, ਜਿਸ ‘ਚ ਉਸ ਨੂੰ ਨਾਮਵਰ ਥੀਏਟਰ ਤੇ ਫ਼ਿਲਮ ਪਰਸਨੈਲਟੀ ਮਧੂ ਕੰਧਾਰੀ ਨੇ ਇਸ ਕਿਰਦਾਰ ਲਈ ਤਿਆਰ ਕੀਤਾ। ਦਿਲਜੀਤ ਮੁਤਾਬਕ ਉਸ ਨੂੰ ਯਕੀਨ ਹੈ ਕਿ ਦਰਸ਼ਕ ਇਹ ਫ਼ਿਲਮ ਤੇ ਉਸ ਦਾ ਇਹ ਕਿਰਦਾਰ ਜ਼ਰੂਰ ਪਸੰਦ ਕਰਨਗੇ। ਇਹ ਫ਼ਿਲਮ ਪੰਜਾਬੀ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਵੱਖਰੀ ਹੈ। ਇਹ ਪੂਰੀ ਫ਼ਿਲਮ ਰਾਜਧਾਨੀ ਦਿੱਲੀ ‘ਚ ਬਣੀ ਹੈ। ਫ਼ਿਲਮ ‘ਚ ਦਿੱਲੀ ਦੇ ਕਾਰੋਬਾਰੀ, ਸਿਆਸਤ ਤੇ ਗੁੰਡਾਤੰਤਰ ਦੀ ਝਲਕ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗੀ। ਫ਼ਿਲਮ ਦੀ ਹੀਰੋਇਨ ਨੀਤੂ ਸਿੰਘ ਹੈ। ਸੋ ਫ਼ਿਲਮ ‘ਚ ਰੁਮਾਂਸ ਤੇ ਰੁਮਾਂਟਿਕ ਗੀਤ ਹੋਣੇ ਲਾਜ਼ਮੀ ਹਨ। ਦਲਜੀਤ ਮੁਤਾਬਕ ਹੁਣ ਉਹ ਅਗਲੇ ਕੁਝ ਸਾਲ ਫ਼ਿਲਮ ਇੰਡਸਟਰੀ ‘ਚ ਹੀ ਸਰਗਰਮ ਰਹੇਗਾ। ਇਸ ਫ਼ਿਲਮ ਤੋਂ ਬਾਅਦ ਛੇਤੀ ਹੀ ਉਸ ਦੀ ਇਕ ਹੋਰ ਫ਼ਿਲਮ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਖ਼ੁਦ ਵੀ ਇਕ ਫ਼ਿਲਮ ਦਾ ਨਿਰਮਾਣ ਕਰਨ ਜਾ ਰਿਹਾ ਹੈ। ਫ਼ਿਲਹਾਲ ਉਸ ਦਾ ਸਾਰਾ ਧਿਆਨ ‘ਸਰਦਾਰ ਸਾਹਬ’ ਵੱਲ ਹੈ। ਇਹ ਫ਼ਿਲਮ 6 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।
ਆਸ਼ਿਮਾ ਸੱਚਦੇਵਾ
ਰਾਜਪੁਰਾ (ਪਟਿਆਲਾ)


