in

ਵਿੱਕੀ ਮਿੱਡੂਖੇੜਾ ਕਤਲ ਕੇਸ ‘ਚ ਸਿੱਧੂ ਮੂਸੇਵਾਲਾ ਤੋਂ ਪੁੱਛਗਿੱਛ ਦੀ ਮੰਗ, ਮੈਨੇਜਰ ਹੋਇਆ ਫਰਾਰ

ਮੋਹਾਲੀ : ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਤਲ ਕੇਸ ਦੀ ਜਾਂਚ ਦੀ ਸੂਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਵੀ ਘੁੰਮ ਸਕਦੀ ਹੈ। ਇਸ ਮਾਮਲੇ ਵਿਚ ਗਾਇਕ ਦਾ ਮੈਨੇਜਰ ਸ਼ਗਨਪ੍ਰੀਤ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਦੇ ਹੱਥ ਚੌਥੇ ਸ਼ਾਰਪ ਸ਼ੂਟਰ ਦਾ ਵੀ ਸੁਰਾਗ ਨਹੀਂ ਲੱਗਾ ਹੈ। ਮ੍ਰਿਤਕ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਸਿੱਧੂ ਮੂਸੇਵਾਲਾ ਦੀ ਕਾਲ ਡਿਟੇਲ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਸ਼ਗਨਪ੍ਰੀਤ ਨੇ ਵਿੱਕੀ ਦੀ ਰੇਕੀ ਕਰਵਾਈ ਸੀ। ਉਸ ਨੇ ਪੁਲਸ ਨੂੰ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਉਸ ਦੇ ਭਰਾ ਦੇ ਕਤਲ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੌਣ-ਕੌਣ ਲੋਕ ਸ਼ਾਮਲ ਹਨ।

ਮੋਹਾਲੀ ਪੁਲਸ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ ਸ਼ਗਨਪ੍ਰੀਤ ਨੇ ਵਿੱਕੀ ਨੂੰ ਮਾਰਨ ‘ਚ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਸੀ। ਇਸ ਵਿਚ ਸੈਕਟਰ-71 ਵਿਚਲੇ ਮਕਾਨ ਦੀ ਰੇਕੀ ਕਰਵਾਉਣਾ ਵੀ ਸ਼ਾਮਲ ਹੈ। ਤਿੰਨ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਹ ਲਾਪਤਾ ਹੈ। ਅਜੈਪਾਲ ਅਨੁਸਾਰ ਫੜੇ ਗਏ ਗੈਂਗਸਟਰਾਂ ਨੇ ਸ਼ਗਨਪ੍ਰੀਤ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਉਹ ਪੁਲਸ ਨੂੰ ਸਫ਼ਾਈ ਦੇਣ ਵੀ ਨਹੀਂ ਆਇਆ। ਅਜੈਪਾਲ ਨੇ ਕਿਹਾ ਕਿ ਅਜਿਹੇ ‘ਚ ਸਿੱਧੂ ਮੂਸੇਵਾਲਾ ਤੋਂ ਸ਼ਗਨਪ੍ਰੀਤ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।

ਮੂਸੇਵਾਲਾ ਤੇ ਹੋਰ ਲੋਕਾਂ ਤੋਂ ਵੀ ਇਸ ਕੇਸ ਵਿਚ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਸ਼ਗਨਪ੍ਰੀਤ ਲੰਮੇ ਸਮੇਂ ਤੋਂ ਮੂਸੇਵਾਲਾ ਨਾਲ ਕੰਮ ਕਰ ਰਿਹਾ ਹੈ। ਹਰ ਹਵਾਈ ਅੱਡੇ ‘ਤੇ ਸ਼ਗਨਪ੍ਰੀਤ ਦਾ ਲੁੱਕ ਆਊਟ ਸਰਕੂਲਰ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕੇ। ਅਜੈਪਾਲ ਨੇ ਸ਼ਗਨਪ੍ਰੀਤ ਦੇ ਕਈ ਤਾਕਤਵਰ ਸਿਆਸੀ ਲੋਕਾਂ ਨਾਲ ਜੁੜੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਅਜਿਹੇ ‘ਚ ਮਾਮਲੇ ਨਾਲ ਜੁੜੇ ਸਬੂਤ ਵੀ ਨਸ਼ਟ ਹੋ ਸਕਦੇ ਹਨ।

ਵਿੱਕੀ ਮਿੱਡੂਖੇੜਾ ਕਤਲ ਕਾਂਡ ਦੇ ਤਿੰਨ ਸ਼ੱਕੀ ਸ਼ਾਰਪ ਸ਼ੂਟਰਾਂ ਨੂੰ ਮੋਹਾਲੀ ਪੁਲਸ ਨੇ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਸੋਮਵਾਰ ਨੂੰ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਤੋਂ ਲਿਆਂਦਾ ਗਿਆ। ਇਨ੍ਹਾਂ ਵਿਚ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ ਲਾਠ (32) ਵਾਸੀ ਦਿੱਲੀ ਤੇ ਸੰਨੀ (20) ਵਾਸੀ ਕੁਰੂਕਸ਼ੇਤਰ ਸ਼ਾਮਲ ਹਨ। ਤਿੰਨਾਂ ਨੂੰ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ। 29 ਮਾਰਚ ਨੂੰ ਦਿੱਲੀ ਪੁਲਸ ਨੇ 10 ਤੋਂ ਵੱਧ ਗੈਂਗਸਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿਚ ਬੰਬੀਹਾ ਗਰੁੱਪ ਦੇ 3 ਗੈਂਗਸਟਰ ਵੀ ਸ਼ਾਮਲ ਸਨ। ਸੱਜਣ ਤੇ ਅਨਿਲ ਖ਼ਿਲਾਫ਼ ਕਤਲ ਤੇ ਫਿਰੌਤੀ ਦੇ 30 ਤੋਂ ਵੱਧ ਮਾਮਲੇ ਦਰਜ ਹਨ।

ਇਲਜ਼ਾਮਾਂ ਅਨੁਸਾਰ ਮਿੱਡੂਖੇਡ਼ਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਸ਼ਾਰਪ ਸ਼ੂਟਰ ਖਰੜ ਦੀ ਇਕ ਹਾਊਸਿੰਗ ਸੁਸਾਇਟੀ ਦੇ ਫਲੈਟ ਵਿਚ ਸ਼ਗਨਪ੍ਰੀਤ ਦੇ ਨਾਲ ਰਹਿੰਦੇ ਸਨ। ਅਜੈਪਾਲ ਮਿੱਡੂਖੇੜਾ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਸ਼ਗਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਸ ਦੇ ਸਾਥੀਆਂ ਦੀ ਕਾਲ ਡਿਟੇਲ, ਮੋਬਾਇਲ ਫ਼ੋਨ ਲੋਕੇਸ਼ਨ, ਮੋਬਾਇਲ ਡੰਪ ਡਾਟਾ, ਟਰੈਵਲ ਹਿਸਟਰੀ ਤੇ ਬੈਂਕ ਲੈਣ-ਦੇਣ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ ਹੈ। ਦਿੱਲੀ ਪੁਲਸ ਵਲੋਂ ਫੜੇ ਗਏ ਗੋਲੀਕਾਂਡ ਦੇ ਵੇਰਵੇ ਵੀ ਐੱਸ. ਐੱਸ. ਪੀ. ਤੋਂ ਸੰਭਾਲਣ ਦੀ ਮੰਗ ਕੀਤੀ ਗਈ ਹੈ।

ਸ਼ਗਨਪ੍ਰੀਤ ਤੇ ਸਿੱਧੂ ਮੂਸੇਵਾਲਾ 28 ਮਾਰਚ ਤੋਂ 2 ਅਪ੍ਰੈਲ ਤੱਕ ਦੁਬਈ ਵਿਚ ਇਕ ਸ਼ੋਅ ਕਰ ਰਹੇ ਸਨ। ਦੋਵੇਂ 2 ਅਪ੍ਰੈਲ ਨੂੰ ਵਾਪਸ ਭਾਰਤ ਆਏ ਸਨ। ਸ਼ਗਨਪ੍ਰੀਤ 6 ਅਪ੍ਰੈਲ ਨੂੰ ਅਚਾਨਕ ਗਾਇਬ ਹੋ ਗਿਆ ਸੀ। ਦਿੱਲੀ ਪੁਲਸ ਦੀ ਪੁੱਛਗਿੱਛ ਵਿਚ ਉਸ ਦਾ ਨਾਮ ਸਾਹਮਣੇ ਆਇਆ ਸੀ। ਅਜੈਪਾਲ ਅਨੁਸਾਰ ਇਸ ਕਤਲ ਦਾ ਅਸਲ ਕਾਰਨ ਸ਼ਗਨਪ੍ਰੀਤ ਹੀ ਦੱਸ ਸਕਦਾ ਹੈ। ਉਹ ਜਾਣਦਾ ਹੈ ਕਿ ਵਿੱਕੀ ਨੂੰ ਕਿਸ ਦੇ ਇਸ਼ਾਰੇ ‘ਤੇ ਮਾਰਿਆ ਗਿਆ ਸੀ। 6 ਤੋਂ 8 ਅਗਸਤ ਤੱਕ ਮੋਬਾਇਲ ਡਾਟਾ ਦੀ ਵਿਸ਼ੇਸ਼ ਖੋਜ ਕੀਤੀ ਜਾਵੇ। ਸ਼ਗਨਪ੍ਰੀਤ ਨੇ ਜਲ ਵਾਯੂ ਵਿਹਾਰ ਟਾਵਰ, ਖਰੜ ਵਿਖੇ ਸ਼ਾਰਪ ਸ਼ੂਟਰਾਂ ਨਾਲ ਮੁਲਾਕਾਤ ਕੀਤੀ ਤੇ ਉਹ ਉਨ੍ਹਾਂ ਦੇ ਸੰਪਰਕ ਵਿਚ ਸੀ।

Leave a Reply

Your email address will not be published. Required fields are marked *

ਯੂ. ਕੇ., ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’

ਕੀ ਤੁਸੀਂ ਜਾਣਦੇ ਹੋ ਇਨ੍ਹਾਂ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ?