in

ਪੰਜਾਬੀ ਸਿਨੇਮਾ 2016, ਫ਼ਿਲਮਾਂ ਦੀ ਗਿਣਤੀ ਵਧੀ, ਕਮਾਈ ਘਟੀ, ਨਵੇਂ ਚਿਹਰਿਆਂ ਤੇ ਨਿਰਦੇਸ਼ਕਾਂ ਦੀ ਰਹੀ ਭਰਮਾਰ

ਪਿਛਲੇ ਤਿੰਨ ਕੁ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਫ਼ਿਲਮਾਂ ਦੀ ਗਿਣਤੀ ਵੱਧ ਰਹੀ। ਵਿਸ਼ਾ ਪੱਖ ਤੋਂ ਵੰਨ ਸੰਵਨਤਾ ਵੀ ਨਜ਼ਰ ਆਉਣ ਲੱਗੀ ਹੈ। ਪਰ ਤ੍ਰਾਸਦੀ ਇਹ ਹੈ ਕਿ ਸਫ਼ਲ ਫ਼ਿਲਮਾਂ ਨਾਲੋਂ ਅਸਫ਼ਲ ਫ਼ਿਲਮਾਂ ਵਾਲੀ ਸੂਚੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਇਸ ਸਾਲ 2016 ‘ਚ 36 ਦੇ ਨੇੜੇ ਪੰਜਾਬੀ ਫ਼ਿਲਮਾਂ ਪਰਦਾਪੇਸ਼ ਹੋਈਆਂ। ਸਾਲ ਦੀ ਪਹਿਲੀ ਫ਼ਿਲਮ ‘ਚੰਨੋ’ (19 ਫ਼ਰਵਰੀ) ਅਤੇ ਆਖਰੀ ਫ਼ਿਲਮ ‘ਮੋਟਰ ਮਿੱਤਰਾਂ ਦੀ’ (30 ਦਸੰਬਰ) ਸੀ। ਜੇਕਰ ਇਹਨਾਂ ਫ਼ਿਲਮਾਂ ‘ਤੇ ਨਜ਼ਰਸਾਨੀ ਕਰੀਏ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ। ਇਸ ਸਾਲ ਹਨੀ ਸਿੰਘ ਵਰਗੇ ਨਾਮੀਂ ਸਟਾਰਾਂ ਦੀਆਂ ਵੀ ਲੋਟਣੀਆਂ ਲੱਗੀਆਂ ਹਨ। ਵੱਡੇ ਪੱਧਰ ‘ਤੇ ਪ੍ਰਚਾਰ ਕਰਕੇ ਰਿਲੀਜ਼ ਕੀਤੀਆਂ ਗਈਆਂ ਫ਼ਿਲਮਾਂ ਦਾ ਹਸ਼ਰ ਤਾਂ ਹੋਰ ਵੀ ਬੁਰਾ ਹੋਇਆ। ਇਸ ਸਾਲ ਦੀਆਂ ਫ਼ਿਲਮਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਟਾਰ ਕਿੰਨਾ ਵੀ ਵੱਡਾ ਹੋਵੇ, ਉਹ ਸਿਰਫ਼ ਦਰਸ਼ਕ ਨੂੰ ਟਿਕਟ ਖਿੜਕੀ ਤੱਕ ਲੈ ਕੇ ਆਉਂਦਾ ਹੈ, ਅੰਤ ਨੂੰ ਚੱਲਦੀ ਤਾਂ ਸਕਰਿਪਟ ਹੀ ਹੈ। ਇਕੋ ਦਿਨ ਰਿਲੀਜ਼ ਹੋਈਆਂ ‘ਅਰਦਾਸ’ ਅਤੇ ‘ਲਵ ਪੰਜਾਬ’ ਨੇ ਇਹ ਵੀ ਅਹਿਸਾਸ ਕਰਵਾਇਆ ਕਿ ਕਈ ਵਾਰ ਮੁਕਾਬਲਾ ਨੁਕਸਾਨ ਦੀ ਜਗ•ਾ ਲਾਹੇਵੰਦ ਵੀ ਸਾਬਤ ਹੁੰਦਾ ਹੈ ਬਸਰਤੇ ਤੁਹਾਨੂੰ ਦਰਸ਼ਕਾਂ ਦੀ ਨਬਜ਼ ਫੜ•ਨੀ ਆਉਂਣੀ ਜ਼ਰੂਰੀ ਹੈ। ਇਸ ਵਰ•ੇ ਕਈ ਫ਼ਿਲਮਾਂ ਛੁਰਲੀ ਵਾਂਗ ਉਤਾਂਹ ਨੂੰ ਗਈਆਂ, ਪਰ ਮਸਾਲਾ ਖ਼ਤਮ ਹੁੰਦਿਆਂ ਹੀ ਜ਼ਮੀਨ ‘ਤੇ ਆ ਡਿੱਗੀਆਂ। ਪਰ ਹਾਂ, ਵਿਸ਼ਾ ਪੱਖ ਤੋਂ ਜ਼ਰੂਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਕਾਮੇਡੀ ਦੇ ਨਾਲ ਨਾਲ ਰੁਮਾਂਟਿਕ ਡਰਾਮਾ, ਐਕਸ਼ਨ, ਧਾਰਮਿਕ ਅਤੇ ਔਰਤ ਪ੍ਰਧਾਨ ਫ਼ਿਲਮਾਂ ਵੀ ਪਰਦਾਪੇਸ਼ ਹੋਈਆਂ। ਜੇਕਰ ਕਥਿਤ ਤੌਰ ‘ਤੇ ਵਿੱਤੀ ਪੱਖ ਤੋਂ ਸਫ਼ਲ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ‘ਚ ਅਰਦਾਸ, ਲਵ ਪੰਜਾਬ, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਦਾ ਨਾਂ ਸ਼ਾਮਲ ਹੈ। ਹੈਰੀ ਬਵੇਜਾ ਦੀ ‘ਚਾਰ ਸਾਹਿਬਜ਼ਾਦੇ 2’ ਵੀ ਇਸ ਸੂਚੀ ‘ਚ ਸ਼ਾਮਲ ਹੈ। ਪਰ ਇਸ ਫ਼ਿਲਮ ਨੇ Àਸ ਪੱਧਰ ‘ਤੇ ਬਿਜ਼ਨਸ ਨਹੀਂ ਕੀਤਾ, ਜੋ ‘ਚਾਰ ਸਾਹਿਬਜ਼ਾਦੇ’ ਨੇ ਕੀਤਾ ਸੀ। ਮੇਕਿੰਗ ਦੇ ਪੱਖੋਂ ਇਹ ਫ਼ਿਲਮ ਬਹੁਤ ਹੀ ਪ੍ਰਤਿਭਾਸ਼ਾਲੀ ਫ਼ਿਲਮ ਹੈ। ਇਸ ਪੱਧਰ ਦੀ ਐਨੀਮੇਸ਼ਨ ਫ਼ਿਲਮ ਤਾਂ ਹਲੇ ਹਿੰਦੀ ਸਿਨੇਮੇ ਨੂੰ ਵੀ ਨਸੀਬ ਨਹੀਂ ਹੋਈ। ਉਂਝ ਦਿਲਜੀਤ ਦੀਆਂ ਫ਼ਿਲਮਾਂ ‘ਅੰਬਰਸਰੀਆ’ ਤੇ ‘ਸਰਦਾਰ ਜੀ ਰਿਟਰਨ’ ਵੀ ਘਾਟੇ ਵਾਲੀ ਲਿਸਟ ‘ਚ ਸ਼ਾਮਲ ਨਹੀਂ ਮੰਨੀਆ ਜਾ ਸਕਦੀਆਂ। ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਅਜਿਹੀਆਂ ਹਨ ਜਿਹੜੀਆਂ ਥੋੜਾ ਬਹੁਤ ਚੱਲੀਆਂ, ਪਰ ਮੁਨਾਫ਼ਾ ਨਹੀਂ ਕਮਾਇਆ। ਬਹੁਤੀਆਂ ਫ਼ਿਲਮਾਂ ਨੇ ਤਾਂ ਆਪਣੀ ਲਾਗਤ ਦਾ 10 ਫ਼ੀਸਦੀ ਹਿੱਸਾ ਵੀ ਨਹੀਂ ਕਮਾਇਆ।
ਸਫ਼ਲ ਫ਼ਿਲਮਾਂ ਲਈ ਮੂਲ ਮੰਤਰ ਸਮਝੀ ਜਾ ਰਹੀ ਕਾਮੇਡੀ ਨਾਲੋਂ ਇਸ ਸਾਲ ਦਰਸ਼ਕਾਂ ਨੇ ਪਰਿਵਾਰਕ ਡਰਾਮਾ ਫ਼ਿਲਮਾਂ ਜ਼ਿਆਦਾ ਪਸੰਦ ਕੀਤੀਆਂ। ਇਸ ਵਰ•ੇ ਰਵਾਇਤੀ ਜਾਮੂਦ ਨੂੰ ਤੋੜਦਿਆਂ ਚੰਨੋ, ਗੇਲੋ ਅਤੇ ਨਿਧੀ ਸਿੰਘ ਤਿੰਨ ਔਰਤ ਪ੍ਰਧਾਨ ਫ਼ਿਲਮਾਂ ਵੀ ਆਈਆਂ। ਰਾਮ ਸਰੂਪ ਅਣਖੀ ਦੇ ਨਾਵਲ ਗੇਲੋ ‘ਤੇ ਉਸੇ ਨਾਂ ਨਾਲ ਬਣੀ ਇਸ ਫ਼ਿਲਮ ਨੂੰ ਸਾਹਿਤਕ ਹਲਕਿਆਂ ‘ਚ ਪਸੰਦ ਕੀਤਾ ਗਿਆ, ਪਰ ਕਮਰਸ਼ੀਅਲ ਤੌਰ ‘ਤੇ ਇਹ ਫ਼ਿਲਮ ਮਾਰ ਖਾ ਗਈ। ਇਸ ‘ਚ ਜਸਪਿੰਦਰ ਚੀਮਾ ਨੇ ਮੁੱਖ ਭੂਮਿਕਾ ਨਿਭਾਈ ਸੀ। ਨੀਰੂ ਬਾਜਵਾ ਅਭਿਨੀਤ ‘ਚੰਨੋ’ ਫ਼ਿਲਮ ਨੂੰ ਪਸੰਦ ਕੀਤਾ ਗਿਆ। ‘ਨਿਧੀ ਸਿੰਘ’ ਫ਼ਿਲਮ ਮਾੜੀ ਡਾਇਰੈਕਸ਼ਨ ਦੀ ਭੇਂਟ ਚੜ• ਗਈ। ਇਸ ਫ਼ਿਲਮ ‘ਚ ਕੁਲਰਾਜ ਰੰਧਾਵਾ ਮੁੱਖ ਭੁਮਿਕਾ ‘ਚ ਸੀ। ਇਸ ਸਾਲ ‘ਦੇਸੀ ਮੁੰਡੇ’ ਵਰਗੀਆਂ ਕੁਝ ਫ਼ਿਲਮਾਂ ਵੀ ਆਈਆਂ, ਜਿਹੜੀਆਂ ਲੰਮੇ ਸਮੇਂ ਤੋਂ ਡੱਬਿਆਂ ‘ਚ ਬੰਦ ਸਨ। ਪਰ ਇਹਨਾਂ ਫ਼ਿਲਮਾਂ ਦਾ ਹਸ਼ਰ ਤਰਸਯੋਗ ਰਿਹਾ। ਸਮੀਪ ਕੰਗ ਨੇ ਮਲਿਆਲਮ ਫ਼ਿਲਮ ‘ਸ਼ਟਰ’ ਦਾ ਪੰਜਾਬੀ ‘ਚ ‘ਲੌਕ’ ਦੇ ਨਾਂ ਹੇਠ ਰੀਮੇਕ ਵੀ ਬਣਾਇਆ। ਇਕ ਬੋਲਡ ਵਿਸ਼ੇ ‘ਤੇ ਬਣੀ ਇਹ ਫ਼ਿਲਮ ਦਰਸ਼ਕਾਂ ਦੇ ਹਜ਼ਮ ਨਹੀਂ ਆਈ। ਸਮੀਪ ਵੀ ਇਸ ਬੋਲਡ ਫ਼ਿਲਮ ਨੁੰ ਪਰਿਵਾਰਕ ਫ਼ਿਲਮਾਂ ਬਣਾਉਂਦਾ ਬਣਾਉਂਦਾ ਟਪਲਾ ਖਾ ਗਿਆ। ਥੀਏਟਰ ਗਰੁੱਪ ਰੈਡ ਆਰਟਸ ਦੇ ਰੰਗਕਰਮੀਆਂ ਨੇ ਉਦਮ ਕਰਦਿਆਂ ‘ਪੰਜਾਬ 2016’ ਨਾਂ ਦੀ ਫ਼ਿਲਮ ਬਣਾਈ। ਇਹ ਫ਼ਿਲਮ ਅਦਬੀ ਤੇ ਸੰਜੀਦਾ ਹਲਕਿਆਂ ‘ਚ ਚੰਗੀ ਚੱਲੀ, ਪਰ ਕਮਰਸ਼ੀਅਲ ਫ਼ਿਲਮਾਂ ‘ਚ ਸ਼ਾਮਲ ਨਹੀਂ ਹੋ ਸਕੀ, ਪਰ ਫ਼ਿਲਮ ਦੀ ਟੀਮ ਦੀ ਸ਼ਲਾਘਾ ਜ਼ਰੂਰ ਹੋਈ। ਇਸ ਸਾਲ ਸਫ਼ਲ ਹੋਈਆਂ ਫ਼ਿਲਮਾਂ ਦੀ ਜੇ ਪੜਚੋਲ ਕੀਤੀ ਜਾਵੇ ਤਾਂ ਇਹਨਾਂ ਫ਼ਿਲਮਾਂ ਦੇ ਸਫ਼ਲ ਹੋਣ ਪਿੱਛੇ ਇਕੋ ਅਹਿਮ ਕਾਰਨ ਰਿਹਾ ਕਿ ਇਹ ਫ਼ਿਲਮ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜੀਆਂ ਹੋਈਆਂ ਸਨ। ਇਹ ਫ਼ਿਲਮਾਂ ਬੇਸਿਰ- ਪੈਰ ਦੀਆਂ ਕਹਾਣੀਆਂ, ਘਿਸੇ ਪਿਟੇ ਬੰਬਈਆ ਫਾਰਮੂਲਿਆਂ ਤੋਂ ਦੂਰ ਸਨ। ਪੰਜਾਬੀ ਦਰਸ਼ਕ ਅਜਿਹੀਆਂ ਫ਼ਿਲਮਾਂ ਨੂੰ ਹੀ ਹੁੰਗਾਰਾ ਦਿੰਦੇ ਹਨ, ਜੋ ਘੱਟ ਘੱਟ ਉਹਨਾਂ ਦੇ ਜੀਵਨ ਦਾ ਖਾਕਾ ਪੇਸ਼ ਕਰਨ। ਜਿਵੇਂ ਕਿ ਲਵ ਪੰਜਾਬ, ਅਰਦਾਸ, ਬੰਬੂਕਾਟ ਤੇ ਨਿੱਕਾ ਜੈਲਦਾਰ ਵਰਗੀਆਂ ਫ਼ਿਲਮਾਂ ਨੇ ਕੀਤਾ। ਜੇ ਦਰਸ਼ਕਾਂ ਨੇ ਸਟੰਟ ਅਤੇ ਹਿੰਦੀ ਫ਼ਿਲਮਾਂ ਦੇ ਤਰਜ਼ਮੇ ਅਤੇ ਹਲਕੇ ਪੱਧਰ ਦੇ ਆਈਟਮ ਸੌਂਗ ਅਤੇ ਕਾਲਜੀ ਮੁੰਡਿਆਂ ਦੀਆਂ ਕਹਾਣੀਆਂ ਹੀ ਦੇਖਣੀਆਂ ਹਨ ਤਾਂ ਉਹ ਆਤਿਸ਼ਬਾਜ਼ੀ ਇਸ਼ਕ, ਟੇਸ਼ਨ, ਕੈਨੇਡਾ ਦੀ ਫ਼ਲਾਈਟ, ਲਕੀਰਾਂ ਤੇ ਮੈਂ ਤੇਰੀ ਤੂੰ ਮੇਰਾ ਵਰਗੀਆਂ ਫ਼ਿਲਮਾਂ ਦੇਖਣ ਦੀ ਥਾਂ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਹੀ ਤਰਜ਼ੀਹ ਦੇਣਗੇ। ਪੰਜਾਬੀ ਫ਼ਿਲਮਾਂ ਦੀ ਰੀੜ• ਹੱਡੀ ਮੰਨੇ ਜਾਣ ਵਾਲੇ ਕਾਮੇਡੀ ਕਲਾਕਾਰ ਵੀ ਇਸ ਸਾਲ ਕੋਈ ਬਹੁਤਾ ਕਮਾਲ ਨਹੀਂ ਦਿਖਾ ਸਕੇ, ਪਰ ਬੀਨੂੰ ਢਿੱਲੋਂ ਦੀ ਜ਼ਰੂਰ ਝੰਡੀ ਰਹੀ। ਬੀਨੂੰ ਦੇ ਫ਼ਿਲਮ ਕਰੀਅਰ ਲਈ ਇਹ ਸਾਲ ਅਹਿਮ ਰਿਹਾ। ਇਸ ਸਾਲ ਬੀਨੂੰ ਦੀ ਮੁੱਖ ਭੂਮਿਕਾ ਵਾਲੀਆਂ ਦੋ ਫ਼ਿਲਮਾਂ ‘ਚੰਨੋ’ ਅਤੇ ‘ਦੁੱਲਾ ਭੱਟੀ’ ਰਿਲੀਜ਼ ਹੋਈਆਂ। ਅਜਿਹੇ ਬਹੁਤ ਘੱਟ ਮੌਕੇ ਆਏ ਜਦੋਂ ਕਿ ਮਜੱਹੀਆ ਕਲਾਕਾਰ ਨੂੰ ਕਿਸੇ ਫ਼ਿਲਮ ਦਾ ਮੁੱਖ ਪਾਤਰ ਯਾਨੀਕਿ ਨਾਇਕ ਬਣਾ ਕੇ ਪੇਸ਼ ਕੀਤਾ ਗਿਆ ਹੋਵੇ। ਇਹਨਾਂ ‘ਚੋਂ ‘ਚੰਨੋ’ ਫ਼ਿਲਮ ਨੂੰ ਵਧੀਆ ਹੰਗਾਰਾ ਮਿਲਿਆ ਸੀ, ਜਦੋਂ ਕਿ ‘ਦੁੱਲਾ ਭੱਟੀ’ ਸੁਪਰ ਫ਼ਲਾਪ ਰਹੀ। ਉਂਝ ਬੰਬੂਕਾਟ ਦੀ ਸਫ਼ਲਤਾ ‘ਚ ਬੀਨੂੰ ਦਾ ਵੱਡਾ ਯੋਗਦਾਨ ਰਿਹਾ। ਪੰਜਾਬੀ ਫ਼ਿਲਮਾਂ ਦੇ ਹੀਰੋਜ਼ ਦੇ ਮਾਮਲੇ ‘ਚ ਇਸ ਐਮੀ ਵਿਰਕ ਨੇ ਮੇਲਾ ਲੁੱਟਿਆ। ਅਮਰਿੰਦਰ ਗਿੱਲ ਨਾਲ ‘ਅੰਗਰੇਜ਼’ ਜ਼ਰੀਏ ਫ਼ਿਲਮ ਸਕਰੀਨ ‘ਤੇ ਆਏ ਐਮੀ ਦੀਆਂ ਇਸ ਸਾਲ ਤਿੰਨ ਫ਼ਿਲਮਾਂ ‘ਬੰਬੂਕਾਟ’, ‘ਨਿੱਕਾ ਜ਼ੈਲਦਾਰ’ ਅਤੇ ‘ਅਰਦਾਸ’ ਆਈਆਂ। ਇਹਨਾਂ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਚੰਗਾ ਅਸਰ ਦਿਖਾਇਆ। ‘ਅਰਦਾਸ’ ਵਿੱਚ ਭਾਵੇ ਐਮੀ ਕਰਨ ਕਰਨ ਨੂੰ ਜ਼ਿਆਦਾ ਕੁਝ ਨਹੀਂ ਸੀ ਕਿ ਬਾਕੀ ਦੋ ਫ਼ਿਲਮਾਂ ਨੇ ਐਮੀ ਦੇ ਨਾਂ ਅਗਲੇ ਕੁਝ ਸਾਲ ਕਰ ਦਿੱਤੇ। ਇਸੇ ਸਾਲ ਹੀ ਪੰਜਾਬੀ ਦੇ ਚੋਟੀ ਦੇ ਹੀਰੋਆਂ ਦੀ ਲਿਸਟ ‘ਚ ਹਿਲਜੁਲ ਹੋਈ। ਕਦੇ ਗਿੱਪੀ ਅਤੇ ਦਿਲਜੀਤ ਦੀ ਸਲਤਨਤ ਸਮਝੀ ਜਾਂਦੀ ਇਸ ਇੰਡਸਟਰੀ ‘ਚ ਹੁਣ ਅਮਰਿੰਦਰ ਗਿੱਲ ਅਤੇ ਐਮੀ ਵਿਰਕ ਦਾ ਨਾਂ ਵੀ ਮੂਹਰੇ ਆਇਆ ਹੈ। ਇਹਨਾਂ ‘ਚ ਇਸ ਵੇਲੇ ਸਭ ਤੋਂ ਵੱਧ ਫ਼ਿਲਮਾਂ ਅਮਰਿੰਦਰ ਗਿੱਲ ਤੇ ਐਮੀ ਵਿਰਕ ਕੋਲ ਹਨ। ਇਸੇ ਵਰ•ੇ ਪੰਜਾਬੀ ਸਿਨਮੇ ਨੂੰ ਕਈ ਨਵੀਆਂ ਹੀਰੋਇਨਾਂ ਵੀ ਮਿਲੀਆਂ ਹਨ, ਜਿਨ•ਾਂ ‘ਚੋਂ ਤੇਜ਼ੀ ਨਾਲ ਉਭਰ ਕੇ ਸਿੰਮੀ ਚਾਹਲ ਅਤੇ ਸਰਗੁਣ ਮਹਿਤਾ ਦਾ ਨਾਂ ਆਇਆ ਹੈ। ਉਂਝ ਸੋਨਮ ਬਾਜਵਾ ਇਸ ਸਾਲ ਛਾਈ ਰਹੀ। ਤ੍ਰਾਸਦੀ ਇਹ ਵੀ ਹੈ ਕਿ ਜਿਹੜੇ ਕਲਾਕਾਰਾਂ ਦੀਆਂ ਫ਼ਿਲਮਾਂ ਚੱਲ ਰਹੀਆਂ ਹਨ ਉਹ ਆਪਣੇ ਰੇਟ ਦੁੱਗਣੇ ਤਿੱਗੜੇ ਕਰ ਰਹੇ ਹਨ। ਜਿਸ ਕਾਰਨ ਪੰਜਾਬੀ ਫ਼ਿਲਮਾਂ ਦੀ ਮੇਕਿੰਗ ਬਜ਼ਟ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੰਜਾਬੀ ਫ਼ਿਲਮਾਂ ਦਾ ਬਜਟ ਹੁਣ ਏਨਾ ਕੁ ਵਧ ਗਿਆ ਹੈ ਕਿ ਕਈ ਫ਼ਿਲਮਾਂ ਨੂੰ ਜੇ ਦੋ ਮਹੀਨੇ ਵੀ ਹਾਊਸ ਫੁੱਲ ਮਿਲੇ ਤਾਂ ਵੀ ਉਹ ਆਪਣੀ ਲਾਗਤ ਪੂਰੀ ਨਹੀਂ ਕਰ ਸਕਦੀਆਂ। ਸਿਤਮ ਇਹ ਹੈ ਕਿ ਪੰਜਾਬੀ ਫ਼ਿਲਮਾਂ ਦਾ ਬਜ਼ਟ 7 ਕਰੋੜ ਤੱਕ ਪਹੁੰਚ ਗਿਆ ਹੈ, ਜਦਕਿ ਪੰਜਾਬੀ ਫ਼ਿਲਮਾਂ ਦਾ ਬਜ਼ਟ ਤਿੰਨ ਤੋਂ ਸਾਢੇ ਤਿੰਨ ਕਰੋੜ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਸਭ ਕਾਸੇ ਲਈ ਨਿਰਸੰਦੇਹ ਸਿੰਗਰ -ਸਟਾਰ -ਕਮੇਡੀਅਨ ਤੇ ਤਿਕੋੜ ‘ਚ ਫ਼ਸੇ ਅੱਧ ਕਚਰੇ ਨਿਰਮਾਤਾ -ਨਿਰਦੇਸ਼ਕ ਤੇ ਡਿਸਟੀਬਿਊਟਰ ਜ਼ਿੰਮੇਵਾਰ ਹਨ, ਜਿਨ•ਾਂ ਨੂੰ ਪੰਜਾਬੀ ਦਰਸ਼ਕਾਂ ਦੀ ਸਮਝ ‘ਤੇ ਸ਼ੱਕ ਹੈ। ਪੰਜਾਬੀ ਸਿਨਮੇ ਦੀ ਇਸ ਘੁੰਮਣਘੇਰੀ ‘ਚ ਫਸੀ ਇਸ ਹਾਲਤ ‘ਚੋਂ ਨਿਕਲਣ ਦੇ ਦੋ ਹੀ ਰਾਹ ਹਨ। ਜਾਂ ਤਾਂ ਇਹੋ ਪੰਜਾਬੀ ਨਿਰਮਾਤਾ- ਨਿਰਦੇਸ਼ਕ ਆਪਣੇ ਦਰਸ਼ਕ ਬਦਲ ਲੈਣ ਜਾਂ ਪੰਜਾਬੀ ਦਰਸ਼ਕਾਂ ਬਾਰੇ ਆਪਣੀ ਰਾਇ।
ਨਵੇਂ ਚਿਹਰਿਆਂ ਦੀ ਹੋਈ ਸ਼ੁਰੂਆਤ
ਇਸ ਸਾਲ ਕਈ ਨਵੇਂ ਅਦਾਕਾਰਾਂ ਨੇ ਵੀ ਬਤੌਰ ਹੀਰੋ ਪੰਜਾਬੀ ਸਿਨਮੇ ‘ਚ ਆਪਣੀ ਸ਼ੁਰੂਆਤ ਕੀਤੀ। ਜਿਨ•ਾਂ ‘ਚ ਬਤੌਰ ਹੀਰੋ ਐਮੀ ਵਿਰਕ ਨੇ ‘ਬੰਬੂਕਾਟ’ ਰਾਹੀਂ, ਹੈਪੀ ਰਾਏਕੋਟੀ ਨੇ ‘ਟੇਸ਼ਨ’ ਰਾਹੀਂ, ਦਿਲਪ੍ਰੀਤ ਢਿੱਲੋਂ ਨੇ ‘ਵੰਨਸ ਓਪਨ ਇਨ ਅੰਮ੍ਰਿਤਸਰ’, ਕੈਲੀ ਰੇਵ ਨੇ ‘ਕਿੱਲਰ ਪੰਜਾਬੀ’, ਦੇਵ ਸਿੰਘ ਗਿੱਲ, ‘ਸਾਡੇ ਸੀਐਮ ਸਾਹਬ’, ਵਿਕਰਮ ਰਾਂਝਾ ਨੇ ’25 ਕਿੱਲੇ’, ਬਲਕਾਰ ਸਿੱਧੂ ਨੇ ‘ਦੇਸੀ ਮੁੰਡੇ’ ਤੇ ਹਰਮਨ ਵਿਰਕ ਨੇ ‘ਲਕੀਰਾ’ ਨਾਲ ਆਪਣੀ ਸ਼ੁਰੂਆਤ ਕੀਤੀ। ਉਂਝ ਪੰਜਾਬੀ ਗਾਇਕ ਪੰਮੀ ਬਾਈ ਵੀ ‘ਦਾਰਾ’ ਫ਼ਿਲਮ ਵੱਡੇ ਪਰਦੇ ‘ਤੇ ਨਜ਼ਰ ਆਏ। ਇਹਨਾਂ ‘ਚੋਂ ਸਿਰਫ ਐਮੀ ਵਿਰਕ ਨੂੰ ਹੀ ਬਤੌਰ ਹੀਰੋ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲਿਆ।
ਨਵੇਂ ਡਾਇਰੈਕਟਰਾਂ ਦੇ ਹੱਥ ਰਹੀ ਡੋਰ
ਇਸ ਸਾਲ ਰਿਲੀਜ਼ ਹੋਈਆਂ ਜ਼ਿਆਦਾਤਰ ਫ਼ਿਲਮਾਂ ਨੂੰ ਨਵੇਂ ਡਾਇਰੈਕਟਰਾਂ ਨੇ ਨਿਰਦੇਸ਼ਤ ਕੀਤਾ। ਭਾਵ ਕਈ ਨਵੇਂ ਡਾਇਰੈਕਟਰਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਸਾਲ ਨਵੇਂ ਨਿਰਦੇਸ਼ਕ ਗਗਨਦੀਪ ਸਿੰਘ ਨੇ ‘ਵੇਕਪ ਸਿੰਘ’, ਸਤਿਆਜੀਤਪੁਰੀ ਨੇ ਬੌਰਨ ਟੂ ਬੀ ਕਿੰਗ, ਗਿੱਪੀ ਗਰੇਵਾਲ ਨੇ ਅਰਦਾਸ, ਰਾਜੀਵ ਧੀਂਗੜਾ ਨੇ ਲਵ ਪੰਜਾਬ, ਰੁਪੇਸ਼ ਰਾਏ ਨੇ ਕੈਨੇਡਾ ਦੀ ਫ਼ਲਾਈਟ, ਦੀਪ ਜੋਸ਼ੀ ਨੇ ਬਠਿੰਡਾ ਐਕਸਪ੍ਰੈਸ, ਜਗਮੀਤ ਸਿੰਘ ਸੁਮੰਦਰੀ ਨੇ ਸਾਕਾ ਨਾਨਕਾਣਾ ਸਾਹਿਬ, ਵਿਨਿਲ ਮਾਰਕਿਨ ਨੇ ਜ਼ੋਰਾਵਰ, ਲਖਵੀਰ ਨੇ ਕਿੱਲਰ ਪੰਜਾਬੀ, ਵਿਪਿਨ ਪ੍ਰਾਸ਼ਰ ਨੇ ਸਾਡੇ ਸੀਐਮ ਸਾਹਬ, ਰਾਕੇਸ਼ ਮਹਿਤਾ ਨੇ ਵਾਪਸੀ, ਜੈਡੀ ਢਾਂਡਾ ਨੇ ਨਿਧੀ ਸਿੰਘ, ਮਨਭਾਵਨ ਸਿੰਘ ਨੇ ਗੇਲੋ, ਪ੍ਰਵੀਨ ਕੁਮਾਰ ਨੇ ਦਾਰਾ, ਸਰਤਾਜ ਸਿੰਘ ਪੰਨੂ ਨੇ ਟਾਈਗਰ, ਬੱਬਲ ਚੋਪੜਾ ਨੇ ਸਿੰਘ ਡਾਟ ਕਾਮ, ਅੰਮ੍ਰਿਤ ਧਵਨ ਨੇ ਆਤਿਸ਼ਬਾਜ਼ੀ ਇਸ਼ਕ, ਇੰਦਰਜੀਤ ਬਾਂਸਲ ਨੇ ਦੇਸੀ ਮੁੰਡੇ, ਜੇ ਐਸ ਚੀਮਾ ਨੇ ਲਕੀਰਾਂ ਅਤੇ ਬਲਰਾਜ ਸਾਗਰ ਨੇ ਪੰਜਾਬ 2016 ਨੇ ਆਪਣੀ ਸ਼ੁਰੂਆਤ ਕੀਤੀ। ਇਹਨਾਂ ‘ਚੋਂ ਗਿੱਪੀ ਗਰੇਵਾਲ ਅਰਦਾਸ ਨਾਲ ਅਤੇ ਰਾਜੀਵ ਧੀਂਗੜਾ ‘ਲਵ ਪੰਜਾਬ’ ਫ਼ਿਲਮ ਨਾਲ ਮੋਹਰੀ ਰਹੇ। ਪੁਰਾਣੇ ਨਿਰਦੇਸ਼ਕਾਂ ‘ਚੋਂ ਇਸ ਸਾਲ ਪੰਕਜ ਬਤਰਾ, ਸਮੀਪ ਕੰਗ ਤੇ ਮੁਨਦੀਪ ਕੁਮਾਰ ਦੀਆਂ ਇਸ ਸਾਲ ਦੋ- ਦੋ ਫ਼ਿਲਮਾਂ ਰਿਲੀਜ਼ ਹੋਈਆਂ।
95016 33900

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਨੂੰ ਮਿਲਿਆ ਐਕਸ਼ਨ ਹੀਰੋ: ਦਲਜੀਤ ਕਲਸੀ

ਹੁਣ ਸਿਨੇਮਾ ਮਾਲਕਾਂ ਨੂੰ ਹਰ ਹਾਲਤ ‘ਚ ਦਿਖਾਉਣਗੀ ਪਵੇਗੀ ਪੰਜਾਬੀ ਫ਼ਿਲਮ,  ਸਰਕਾਰ ਨੇ ਜਾਰੀ ਕੀਤੇ ਹੁਕਮ