‘ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ…’
‘ਗੱਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ…’
‘ਡਾਲਰਾਂ ਵਾਗੂਂ ਨੀਂ ਨਾਮ ਸਦਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ…’
ਅਜਿਹੇ ਕਈ ਹਿੱਟ ਗਾਣੇ ਗਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਇਸ ਖ਼ਬਰ ਦੀ ਚਰਚਾ ਚਾਰੇ ਪਾਸੇ ਹੋਈ।
ਗਨ ਕਲਚਰ ਨੂੰ ਵਧਾਵਾ ਦੇਣ ਦੇ ਇਲਜ਼ਾਮਾਂ ਨੂੰ ਝੱਲ ਰਹੇ ਮੂਸੇਵਾਲਾ ਦੇ ਖਿਲਾਫ਼ ਅਤੇ ਹੱਕ ਵਿੱਚ ਸੋਸ਼ਲ ਮੀਡੀਆ ‘ਤੇ ਵੀ ਖਾਸੀ ਚਰਚਾ ਹੋਈ।
ਤਿੰਨ ਦਸੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ‘ਚ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।
ਦੇਰ ਸ਼ਾਮ ਕਾਂਗਰਸ ਹਾਈ ਕਮਾਂਡ ਨਾਲ ਸਿੱਧੂ ਮੂਸੇਵਾਲਾ ਦੀ ਮੁਲਾਕਾਤ ਕਰਵਾਈ ਗਈ।
ਸਿਆਸਤ ‘ਚ ਐਂਟਰੀ ਬਾਰੇ ਕੀ ਬੋਲੇ ਸਿੱਧੂ ਮੂਸੇਵਾਲਾ
ਕਾਂਗਰਸ ਦਾ ਹੱਥ ਫੜ੍ਹਨ ਵੇਲੇ ਸਿੱਧੂ ਮੂਸੇਵਾਲਾ ਨੇ ਕਿਹਾ, “ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ, ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆਂ, ਜਿਸ ਵਿੱਚ ਮੇਰੀ ਸ਼ੁਰੂਆਤ ਹੈ।””ਮੇਰਾ ਜੁੜਾਅ ਪਿੰਡ ਨਾਲ ਰਿਹਾ, ਅਸੀਂ ਆਮ ਪਰਿਵਾਰਾਂ ‘ਚੋਂ ਉੱਠੇ ਹੋਏ ਲੋਕ ਹਾਂ। ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ, ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ।”
“ਕਾਂਗਰਸ ‘ਚ ਸ਼ਾਮਲ ਹੋਣ ਬਹੁਤ ਵੱਡਾ ਕਾਰਨ ਹੈ। ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਸ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ।”
“ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ।”
ਕੌਣ ਹੈ ਸਿੱਧੂ ਮੂਸੇਵਾਲਾ
ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ।
ਇੱਕ ਵਾਰ ਕਾਲਜ ਦੇ ਕੈਂਪਸ ਵਿੱਚ ਇੱਕ ਚੈਨਲ ਦੇ ਹੋਸਟ ਵੱਲੋਂ ਸਟੂਡੈਂਟਸ ਨਾਲ ਗੱਲਬਾਤ ਜਾਰੀ ਸੀ ਕਿ ਉਸੇ ਵਿਚਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭੀੜ ‘ਚੋਂ ਨਿਕਲ ਕੇ ਆਇਆ।
ਐਂਕਰ ਨੇ ਸਿੱਧੂ ਤੋਂ ਉਸਦਾ ਨਾਂ ਪੁੱਛਿਆ, ਉਹ ਵੀ ਦੋ ਵਾਰ, ਝਕਦੇ ਹੋਏ ਸਿੱਧੂ ਨੇ ਆਪਣਾ ਨਾਂ ਸ਼ੁਭਦੀਪ ਸਿੰਘ ਸਿੱਧੂ ਦੱਸਿਆ, ਐਂਕਰ ਨੇ ਫਿਰ ਪੁੱਛਿਆ ਤਾਂ ਫਿਰ ਕਿਹਾ, ਸ਼ੁਭਦੀਪ ਸਿੰਘ ਸਿੱਧੂ।
ਕੈਂਪਸ ਵਿੱਚ ਸ਼ੁਭਦੀਪ ਨੇ ਗਾਣਾ ਗਾਇਆ ਤਾਂ ਸਾਰਿਆਂ ਨੇ ਤਾੜੀਆਂ ਵਜਾਈਆਂ। ਇੱਕ ਉਹ ਦੌਰ ਸੀ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ ਅਤੇ ਇੱਕ ਹੁਣ ਦਾ ਦੌਰ ਹੈ ਜਦੋਂ ਸ਼ੁਭਦੀਪ ਸਿੰਘ ਸਿੱਧੂ ਮਨੋਰੰਜਨ ਦੀ ਦੁਨੀਆਂ ਤੋਂ ਲੈ ਕੇ ਸਿਆਸੀ ਪਿੜਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੈ। ਸਿੱਧੂ ਮੂਸੇਵਾਲਾ ਦਾ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਮੂਸਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਮੂਸਾ ਪਿੰਡ ਦੇ ਸਰਪੰਚ ਹਨ। ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।
ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਆਪ ਸਿਆਸਤ ਵਿੱਚ ਪੈਰ ਧਰ ਲਿਆ ਹੈ। ਸਿੱਧੂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ ਮੈਡੀਕਲ ਨਾਲ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਕੀਤਾ।
ਗਾਣੇ ਅਤੇ ਫਿਲਮਾਂ
ਸਿੱਧੂ ਮੂਸੇਵਾਲਾ ਦੇ ਕਈ ਗੀਤ ਸੁਪਰਹਿੱਟ ਹੋਏ। ਸੋ ਹਾਈ, ਧੱਕਾ, ਓਲਡ ਸਕੂਲ, ਸੰਜੂ ਵਰਗੇ ਗਾਣੇ ਤਾਂ ਯੂਟਿਊਬ ਉੱਤੇ ਕਰੋੜਾਂ ਵਾਰ ਦੇਖੇ ਗਏ।
ਇਨ੍ਹਾਂ ਗਾਣਿਆਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮਾਂ ਤਹਿਤ ਮੂਸੇਵਾਲਾ ਦੀ ਆਲੋਚਨਾ ਵੀ ਹੋਈ ਅਤੇ ਕੇਸ ਵੀ ਦਰਜ ਹੋਏ।
ਸਿੱਧੂ ਮੂਸੇਵਾਲਾ ਨੇ ਗਾਇਕੀ ਤੋਂ ਬਾਅਦ ਫਿਲਮਾਂ ਵਿੱਚ ਵੀ ਪੈਰ ਧਰਿਆ। ਮੂਸੇਵਾਲਾ ਦੀਆਂ ਫਿਲਮਾਂ ਹਨ ‘ਯਸ ਆਈ ਐਮ ਸਟੂਡੈਂਟ’ , ‘ਤੇਰੀ ਮੇਰੀ ਜੋੜੀ’, ‘ਗੁਨਾਹ’, ‘ਮੂਸਾ ਜੱਟ’ ਅਤੇ ਆਉਣ ਵਾਲੀ ਫਿਲਮ ਹੈ ‘ਜੱਟਾਂ ਦਾ ਮੁੰਡਾ ਗਾਉਣ ਲੱਗਾ’। ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਧਮਕ ਬਾਲੀਵੁੱਡ ਤੱਕ ਵੀ ਹੈ। ਫਿਲਮ ਸਟਾਰ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਦੇ ਗਾਣਿਆਂ ਦੀਆਂ ਸਟੋਰੀਆਂ ਵੀ ਪਾਈਆਂ।
ਸਿੱਧੂ ਮੂਸੇਵਾਲਾ ‘ਤੇ ਪਏ ਕੇਸ ਅਤੇ ਵਿਵਾਦ
ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ ‘ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਦੀ ਸੀ। ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਅਤੇ ਬਰਨਾਲਾ ਵਿੱਚ ਮਈ 2020 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।ਇੱਕ ਹੋਰ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਵੇਖੇ ਗਏ ਸੀ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਗਿਆ। ਇਸ ਤੋਂ ਪਹਿਲਾਂ ਵੀ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤਾਂ ਕਾਰਨ ਮੂਸੇਵਾਲਾ ‘ਤੇ ਫ਼ਰਵਰੀ 2020 ਵਿੱਚ ਮਾਨਸਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।
ਆਪਣੇ ਗੀਤ ”ਗੱਭਰੂ’ਤੇ ਕੇਸ ਜਿਹੜਾ ਸੰਜੇ ਦੱਤ ‘ਤੇ” ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਵਿੱਚ ਆਏ। ਇਸ ਗੀਤ ਕਰਕੇ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ‘ਸੰਜੂ’ ਟਾਇਟਲ ਹੇਠਾਂ 16 ਜੁਲਾਈ 2020 ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕੀਤੀ ਸੀ।